ਹੰਨੇ ਹੰਨੇ ਮੀਰੀ: ਵਿਕੇਂਦਰੀਕ੍ਰਿਤ ਲੀਡਰਸ਼ਿਪ

ਹੰਨੇ ਹੰਨੇ ਮੀਰੀ: ਵਿਕੇਂਦਰੀਕ੍ਰਿਤ ਲੀਡਰਸ਼ਿਪ

ਮਲਕੀਤ ਸਿੰਘ ਭਵਾਨੀਗੜ੍ਹ 

ਕਿਸੇ ਵੀ ਤਰ੍ਹਾਂ ਦੇ ਢਾਂਚੇ ਨੂੰ ਠੀਕ ਤਰ੍ਹਾਂ ਨਾਲ ਚਲਾਉਣ ਲਈ ਕੁਝ ਵਿਅਕਤੀ ਨਿੱਜੀ ਜਾਂ ਸੰਸਥਾਗਤ ਰੂਪ ਵਿਚ ਜਿੰਮੇਵਾਰ ਹੁੰਦੇ ਹਨ। ਅਸਲ ਵਿਚ ਕੋਈ ਨਾ ਕੋਈ ਪ੍ਰਬੰਧ ਹੀ ਹੁੰਦਾ ਹੈ ਜਿਸ ਤਹਿਤ ਅਗਵਾਈ ਹੋਣੀ ਜਾ ਕਰਨੀ ਹੁੰਦੀ ਹੈ। ਵਕਤ ਦੇ ਨਾਲ ਇਸ ਤਰ੍ਹਾਂ ਦੇ ਪ੍ਰਬੰਧ ਜਿਸ ਨੇ ਕਿਸੇ ਸਮਾਜ, ਖਿੱਤੇ ਜਾ ਸੰਸਥਾ ਦੀ ਅਗਵਾਈ ਕਰਨੀ ਹੁੰਦੀ ਹੈ, ਆਪਣਾ ਰੂਪ ਬਦਲਦੇ ਰਹਿੰਦੇ ਹਨ। ਕਦੀ ਇਹ ਜਿੰਮੇਵਾਰੀ ਕਿਸੇ ਵਿਅਕਤੀ ਵਿਸ਼ੇਸ਼ ਕੋਲ ਹੁੰਦੀ ਹੈ ਤੇ ਕਦੀ ਸੰਸਥਾਗਤ ਰੂਪ ਵਿਚ ਇਕ ਤੋਂ ਵਧੇਰੇ ਵਿਅਕਤੀਆਂ ਕੋਲ, ਕਦੀ ਇਹ ਅਗਵਾਈ ਕੇਂਦਰੀ ਲੀਡਰਸ਼ਿਪ ਰਾਹੀਂ ਹੁੰਦੀ ਹੈ ਤੇ ਕਦੀ ਵਿਕੇਂਦਰਿਕ੍ਰਿਤ ਲੀਡਰਸ਼ਿਪ ਰਾਹੀਂ। ਇੰਡੀਆ ਵਿੱਚ ਹੁਣ ਦੇ ਸਮੇਂ ਇਹ ਜਿੰਮੇਵਾਰੀ ਵੋਟ ਤੰਤਰ ਰਾਹੀਂ ਚੁਣੇ ਹੋਏ ਅਹੁਦੇਦਾਰ ਅਤੇ ਅਫਸਰਸ਼ਾਹੀ ਸੰਸਥਾਵਾਂ ਸੰਭਾਲ ਰਹੀਆਂ ਨੇ ਅਤੇ ਇਹ ਕੇਂਦਰੀ ਲੀਡਰਸ਼ਿਪ ਦੇ ਅਹੁਦਿਆਂ ਦੀ ਸ਼ਕਤੀ ਦਾ ਵੀ ਅੱਗੇ ਕੇਂਦਰੀਕਰਨ ਹੋ ਗਿਆ ਹੈ ਜੋ ਸਰਬੱਤ ਦੇ ਭਲੇ ਦੇ ਆਸ਼ੇ ਤੋਂ ਉਲਟ ਅਤੇ ਦਿੱਲੀ ਤਖਤ ਦੇ ਅਨੁਸਾਰੀ ਚੱਲ ਰਿਹਾ ਹੈ। ਪੰਜਾਬ ਵਿੱਚ ਇਹ ਵਰਤਾਰਾ ਸਿਖਰ ਤੇ ਹੈ ਅਤੇ ਇਸ ਤਰ੍ਹਾਂ ਦੇ ਪ੍ਰਬੰਧ ਦਾ ਬਦਲ ਲੱਭਣ ਦੇ ਯਤਨ ਹੋ ਰਹੇ ਹਨ। ਇਸ ਤਰ੍ਹਾਂ ਦੇ ਹਲਾਤ ਵਿਚ ਜਿੱਥੇ ਸਟੇਟ ਦੀ ਲੋੜੋਂ ਵੱਧ ਦਖਲਅੰਦਾਜ਼ੀ ਹੋਵੇ, ਕੋਈ ਵੀ ਕੇਂਦਰੀ ਲੀਡਰਸ਼ਿਪ ਬਹੁਤਾ ਸਮਾਂ ਟਿਕ ਨਹੀਂ ਸਕਦੀ/ਸਹੀ ਕੰਮ ਨਹੀਂ ਕਰ ਸਕਦੀ। ਇਹਨਾਂ ਸਮਿਆਂ ਵਿੱਚ ਵਿਕੇਂਦਰਿਕ੍ਰਿਤ ਲੀਡਰਸ਼ਿਪ ਭਾਵ ਹੰਨੇ ਹੰਨੇ ਮੀਰੀ (ਇਕ ਸਿਰ ਦੀ ਥਾਂ ਬਹੁਤੇ ਸਿਰਾਂ ਵਾਲੀ ਲੀਡਰਸ਼ਿਪ) ਹੀ ਚੱਲ ਸਕਦੀ ਹੈ।  

ਕੇਂਦਰੀ ਲੀਡਰਸ਼ਿਪ ਦੇ ਮੁਕਾਬਲਤਨ ਵਿਕੇਂਦਰਿਕ੍ਰਿਤ ਲੀਡਰਸ਼ਿਪ ਨੂੰ ਕਾਬੂ ਕਰਨਾ ਸਟੇਟ ਲਈ ਬਹੁਤ ਔਖਾ ਹੁੰਦਾ ਹੈ। ਹੁਣ ਜੋ ਹਲਾਤ ਹਨ, ਇਹਨਾਂ ਵਿਚ ਸਿਰਫ ਵਿਕੇਂਦਰਿਕ੍ਰਿਤ ਲੀਡਰਸ਼ਿਪ ਰਾਹੀਂ ਹੀ ਸਰਬੱਤ ਦੇ ਭਲੇ ਦੀ ਗੱਲ ਹੋ ਸਕਦੀ ਹੈ ਅਤੇ ਆਪਣੀ ਰਵਾਇਤ ਦੇ ਕੁਝ ਹਿੱਸੇ ਨੂੰ ਮੁੜ ਬਹਾਲ ਕੀਤਾ ਜਾ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਸਾਡੀ ਅਗਵਾਈ ਦਾ ਤਰੀਕਾਰ ਪੰਚ ਪ੍ਰਧਾਨੀ ਅਤੇ ਫੈਸਲੇ ਲੈਣ ਦੀ ਰਵਾਇਤ ਸੰਗਤੀ ਰੂਪ ਵਿੱਚ ਰਹੀ ਹੈ ਪਰ ਹੁਣ ਪੱਛਮ ਦੀ ਤਰਜ ਤੇ ਅਸੀਂ ਅਹੁਦੇਦਾਰੀਆਂ ਵਾਲੀਆਂ ਬਣਤਰਾਂ ‘ਚ ਉਲਝ ਗਏ ਹਾਂ ਅਤੇ ਵੋਟਾਂ ਰਾਹੀਂ ਤਾਕਤ ਮਾਨਣ ਦੀ ਇੱਛਾ ਪਾਲ ਲਈ ਹੈ ਤਦ ਹੀ ਅਸੀਂ ਆਪਣੀਆਂ ਪਰੰਪਰਾਵਾਂ ਅਤੇ ਸੰਸਥਾਵਾਂ ਨੂੰ ਮਜਬੂਤ ਕਰਨ ਚ ਅਸਮਰੱਥ ਹੋ ਗਏ ਹਾਂ। ਸਟੇਟ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਸੰਦਾਂ ਅਤੇ ਸਾਧਨਾਂ ਰਾਹੀਂ ਇਕ ਤਰ੍ਹਾਂ ਕਾਬੂ ਹੀ ਕੀਤਾ ਹੋਇਆ ਹੈ ਅਤੇ ਸਰਬੱਤ ਖਾਲਸਾ ਵੀ ਹੁਣ ਦੇ ਹਲਾਤ ਵਿਚ ਵਿਵਾਦਪੂਰਨ ਹੋ ਜਾਂਦਾ ਹੈ, ਸੋ ਅਜਿਹੇ ਸਮਿਆਂ ਵਿੱਚ ਫੈਸਲੇ ਕੇਂਦਰੀਕ੍ਰਿਤ ਹੋਣੇ ਔਖੇ ਹਨ। ਹੁਣ ਰਾਜਨੀਤਕ ਢਾਂਚੇ ਉਸਾਰਨ ਤੋਂ ਕਿਤੇ ਵੱਧ ਜਰੂਰੀ ਹੈ ਕਿ ਉਹ ਢਾਂਚੇ ਉਸਾਰੇ ਜਾਣ ਜਿਹਨਾਂ ਨੇ ਰਾਜਨੀਤੀ ਉੱਤੇ ਕੁੰਡਾ ਰੱਖਣਾ ਹੈ ਭਾਵ ਪਹਿਰੇਦਾਰੀ ਕਰਨੀ ਹੈ। ਮਿਸਲ ਸ਼ਹੀਦਾਂ ਦੀ ਉਦਾਹਰਣ ਸਾਡੇ ਕੋਲ ਹੈ ਜਿਸ ਵਿਚ ਬਾਬਾ ਦੀਪ ਸਿੰਘ ਅਤੇ ਅਕਾਲੀ ਫੂਲਾ ਸਿੰਘ ਦਾ ਸੰਘਰਸ਼, ਤਿਆਗ ਅਤੇ ਫੈਸਲੇ ਕਰਨ ਦਾ ਨੈਤਿਕ ਅਧਾਰ ਸ਼ਾਮਲ ਹੈ। 20ਵੀਂ ਸਦੀ ਦੀ ਉਦਾਹਰਣ ਸੰਤ ਜਰਨੈਲ ਸਿੰਘ ਹੁਰਾਂ ਦੀ ਹੈ, ਜਿਹੜੇ ਆਪ ਰਾਜਨੀਤੀ ਜਾ ਵੋਟ ਤੰਤਰ ਵਿਚ ਨਹੀਂ ਆਏ ਪਰ ਰਾਜਨੀਤੀ ਤੇ ਕੁੰਡਾ ਰੱਖਿਆ, ਪੰਜਾਬ ਦੇ ਮਸਲੇ ਤੈਅ ਕੀਤੇ ਅਤੇ ਸੰਘਰਸ਼ ਦੀ ਪਹਿਰੇਦਾਰੀ ਕੀਤੀ। ਇਸੇ ਹੀ ਤਰ੍ਹਾਂ ਦੇ ਢਾਂਚੇ ਹੁਣ ਉਸਾਰੇ ਜਾਣੇ ਚਾਹੀਦੇ ਹਨ ਜਿਸ ਵਿਚ ਰਾਜਨੀਤੀ ਅਤੇ ਅਹੁਦੇਦਾਰੀਆਂ ਦੇ ਲਾਲਚ ਤੋਂ ਦੂਰ, ਤਿਆਗ ਵਾਲੇ ਮਨੁੱਖ ਜੋ ਸਰਬੱਤ ਦੇ ਭਲੇ ਦੀ ਗੱਲ ਕਰਨ, ਓਹਦੇ ਲਈ ਸੰਘਰਸ਼ ਕਰਨ, ਪੰਜਾਬ ਦੇ ਮਸਲੇ ਤੈਅ ਕਰਨ ਅਤੇ ਰਾਜਨੀਤਕ ਪਾਰਟੀਆਂ ‘ਤੇ ਓਹਨਾ ਮਸਲਿਆਂ ਉੱਤੇ ਸੰਘਰਸ਼ ਕਰਨ ਲਈ ਦਬਾਅ ਬਣਾਉਣ। 

ਪੰਜਾਬ ਵਿਚ ਹਾਲ ਹੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਉਦਾਹਰਣ ਬਹੁਤ ਮਿਸਾਲੀ ਹੈ, ਪਹਿਲੀ ਦਫ਼ਾ ਹੋਇਆ ਕਿ ਕਿਸਾਨ ਯੂਨੀਅਨਾਂ ਦੇ ਆਗੂ ਹਾਲੀ ਤੱਕ ਕੋਈ ਵੀ ਫੈਸਲਾ ਆਪਣੀ ਸੌਖ ਮੁਤਾਬਿਕ ਨਹੀਂ ਕਰ ਸਕੇ, ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੀਆਂ ਹਨ, ਗਾਉਣ ਵਾਲੇ ਅਤੇ ਫ਼ਿਲਮੀ ਅਦਾਕਾਰ ਆਪਣੀ ਲੀਹ ਤੋਂ ਹਟ ਕੇ ਸਿਰਫ ਪੰਜਾਬ ਦੀ ਗੱਲ ਕਰ ਰਹੇ ਹਨ, ਇਸ ਦਾ ਕਾਰਨ ਸਿਰਫ ਇਹ ਹੈ ਕਿ ਲੋਕ ਜਾਗੇ ਹੋਏ ਹਨ ਅਤੇ ਲੋਕਾਂ ਦਾ ਇਹਨਾਂ ਸਭ ਉੱਤੇ ਦਬਾਅ ਬਣਿਆ ਹੋਇਆ ਹੈ। ਇੰਨੀ ਵੱਡੀ ਮਾਤਰਾ ‘ਚ ਲੋਕ ਹਮੇਸ਼ਾ ਹੀ ਸੰਘਰਸ਼ ‘ਚ ਰਹਿਣ ਇਹ ਕਦੀ ਵੀ ਸੰਭਵ ਨਹੀਂ ਹੁੰਦਾ ਸੋ ਹੁਣ ਓਹਨਾ ਸਭ ਮਨੁੱਖਾਂ ਨੂੰ ਇਕੱਠੇ ਹੋਣਾ ਪੈਣਾ ਹੈ ਜੋ ਰਾਜਨੀਤਕ ਲਾਲਸਾ ਤੋਂ ਦੂਰ ਹਨ, ਸੰਘਰਸ਼ ਲਈ ਤਿਆਰ ਹਨ ਅਤੇ ਸਰਬੱਤ ਦੇ ਭਲੇ ਲਈ ਆਪਣਾ ਕੋਈ ਤਿਲ ਫੁੱਲ ਯੋਗਦਾਨ ਪਾਉਣ ਦੀ ਇੱਛਾ ਰੱਖਦੇ ਹਨ।  

ਪੰਥਕ ਪੱਧਰ ਉੱਤੇ ਇਹ ਗੱਲ ਲਾਗੂ ਹੋਣੀ ਹਾਲੀ ਪੂਰੀ ਤਰ੍ਹਾਂ ਸੰਭਵ ਨਹੀਂ ਸੋ ਇਸੇ ਲਈ ਉਪਰੋਂ ਥੱਲੇ ਵਾਲੀ ਪਹੁੰਚ ਦੀ ਥਾਂ ਥੱਲਿਓਂ ਉੱਪਰ ਵਾਲੀ ਪਹੁੰਚ ਅਪਨਾਉਣੀ ਪੈਣੀ ਹੈ। ਪਹਿਲਾਂ ਛੋਟਿਆਂ ਜਥਿਆਂ ਚ ਰਵਾਇਤ ਲਾਗੂ ਕਰਨੀ ਪੈਣੀ ਹੈ, ਉਹ ਸੌਖੀ ਵੀ ਹੈ ਅਤੇ ਜੇਕਰ ਉਹ ਹੋ ਜਾਂਦੀ ਹੈ ਤਾਂ ਪੰਥਕ ਪੱਧਰ ਤੇ ਲਾਗੂ ਕਰਨੀ ਹੋਰ ਸੌਖੀ ਹੋ ਜਾਵੇਗੀ। ਛੋਟੇ ਜਥੇ ਖਿੱਤੇ ਅਨੁਸਾਰ ਵੀ ਬਣਾਏ ਜਾ ਸਕਦੇ ਹਨ ਅਤੇ ਵਿਸ਼ੇ ਅਨੁਸਾਰ ਵੀ, ਹਲਾਤ ਅਨੁਸਾਰ ਇਹ ਦੋਵੇਂ ਬਣਾਉਣੇ ਚਾਹੀਦੇ ਹਨ। ਪੰਜਾਬ ਵਿੱਚ ਖਿੱਤੇ ਅਨੁਸਾਰ ਭਾਵ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਵਿੱਚ ਇਹ ਜਥੇ ਬਣਾ ਕੇ ਸ਼ੁਰੁਆਤ ਕਰਨੀ ਚਾਹੀਦੀ ਹੈ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਅਤੇ ਇਸੇ ਤਰ੍ਹਾਂ ਵੱਖ ਵੱਖ ਵਿਸ਼ਿਆਂ ਦੇ ਮਾਹਰਾਂ ਦਾ ਆਪਣਾ ਆਪਣਾ ਜਥਾ ਵੀ ਹੋਵੇ ਜੋ ਓਹਨਾ ਵਿਸ਼ਿਆਂ ਤੇ ਕੇਂਦਰਿਤ ਰਹਿ ਕੇ ਸੰਘਰਸ਼ ਕਰਨ। 

ਇਸ ਤਰ੍ਹਾਂ ਦੇ ਮੋੜੇ ਨਾਲ ਜਿੱਥੇ ਸੰਗਤੀ ਫੈਸਲੇ ਕਰਨ ਦੀ ਰਵਾਇਤ ਮੁੜ ਬਹਾਲ ਹੋਵੇਗੀ ਉਥੇ ਹੀ ਵਿਕੇਂਦਰਿਕ੍ਰਿਤ ਲੀਡਰਸ਼ਿਪ ਦੀ ਉਸਾਰੀ ਵੀ ਹੋਵੇਗੀ ਭਾਵ ਹੰਨੇ ਹੰਨੇ ਮੀਰੀ ਹੋਵੇਗੀ ਜਿਸਨੂੰ ਕਾਬੂ ਕਰਨਾ ਅਤੇ ਜਿਸਦੇ ਫੈਸਲੇ ਪ੍ਰਭਾਵਿਤ ਕਰਨਾ ਸਟੇਟ ਲਈ ਸੌਖਾ ਕਾਰਜ ਨਹੀਂ ਹੋਵੇਗਾ। ਹੁਣ ਇਹ ਆਪਣੇ ਤੇ ਹੈ ਕਿ ਅਸੀਂ ਇਸ ਕਾਰਜ ਨੂੰ ਅਮਲੀ ਰੂਪ ਦੇਣ ਲਈ ਕਿੰਨੀ ਊਰਜਾ ਅਤੇ ਕਿੰਨਾ ਵਕਤ ਲਾਉਂਦੇ ਹਾਂ। ਸਿੱਖਾਂ ਲਈ ਇਹ ਕੋਈ ਨਵਾਂ ਤਜ਼ਰਬਾ ਨਹੀਂ ਹੈ ਸਗੋਂ ਪਰਖਿਆ ਅਤੇ ਹੰਢਾਇਆ ਹੋਇਆ ਹੈ, ਗੁਰੂ ਪਾਤਸ਼ਾਹ ਮਿਹਰ ਕਰਨ ਅਸੀਂ ਫਿਰ ਤੋਂ ਹੰਨੇ ਹੰਨੇ ਮੀਰੀ ਵਾਲੇ ਬਣ ਜਾਈਏ।