ਮਹਿਰਾਜ ਵਿਚ ਨੌਜਵਾਨਾਂ ਦਾ ਭਾਰੀ ਇਕੱਠ..

ਮਹਿਰਾਜ ਵਿਚ ਨੌਜਵਾਨਾਂ ਦਾ ਭਾਰੀ ਇਕੱਠ..

  ਮਹਿਰਾਜ ਵਿਚ ਨੌਜਵਾਨਾਂ ਦਾ ਭਾਰੀ ਇਕੱਠ..

ਅੰਮ੍ਰਿਤਸਰ ਟਾਈਮਜ਼ ਬਿਊਰੋ 

 ਲੱਖਾ ਸਿਧਾਣਾ ਦਿੱਲੀ ਪੁਲਿਸ ਨੂੰ ਚੁਣੌਤੀ ਦੇ ਕੇ ਮਹਿਰਾਜ ਵਿਖੇ ਹੋਈ ਰੈਲੀ ਵਿੱਚ  ਹੋਇਆ ਸ਼ਾਮਲ

 ਮਹਿਰਾਜ, -ਨੌਜਵਾਨ ਲੀਡਰ ਲੱਖਾ ਸਿਧਾਣਾ  ਦਿੱਲੀ ਪੁਲਿਸ ਨੂੰ ਚੁਣੌਤੀ ਦੇ ਕੇ ਮਹਿਰਾਜ ਵਿਖੇ ਹੋਈ ਰੈਲੀ ਵਿੱਚ ਸ਼ਾਮਲ ਹੋਇਆ। ਉਹ ਅੱਧਾ ਘੰਟਾ ਰੈਲੀ ਵਿੱਚ ਰੁਕਿਆ ਤੇ ਸਟੇਜ ਤੋਂ ਇਕੱਠ ਨੂੰ ਸੰਬੋਧਨ ਕੀਤਾ। ਲੱਖਾ ਸਿਧਾਣਾ ਨੂੰ ਵੇਖ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਦਾ ਜੋਸ਼ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ, ਦਰਅਸਲ ਲੱਖਾ ਸਿਧਾਣਾ ਲਾਲ ਕਿਲ੍ਹੇ 'ਤੇ ਹੋਈ ਕਥਿਤ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੂੰ ਲੋੜੀਂਦਾ ਹੈ। ਅਜਿਹੇ ਵਿੱਚ ਹੁਣ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਦਿੱਲੀ ਪੁਲਿਸ ਲਈ ਵੱਕਾਰ ਦਾ ਸਵਾਲ ਬਣ ਗਿਆ ਹੈ। ਉਧਰ, ਇਹ ਵੀ ਚਰਚਾ ਹੈ ਕਿ ਪੁਲਿਸ, ਲੱਖਾ ਸਿਧਾਣਾ ਨੂੰ ਉਸ ਦੇ ਪਿੰਡ ਵਿੱਚੋਂ ਗ੍ਰਿਫ਼ਤਾਰ ਨਹੀਂ ਕਰ ਸਕੇਗੀ ਕਿਉਂਕਿ ਪਿੰਡ ਵਾਲਿਆਂ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਪੁਲਿਸ ਨੂੰ ਪਿੰਡ ਵਿਚ ਹੀ ਨਹੀਂ ਵੜ੍ਹਨ ਦਿੱਤਾ ਜਾਏਗਾ। ਲੱਖਾ ਸਿਧਾਣਾ ਦਾ ਪੰਜਾਬੀਆਂ ਨੂੰ ਸੁਨੇਹਾ ਸੀ ,ਕਿ ਉਸ ਦੀਆਂ ਰਗਾਂ ਵਿੱਚ ਵਗਦਾ ਖੂਨ ਪੰਜਾਬ ਲਈ ਹੈ ਅਤੇ ਜੇਕਰ ਡੁੱਲ੍ਹੇਗਾ ਤਾਂ ਉਹ ਪੰਜਾਬ ਦੇ ਲੋਕਾਂ ਲਈ ਡੁੱਲ੍ਹੇਗਾ।

ਉਸ ਨੇ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਅੰਦੋਲਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ ,ਪਰ ਪੰਜਾਬ ਦੇ ਬਹਾਦਰ ਲੋਕ ਅਜਿਹਾ ਨਹੀਂ ਹੋਣ ਦੇਣਗੇ। ਲੱਖੇ ਨੇ ਅੱਗੇ ਕਿਹਾ ਕਿ, ਇਹ ਲੜਾਈ ਪੰਜਾਬ ਦੀਆਂ ਫ਼ਸਲਾਂ ਦੀ ਹੀ ਨਹੀਂ ਸਗੋਂ ਨਸਲਾਂ 'ਤੇ ਹੋਂਦ ਦੀ ਲੜਾਈ ਹੈ, ਜੋ ਬਹਾਦਰ ਕੌਮਾਂ ਵੱਲੋਂ ਲੜੀ ਜਾਂਦੀ ਹੈ, ਜਿਹੜੀਆਂ ਕੌਮਾਂ ਆਪਣੇ ਹੱਕਾਂ ਲਈ ਲੜਨਾ ਛੱਡ ਦਿੰਦੀਆਂ ਹਨ ਉਨ੍ਹਾਂ ਦੀ ਹੋਂਦ ਹੋਲੀ-ਹੋਲੀ ਖ਼ਤਮ ਹੋ ਜਾਂਦੀ ਹੈ। ਦਿੱਲੀ ਪੁਲਿਸ ਬਾਰੇ ਬੋਲਦਿਆਂ ਲੱਖਾ ਸਿਧਾਣਾ ਨੇ ਕਿਹਾ, ਕਿ ਦਿੱਲੀ ਪੁਲਿਸ ਜਿੰਨੇ ਮਰਜ਼ੀ ਪਰਚੇ ਕਰ ਲਵੇ ਪਰ ਪੰਜਾਬ ਦੇ ਲੋਕ ਹੁਣ ਤਿੰਨ ਕਾਨੂੰਨ ਰੱਦ ਕਰਵਾਏ ਬਿਨਾਂ ਪਿੱਛੇ ਨਹੀਂ ਹਟਣਗੇ। ਉਸਨੇ ਆਪਣੀ ਰੈਲੀ ਵਿਚ ਪਹੁੰਚੇ ਦਲਿਤ ਭਾਈ ਚਾਰੇ ਦਾ ਸ਼ਪੈਸ਼ਲ ਤੌਰ ਉਪਰ ਧੰਨਵਾਦ ਕੀਤਾ। ਲੱਖੇ ਨੇ ਕਿਸਾਨ ਆਗੂਆਂ ਨਾਲ ਮੋਢੇ ਨਾਲ ਮੋਢਾ ਜੋੜਦੇ ਕਿਹਾ ਕਿ ਭਾਵੇਂ  ਹੀ ਕਿਸਾਨ ਆਗੂ ਪ੍ਰਧਾਨ ਰਾਜੇਵਾਲ ਨੇ ਬੇਸ਼ਕ ਇਹ ਕਿਹਾ ਕਿ, ਲੱਖੇ ਸਬੰਧੀ ਸਰਕਾਰ ਹੀ ਫ਼ੈਸਲਾ ਲਵੇ, ਪਰ ਉਹ ਐਲਾਨ ਕਰਦੇ ਹਨ ਕਿ ਜੇਕਰ ਦਿੱਲੀ ਪੁਲਿਸ ਕਿਸੇ ਕਿਸਾਨ ਆਗੂ ਨੂੰ ਗ੍ਰਿਫ਼ਤਾਰ ਕਰੇਗੀ ਤਾਂ ਉਹ ਉਸ ਨਾਲ ਚੱਟਾਨ ਵਾਂਗ ਖੜ੍ਹਨਗੇ। ਦਿੱਲੀ ਪੁਲਿਸ ਬਾਰੇ ਗੱਲ ਕਰਦਿਆਂ ਲੱਖੇ ਨੇ ਕਿਹਾ ਕਿ ਜੇਕਰ ਦਿੱਲੀ ਪੁਲੀਸ ਪੰਜਾਬ 'ਚ ਕਿਸੇ ਨੌਜਵਾਨ ਦੀ ਗ੍ਰਿਫਤਾਰੀ ਲਈ ਆਉਂਦੀ ਹੈ ਤਾਂ ਲੋਕ ਇਕੱਠੇ ਹੋ ਕੇ ਉਸ ਦਾ ਘਿਰਾਓ ਕਰਨ। ਦਿੱਲੀ ਪੁਲਿਸ ਜੇਕਰ ਕਿਸੇ ਨੌਜਵਾਨ ਜਾਂ ਕਿਸਾਨ ਨੂੰ ਗ੍ਰਿਫ਼ਤਾਰ ਕਰਕੇ ਲੈ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਵੇਗੀ। ਲੱਖਾ ਸਿਧਾਣਾ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਮੋਟਰਸਾਈਕਲ 'ਤੇ ਸਵਾਰ ਹੋ ਕੇ ਉੱਥੋਂ ਗਾਇਬ ਹੋ ਗਏ । ਰੈਲੀ ਦੀ ਵਿਸ਼ੇਸ਼ ਗੱਲ ਇਹ ਸੀ ਕਿ, ਇਸ ਰੈਲੀ ਵਿਚ ਦਲਿਤ ਭਾਈਚਾਰਾ ਹੁੰਮ ਹੁਮਾਕੇ ਪਹੁੰਚਿਆ। ਲੱਖੇ ਦੀ ਸੁਰ ਕਿਸਾਨ ਆਗੂਆਂ ਤੇ ਕਾਮਰੇਡਾਂ ਨਾਲ ਆਪਸੀ ਤਣਾਅ ਘਟਾਉਣ ਵਾਲੀ ਸੀ। ਲੱਖੇ ਦਾ ਇਸ ਰੈਲੀ ਵਿਚ ਪੁੱਜਣ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਇਸ ਬਾਰੇ ਪੰਜਾਬ ਪੁਲਿਸ ਅਤੇ ਵਿਰੋਧੀ ਧੀਰਾਂ ਨੇ ਆਪਣੇ-ਆਪਣੇ ਬਿਆਨਾਂ ਰਾਹੀਂ ਲੱਖਾਂ ਸਿਧਾਣਾ ਤੇ ਪ੍ਰਸ਼ਾਸ਼ਨ ਸਬੰਧੀ ਟਿੱਪਣੀ ਕੀਤੀ। ਬਠਿੰਡਾ ਦੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਵਿਰਕ ਨੇ ਦੱਸਿਆ, "ਦਿੱਲੀ ਪੁਲਿਸ ਨੇ ਇਸ ਸਬੰਧ ਵਿੱਚ ਘੱਟੋ-ਘੱਟ ਸੋਮਵਾਰ ਸ਼ਾਮ ਤੱਕ ਸਾਡੇ ਨਾਲ ਸੰਪਰਕ ਨਹੀਂ ਕੀਤਾ ਸੀ।"ਉਨ੍ਹਾਂ ਨੇ ਕਿਹਾ, "ਇਹ ਦਿੱਲੀ ਪੁਲਿਸ ਦਾ ਕੇਸ ਹੈ ਨਾ ਕਿ ਪੰਜਾਬ ਪੁਲਿਸ ਦਾ।"

ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਬਠਿੰਡਾ ਰੈਲੀ ਦੌਰਾਨ ਲੱਖਾ ਸਿਧਾਣਾ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਨਾ ਕਰਨ ਨੂੰ ਪ੍ਰਸਾਸ਼ਨਿਕ ਨਾਕਾਮੀ ਦੱਸਿਆ।

 ਉਸ ਉੱਤੇ ਇੱਕ ਲੱਖ ਦਾ ਇਨਾਮ ਹੈ ਅਤੇ ਇਹ ਹੈਰਾਨੀਜਨਕ ਹੈ ਕਿ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁਲਿਸ ਨਾਲ ਤਾਲਮੇਲ ਨਹੀਂ ਕੀਤਾ।  ਉਹ ਇੱਕ ਸ਼ੱਕੀ ਮੁਲਜ਼ਮ ਹੈ ਜੋ ਅੰਦੋਲਨ ਕਰ ਰਿਹਾ ਹੈ।''

 ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ, ''ਅਸੀਂ ਇਸ ਮਸਲੇ ਉੱਤੇ ਕੁਝ ਨਹੀਂ ਕਹਿਣਾ''।

 ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਇਹ ਮਾਮਲੇ ਉੱਤੇ ਸੂਬਾ ਸਰਕਾਰ ਹੀ ਚੰਗੀ ਤਰ੍ਹਾਂ ਦੱਸ ਸਕਦੀ ਹੈ। ''ਇਹ ਕਾਨੂੰਨ ਦਾ ਮਜਾਕ ਹੈ।'' ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਰੈਲੀ ਬਾਦਲ ਦਲ ਲਈ ਇਕ ਵੱਡੀ ਚਣੌਤੀ ਹੈ, ਇਸ ਕਰਕੇ ਬਾਦਲ ਦਲ ਦਾ ਪ੍ਰਤੀਕਰਮ ਵੀ ਸਖ਼ਤ ਹੈ ਪਰ ਮਹਿਰਾਜ ਦਾ ਹਲਕਾ ਸਿਆਸਤੀ ਹੈ।