ਪੰਜਾਬ ਦੀ ਰਾਜਨੀਤੀ ਦਾ ਸ਼ਾਹ-ਅਸਵਾਰ ਮੀਆਂ ਫ਼ਜ਼ਲ ਹੁਸੈਨ

ਪੰਜਾਬ ਦੀ ਰਾਜਨੀਤੀ ਦਾ ਸ਼ਾਹ-ਅਸਵਾਰ ਮੀਆਂ ਫ਼ਜ਼ਲ ਹੁਸੈਨ

ਮੀਆਂ ਫ਼ਜ਼ਲ ਹੁਸੈਨ ਦਾ ਬਟਾਲਾ ਪਿਆਰ

ਬਟਾਲਾ ਸ਼ਹਿਰ ਵੱਡੀਆਂ ਇਤਿਹਾਸਕ ਘਟਨਾਵਾਂ ਤੇ ਕਈ ਨਾਮੀ ਹਸਤੀਆਂ ਦਾ ਗਵਾਹ ਰਿਹਾ ਹੈ। ਬਟਾਲਾ ਦੀ ਧਰਤੀ ਵਿੱਚ ਅੱਜ ਵੀ ਕਈ ਨਾਮੀ ਹਸਤੀਆਂ ਦਫ਼ਨ ਹਨ ਜਿਨ੍ਹਾਂ ਨੇ ਇਤਿਹਾਸ ਨੂੰ ਮੋੜਾ ਦਿੱਤਾ ਸੀ। ਇਨ੍ਹਾਂ ਹਸਤੀਆਂ ਵਿਚੋਂ ਹੀ ਇੱਕ ਉੱਘੀ ਹਸਤੀ ਹੈ ਮੀਆਂ ਫ਼ਜ਼ਲ ਹੁਸੈਨ। ਮੀਆਂ ਫ਼ਜ਼ਲ ਹੁਸੈਨ ਬ੍ਰਿਟਸ਼ ਪੰਜਾਬ ਦੌਰਾਨ ਉਹ ਉੱਘੀ ਰਾਜਨੀਤਿਕ ਹਸਤੀ ਸਨ ਜਿਨ੍ਹਾਂ ਨੇ ਯੂਨੀਅਨਿਸਟ ਪਾਰਟੀ ਦਾ ਗਠਨ ਕੀਤਾ ਅਤੇ ਕਈ ਉੱਚ ਅਹੁਦਿਆਂ ਉੱਪਰ ਬਿਰਾਜ਼ਮਾਨ ਰਹੇ। ਉਹ ਮੁਹੰਮਦ ਅਲੀ ਜਿਨਾਹ ਦੇ ਪਾਕਿਸਤਾਨ ਬਣਾਉਣ ਦੇ ਫੈਸਲੇ ਦੇ ਖਿਲਾਫ ਸਾਂਝੇ ਵੱਡੇ ਪੰਜਾਬ ਦੇ ਹਾਮੀ ਸਨ।

ਮੀਆਂ ਫ਼ਜ਼ਲ ਹੁਸੈਨ ਦਾ ਜਨਮ ਭਾਵੇਂ ਸੰਨ 1877 ਵਿੱਚ ਪੇਸ਼ਾਵਰ ਵਿਖੇ ਹੋਇਆ ਸੀ ਪਰ ਉਨ੍ਹਾਂ ਦੇ ਖਾਨਦਾਨ ਦਾ ਸਬੰਧ ਬਟਾਲਾ ਸ਼ਹਿਰ ਨਾਲ ਸੀ। ਮੀਆਂ ਫ਼ਜ਼ਲ ਹੁਸੈਨ ਨੇ ਸਾਰੀ ਉਮਰ ਰਾਜਨੀਤੀ ਵਿੱਚ ਵੱਡੇ ਮੁਕਾਮ ਹਾਸਲ ਕੀਤੇ ਅਤੇ ਪੰਜਾਬ ਦੇ ਲੋਕਾਂ ਦੀ ਖਿਦਮਤ ਕੀਤੀ। ਉਨ੍ਹਾਂ ਦਾ ਬਟਾਲਾ ਸ਼ਹਿਰ ਨਾਲ ਲਗਾਵ ਵੀ ਬੇਸ਼ੁਮਾਰ ਸੀ ਅਤੇ ਉਹ ਹਮੇਸ਼ਾਂ ਬਟਾਲਾ ਵਿਖੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ। ਮੀਆਂ ਫ਼ਜ਼ਲ ਹੁਸੈਨ ਭਾਂਵੇਂ ਲਾਹੌਰ ਵਿਖੇ ਫੌਤ ਹੋਏ ਸਨ ਪਰ ਉਨ੍ਹਾਂ ਨੂੰ ਬਟਾਲਾ ਵਿਖੇ ਦਫਨਾਇਆ ਗਿਆ। ਅੱਜ ਵੀ ਬਟਾਲਾ ਸ਼ਹਿਰ ਵਿੱਚ ਉਨ੍ਹਾਂ ਦੀ ਕਬਰ ਇਸ ਗੱਲ ਦੀ ਗਵਾਹ ਹੈ ਕਿ ਉਨ੍ਹਾਂ ਨੇ ਮਰ ਕੇ ਵੀ ਬਟਾਲਾ ਨਹੀਂ ਛੱਡਿਆ।

ਮੀਆਂ ਫ਼ਜ਼ਲ ਹੁਸੈਨ ਦੇ ਪਿਤਾ ਦਾ ਨਾਮ ਮੀਆਂ ਹੁਸੈਨ ਬਖਸ਼ ਸੀ ਅਤੇ ਉਹ ਬਰਤਾਨੀਆਂ ਹਕੂਮਤ ਵਿੱਚ ਪੇਸ਼ਾਵਰ ਦੇ ਐਕਸਟਰਾ ਅਸਿਸਟੈਂਟ ਕਮਿਸ਼ਨਰ ਸਨ। ਉਨ੍ਹਾਂ ਦੇ ਖਾਨਦਾਨ ਦੇ ਕਈ ਰਿਸ਼ਤੇਦਾਰ ਬਟਾਲਾ ਸ਼ਹਿਰ ਵਿਖੇ ਰਹਿੰਦੇ ਸਨ ਅਤੇ ਉਨ੍ਹਾਂ ਦਾ ਓਥੇ ਚੰਗਾ ਨਾਮ ਸੀ। ਮੀਆਂ ਫ਼ਜ਼ਲ ਹੁਸੈਨ ਦੀ ਮੁਢਲੀ ਸਿੱਖਿਆ ਪੇਸ਼ਾਵਰ ਵਿਖੇ ਹੀ ਹੋਈ ਅਤੇ 16 ਸਾਲ ਦੀ ਚੜ੍ਹਦੀ ਉਮਰੇ ਮੀਆਂ ਫ਼ਜ਼ਲ ਹੁਸੈਨ ਸਰਕਾਰੀ ਕਾਲਜ ਲਾਹੌਰ ਵਿਖੇ ਪੜ੍ਹਨੇ ਪੈ ਗਏ। ਉਨ੍ਹਾਂ ਨੇ ਸੰਨ 1897 ਵਿੱਚ ਲਾਹੌਰ ਕਾਲਜ ਤੋਂ ਗਰੈਜੂਏਟ ਦੀ ਡਿਗਰੀ ਹਾਸਲ ਕੀਤੀ। ਆਲਮਾ ਇਕਬਾਲ ਫ਼ਜ਼ਲ ਹੁਸੈਨ ਦੇ ਜਮਾਤੀ ਅਤੇ ਚੰਗੇ ਮਿੱਤਰ ਸਨ। ਲਾਹੌਰ ਪੜ੍ਹਦਿਆਂ ਹੀ ਇਨ੍ਹਾਂ ਦੀ ਸ਼ਾਦੀ ਬੀਬੀ ਮੁਹੰਮਦ ਨਿਸਾ ਨਾਲ ਹੋ ਗਈ ਜੋ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦੇ ਤੋਪਚੀ ਇਲਾਹੀ ਬਖਸ਼ ਦੀ ਪੜਪੋਤੀ ਸਨ। ਵਿਆਹ ਤੋਂ ਇੱਕ ਸਾਲ ਬਾਅਦ ਸੰਨ 1898 ਵਿੱਚ ਫ਼ਜ਼ਲ ਹੁਸੈਨ ਅਗਲੀ ਪੜ੍ਹਾਈ ਲਈ ਇੰਗਲੈਂਡ ਚਲੇ ਗਏ ਅਤੇ ਓਥੇ ਉਨ੍ਹਾਂ ਨੇ ਕਰਾਈਸਟ ਕਾਲਜ, ਕੈਂਬਰਿਜ ਵਿਖੇ ਦਾਖਲਾ ਲੈ ਲਿਆ। ਓਥੇ ਉਨ੍ਹਾਂ ਨੇ ਓਰੀਐਂਟਲ ਲੈਂਗੂਏਜ਼ ਅਤੇ ਲਾਅ ਦੀ ਪੜ੍ਹਾਈ ਕੀਤੀ।

ਸੰਨ 1901 ਵਿੱਚ ਉਹ ਪੰਜਾਬ ਵਾਪਸ ਆ ਗਏ ਅਤੇ ਸਿਆਲਕੋਟ ਦੀ ਕਚਿਹਰੀ ਵਿੱਚ ਵਕਾਲਤ ਸ਼ੁਰੂ ਕਰ ਦਿੱਤੀ। ਸੰਨ 1905 ਵਿੱਚ ਉਹ ਲਾਹੌਰ ਹਾਈ ਕੋਰਟ ਦੇ ਜੱਜ ਬਣ ਗਏ ਅਤੇ 1920 ਤੱਕ ਉਨ੍ਹਾਂ ਓਥੇ ਹੀ ਵਕਾਲਤ ਕੀਤੀ। ਮੀਆਂ ਫ਼ਜ਼ਲ ਹੁਸੈਨ ਨੇ ਆਪਣੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ 1905 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਕੀਤੀ। ਉਹ ਸੰਨ 1916 ਵਿੱਚ ਪਹਿਲੀ ਵਾਰ ਪੰਜਾਬ ਲੈਜੀਸਲੇਟਿਵ ਕੌਂਸਲ ਦੇ ਮੈਂਬਰ ਚੁਣੇ ਗਏ। ਇਹ ਸੀਟ ਪੰਜਾਬ ਯੂਨੀਵਰਸਿਟੀ ਲਈ ਰਾਖਵੀਂ ਸੀ। ਉਨ੍ਹਾਂ ਨੇ ਉਸ ਸਮੇਂ ਦੀਆਂ ਸਮੱਸਿਆਵਾਂ ਤੇ ਰਾਜਨੀਤਿਕ ਹਲਾਤਾਂ ਨੂੰ ਸਮਝਣਾ ਸ਼ੁਰੂ ਕੀਤਾ। ਸੰਨ 1920 ਵਿਚ ਜਦੋਂ ਕਾਂਗਰਸ ਪਾਰਟੀ ਨੇ ਨਾ-ਮਿਲਵਰਣ ਅੰਦੋਲਨ ਸ਼ੁਰੂ ਕੀਤਾ ਤਾਂ ਇਸ ਦਾ ਵਿਰੋਧ ਕਰਦਿਆਂ ਮੀਆਂ ਫ਼ਜ਼ਲ ਹੁਸੈਨ ਕਾਂਗਰਸ ਪਾਰਟੀ ਤੋਂ ਵੱਖ ਹੋ ਗਏ। ਉਨ੍ਹਾਂ ਦਾ ਮੰਨਣਾ ਸੀ ਕਿ ਨਾ-ਮਿਲਵਰਣ ਅੰਦੋਲਨ ਪੰਜਾਬੀਆਂ ਲਈ ਫ਼ਾਇਦੇਮੰਦ ਨਹੀਂ ਹੈ ਅਤੇ ਇਸ ਨਾਲ ਹੋਰ ਖੇਤਰਾਂ ਦੇ ਨਾਲ ਸਿੱਖਿਆ ਦੇ ਖੇਤਰ ਵਿੱਚ ਬਹੁਤ ਮਾੜਾ ਅਸਰ ਪਵੇਗਾ, ਜਿਸ ਨਾਲ ਪੰਜਾਬ ਹੋਰ ਪੱਛੜੇਪਨ ਵੱਲ ਧੱਕਿਆ ਜਾਵੇਗਾ। ਉਨ੍ਹਾਂ ਨੇ ਨਾ-ਮਿਲਵਰਤਣ ਅੰਦੋਲਨ ਦੇ ਵਿਰੋਧ ਵਜੋਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ।

ਇਸ ਤੋਂ ਬਾਅਦ ਮੀਆਂ ਫ਼ਜ਼ਲ ਹੁਸੈਨ ਮੁਸਲਿਮ ਲੈਂਡਓਨਰ ਰੀਪਰਜੈਂਟ ਦੇ ਤੌਰ ’ਤੇ ਦੁਬਾਰਾ ਸੰਨ 1920 ਵਿੱਚ ਪੰਜਾਬ ਲੈਜੀਸਲੇਟਿਵ ਕੌਂਸਲ ਲਈ ਚੁਣੇ ਗਏ। ਇਸ ਵਾਰ ਉਨ੍ਹਾਂ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਦੇ ਨਾਲ ਸਿਹਤ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਦਿੱਤਾ ਗਿਆ।

ਇਸੇ ਦੌਰਾਨ ਹੀ ਮੀਆਂ ਫ਼ਜ਼ਲ ਹੁਸੈਨ ਦਾ ਮੇਲ ਸਰ ਛੋਟੂ ਰਾਮ ਨਾਲ ਹੋਇਆ ਜੋ ਕਿ ਪੰਜਾਬ ਦੇ ਆਮ ਲੋਕਾਂ ਦੇ ਹੱਕਾਂ ਦੀ ਅਵਾਜ਼ ਚੁੱਕਣ ਲਈ ਜਾਣੇ ਜਾਂਦੇ ਸਨ। ਸੰਨ 1923 ਵਿੱਚ ਮੀਆਂ ਫ਼ਜ਼ਲ ਹੁਸੈਨ ਅਤੇ ਸਰ ਛੋਟੂ ਰਾਮ ਨੇ ਮਿਲ ਕੇ ਯੂਨੀਅਨਿਸਟ ਪਾਰਟੀ ਦਾ ਗਠਨ ਕੀਤਾ, ਜਿਸਦਾ ਮੁੱਖ ਉਦੇਸ਼ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਸੀ। ਜੇਕਰ ਉਸ ਸਮੇਂ ਦੇ ਰਾਜਨੀਤਿਕ ਹਾਲਾਤ ਉੱਪਰ ਨਜ਼ਰ ਮਾਰੀਏ ਤਾਂ ਕਾਂਗਰਸ ਪਾਰਟੀ ਹਿੰਦੂ ਧਰਮ ਦੀ ਤਰਜ਼ਮਾਨੀ ਕਰ ਰਹੀ ਸੀ ਜਦਕਿ ਮੁਸਲਿਮ ਲੀਗ ਮੁਸਲਮਾਨਾਂ ਦੀ। ਅਜਿਹੇ ਵਿੱਚ ਮੀਆਂ ਫ਼ਜ਼ਲ ਹੁਸੈਨ ਤੇ ਸਰ ਛੋਟੂ ਰਾਮ ਨੇ ਜਿਸ ਪਾਰਟੀ ਦਾ ਗਠਨ ਕੀਤਾ ਸੀ ਉਹ ਬਿਲਕੁਲ ਧਰਮ ਨਿਰਪੱਖ ਸੀ ਅਤੇ ਇਸ ਵਿੱਚ ਹਿੰਦੂ, ਮੁਸਲਿਮ ਅਤੇ ਸਿੱਖ ਧਰਮ ਦੇ ਮੈਂਬਰ ਸਨ। ਇਹ ਪਹਿਲੀ ਰਾਜਨੀਤਿਕ ਪਾਰਟੀ ਸੀ ਜੋ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੀ ਸੀ।

ਸਿੱਖਿਆ, ਸਿਹਤ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਹੁੰਦਿਆਂ ਮੀਆਂ ਫ਼ਜ਼ਲ ਹੁਸੈਨ ਨੇ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਪਸਾਰ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਪੰਜਾਬ ਭਰ ਵਿੱਚ ਸਿੱਖਿਆ ਸੰਸਥਾਵਾਂ ਖੋਲ੍ਹੀਆਂ ਤਾਂ ਜੋ ਪੰਜਾਬੀਆਂ ਵਿੱਚ ਗਿਆਨ ਦਾ ਚਾਨਣ ਪਸਰ ਸਕੇ। ਉਨ੍ਹਾਂ ਨੇ ਪਹਿਲਾਂ ਦੇ ਮੁਕਾਬਲੇ ਸਿੱਖਿਆ ਬਜ਼ਟ ਵਿੱਚ ਬਹੁਤ ਵਾਧਾ ਕੀਤਾ। ਫ਼ਜ਼ਲ ਹੁਸੈਨ ਦੀਆਂ ਕੋਸ਼ਿਸ਼ਾਂ ਸਦਕਾ ਬ੍ਰਿਟਿਸ਼ ਇੰਡੀਆ ਵਿੱਚ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਿਆ।

ਮੀਆਂ ਫ਼ਜ਼ਲ ਹੁਸੈਨ ਸੰਨ 1930 ਤੋਂ 1936 ਤੱਕ ਦਿੱਲੀ ਵਿਖੇ ਵਾਇਸਰਾਏ ਦੀ ਐਗਜ਼ੈਟਿਕ ਕੌਂਸਲ ਦੇ ਮੈਂਬਰ ਵੀ ਰਹੇ ਜੋ ਇੱਕ ਤਰਾਂ ਨਾਲ ਹੁਣ ਦੀ ਕੇਂਦਰੀ ਮੰਤਰੀ ਮੰਡਲ ਵਾਂਗ ਤਾਕਤਾਂ ਰੱਖਦੀ ਸੀ। ਵੱਡੀ ਰਾਜਨੀਤਿਕ ਹਸਤੀ ਹੋਣ ਕਾਰਨ ਮੀਆਂ ਫ਼ਜ਼ਲ ਹੁਸੈਨ ਉਸ ਸਮੇਂ ਮੁਹੰਮਦ ਅਲੀ ਜਿਨਾਹ ਵਾਂਗ ਹੀ ਮੁਸਲਿਮ ਲੋਕਾਂ ਵਿੱਚ ਸਤਿਕਾਰ ਵਜੋਂ ਦੇਖੇ ਜਾਂਦੇ ਸਨ। ਉਨ੍ਹਾਂ ਨੇ ਸਿਵਲ ਸਰਵਿਸ ਅਤੇ ਕੌਂਸਲਾਂ ਵਿੱਚ ਮੁਸਲਮਾਨਾਂ ਲਈ ਸੀਟਾਂ ਰਿਜ਼ਰਵ ਕਰਵਾਈਆਂ। ਮੀਆਂ ਫ਼ਜ਼ਲ ਹੁਸੈਨ ਦੀ ਪਾਰਟੀ ਧਰਮ ਨਿਰਪੱਖ ਤੇ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਸੀ ਇਸਦੇ ਕਾਰਨ ਉਨ੍ਹਾਂ ਦਾ ਹਿੰਦੂ ਅਤੇ ਸਿੱਖਾਂ ਵਿੱਚ ਵੀ ਚੰਗਾ ਅਧਾਰ ਸੀ।

ਮੀਆਂ ਫ਼ਜ਼ਲ ਹੁਸੈਨ ਨੇ ਮੁਹੰਮਦ ਅਲੀ ਜਿਨਾਹ ਦੇ ਵੱਖਰੇ ਮੁਲਕ ਪਾਕਿਸਤਾਨ ਦਾ ਵੀ ਡਟ ਕੇ ਵਿਰੋਧ ਕੀਤਾ ਸੀ ਅਤੇ ਉਹ ਸਾਂਝੇ ਤੇ ਮਹਾਂ ਪੰਜਾਬ ਦੇ ਹਾਮੀ ਸਨ। ਉਸ ਸਮੇਂ ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਵਿੱਚ ਮੀਆਂ ਫ਼ਜ਼ਲ ਹੁਸੈਨ ਦਾ ਪੂਰਾ ਬੋਲ-ਬਾਲਾ ਸੀ।

ਮੀਆਂ ਫ਼ਜ਼ਲ ਹੁਸੈਨ ਭਾਵੇਂ ਜਨਮੇਂ ਬਟਾਲਾ ਨਹੀਂ ਸਨ ਪਰ ਉਨ੍ਹਾਂ ਦੇ ਪੁਰਖਿਆਂ ਦੀ ਧਰਤੀ ਹੋਣ ਕਰਕੇ ਉਨ੍ਹਾਂ ਦਾ ਬਟਾਲਾ ਸ਼ਹਿਰ ਨਾਲ ਬਹੁਤ ਲਗਾਵ ਸੀ। ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਨੂੰ ਮੌਤ ਉਪਰੰਤ ਬਟਾਲਾ ਸ਼ਹਿਰ ਵਿਖੇ ਦਫਨਾਇਆ ਜਾਵੇ।

ਸੰਨ 1936 ਨੂੰ 59 ਸਾਲ ਦੀ ਉਮਰ ਵਿੱਚ ਮੀਆਂ ਫ਼ਜ਼ਲ ਹੁਸੈਨ ਬੀਮਾਰ ਪੈ ਗਏ ਅਤੇ ਆਖਰ 9 ਜੁਲਾਈ 1936 ਨੂੰ ਲਾਹੌਰ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮੀਆਂ ਫ਼ਜ਼ਲ ਹੁਸੈਨ ਦੀ ਆਖਰੀ ਇੱਛਾ ਅਨੁਸਾਰ ਮਰਨ ਉਪਰੰਤ ਉਨ੍ਹਾਂ ਨੂੰ ਬਟਾਲਾ ਵਿਖੇ ਉਨ੍ਹਾਂ ਦੇ ਪਰਿਵਾਰ ਦੇ ਕਬਰਸਤਾਨ ਵਿੱਚ ਦਫ਼ਨਾਇਆ ਗਿਆ।

ਪੰਜਾਬ ਦੀ ਰਾਜਨੀਤੀ ਦੇ ਵੱਡੇ ਰਾਜਨੇਤਾ ਰਹੇ ਮੀਆਂ ਫ਼ਜ਼ਲ ਹੁਸੈਨ ਦੀ ਕਬਰ ਅੱਜ ਵੀ ਬਟਾਲਾ ਦੇ ਖਜ਼ੂਰੀ ਦਰਵਾਜ਼ੇ ਦੇ ਬਾਹਰਵਾਰ ਜੱਸਾ ਸਿੰਘ ਰਾਮਗੜ੍ਹੀਆ ਹਾਲ ਲਾਗਲੇ ਕਬਰਸਤਾਨ ਵਿੱਚ ਮੌਜੂਦ ਹੈ। ਇਸ ਕਬਰ ਉੱਪਰ ਸੰਗਮਰਮਰ ਦਾ ਪੱਥਰ ਲਗਾਇਆ ਗਿਆ ਸੀ ਅਤੇ ਉੱਪਰ ਇੱਕ ਸ਼ੈੱਡ ਵੀ ਬਣਾਇਆ ਗਿਆ ਸੀ। ਹਾਲਾਂਕਿ ਮੀਆਂ ਫਜ਼ਲ ਹੁਸੈਨ ਦੀ ਕਬਰ ਦੀ ਹਾਲਤ ਹੁਣ ਠੀਕ ਨਹੀਂ ਹੈ। ਬਾਕੀ ਦੇ ਸਾਰੇ ਕਬਰਸਤਾਨ ਉੱਪਰ ਲੋਕਾਂ ਵਲੋਂ ਕਬਜ਼ੇ ਕਰ ਲਏ ਗਏ ਹਨ। ਫ਼ਜ਼ਲ ਹੁਸੈਨ ਦੀ ਕਬਰ ਨਾਲ ਇੱਕ ਹੋਰ ਕਬਰ ਹੈ ਜੋ ਉਨ੍ਹਾਂ ਦੀ ਪਤਨੀ ਬੀਬੀ ਮੁਹੰਮਦ ਨਿਸਾ ਦੀ ਹੋ ਸਕਦੀ ਹੈ।

ਕਬਰਸਤਾਨ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਬੇਸ਼ੱਕ ਇਹ ਤਾਂ ਨਹੀਂ ਪਤਾ ਕਿ ਇਹ ਕਬਰ ਮੀਆਂ ਫ਼ਜ਼ਲ ਹੁਸੈਨ ਦੀ ਹੈ ਪਰ ਸਥਾਨਕ ਲੋਕ ਇਨ੍ਹਾਂ ਦੋਵਾਂ ਕਬਰਾਂ ਨੂੰ ਅੱਜ ਵੀ ਰਾਜੇ ਰਾਣੀ ਦੀ ਕਬਰ ਵਜੋਂ ਜਾਣਦੇ ਹਨ।

ਮੀਆਂ ਫ਼ਜ਼ਲ ਹੁਸੈਨ ਨੂੰ ਬੇਸ਼ੱਕ ਹੁਣ ਬਟਾਲਵੀ ਭੁੱਲ ਗਏ ਹੋਣ ਪਰ ਉਨ੍ਹਾਂ ਵਲੋਂ ਸਦੀ ਪਹਿਲਾਂ ਪੰਜਾਬ ਦੀ ਰਾਜਨੀਤੀ ਵਿੱਚ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਮੀਆਂ ਫ਼ਜ਼ਲ ਹੁਸੈਨ ਬਟਾਲੇ ਨੂੰ ਪਿਆਰ ਕਰਨ ਵਾਲੇ ਸਨ ਅਤੇ ਇਹੀ ਕਾਰਨ ਹੈ ਕਿ ਲਾਹੌਰ ਵਿਖੇ ਚਲਾਣਾ ਕਰਨ ਦੇ ਬਾਵਜੂਦ ਵੀ ਉਨ੍ਹਾਂ ਆਪਣੀ ਕਬਰ ਲਈ ਬਟਾਲੇ ਦੀ ਧਰਤੀ ਨੂੰ ਚੁਣਿਆ।

ਕੁਝ ਲੋਕਾਂ ਵਲੋਂ ਜਿਥੇ ਪੂਰੇ ਕਬਰਸਤਾਨ ਉੱਪਰ ਕਬਜ਼ੇ ਕਰ ਲਏ ਗਏ ਹਨ ਓਥੇ ਮੀਆਂ ਫ਼ਜ਼ਲ ਹੁਸੈਨ ਦੀ ਕਬਰ ਦੇ ਨਾਲ ਵੀ ਇੱਕ ਕਮਰਾ ਪਾ ਦਿੱਤਾ ਗਿਆ ਹੈ। ਹੌਲੀ-ਹੌਲੀ ਕਬਰ ਨੂੰ ਤੋੜਨ ਦਾ ਸਿਲਸਲਾ ਜਾਰੀ ਹੈ ਅਤੇ ਜੇਕਰ ਕਿਸੇ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਮੀਆਂ ਫ਼ਜ਼ਲ ਹੁਸੈਨ ਦੀ ਕਬਰ ਦਾ ਨਾਮੋ-ਨਿਸ਼ਾਨ ਵੀ ਨਹੀਂ ਲੱਭੇਗਾ।

- ਇੰਦਰਜੀਤ ਸਿੰਘ ਹਰਪੁਰਾ,
ਬਟਾਲਾ (ਗੁਰਦਾਸਪੁਰ),
ਪੰਜਾਬ।
98155-77574