ਕਸ਼ਮੀਰ ਵਿੱਚ ਕਸ਼ਮੀਰੀਅਤ ਦੇ ਨਾਲ ਨਾਲ ਮੀਡੀਆ ਦੀ ਵੀ ਸੰਘੀ ਨੱਪੀ

ਕਸ਼ਮੀਰ ਵਿੱਚ ਕਸ਼ਮੀਰੀਅਤ ਦੇ ਨਾਲ ਨਾਲ ਮੀਡੀਆ ਦੀ ਵੀ ਸੰਘੀ ਨੱਪੀ

ਚੰਡੀਗੜ੍ਹ: ਭਾਰਤ ਸਰਕਾਰ ਨੇ 5 ਅਗਸਤ ਨੂੰ ਜੰਮੂ ਕਸ਼ਮੀਰ ਦੀ ਰਾਜਨੀਤਕ ਸਥਿਤੀ ਸਬੰਧੀ ਸੰਵਿਧਾਨਕ ਤਬਦੀਲੀਆਂ ਕਰਨ ਤੋਂ ਪਹਿਲਾਂ ਹੀ ਜੰਮੂ ਕਸ਼ਮੀਰ ਨੂੰ ਪੂਰੀ ਤਰ੍ਹਾਂ ਦੁਨੀਆਂ ਨਾਲੋਂ ਤੋੜ ਦਿੱਤਾ ਸੀ। ਜੰਮੂ ਕਸ਼ਮੀਰ ਦੇ ਵਸਨੀਕਾਂ ਨੂੰ ਫੌਜ ਦੇ ਪਹਿਰੇ ਹੇਠ ਨਜ਼ਰਬੰਦ ਕਰ ਲਿਆ ਗਿਆ ਤੇ ਅੱਜ 4 ਦਿਨਾਂ ਦਾ ਸਮਾਂ ਬੀਤਣ ਮਗਰੋਂ ਵੀ ਉਥੋਂ ਸਰਕਾਰੀ ਖਬਰਾਂ ਤੋਂ ਇਲਾਵਾ ਕੋਈ ਜਾਣਕਾਰੀ ਬਾਹਰ ਨਹੀਂ ਆ ਰਹੀ। ਜਿੱਥੇ ਸਰਕਾਰ ਨੇ ਫੌਜੀ ਤਾਕਤ ਨਾਲ ਕਸ਼ਮੀਰੀਅਤ ਦਾ ਘਾਣ ਕੀਤਾ ਹੈ ਉੱਥੇ ਹੀ ਮੀਡੀਆ ਦੀ ਵੀ ਸੰਘੀ ਪੂਰੀ ਤਰ੍ਹਾਂ ਨੱਪ ਦਿੱਤੀ ਗਈ ਹੈ। ਸਰਕਾਰ ਵੱਲੋਂ ਸੰਚਾਰ ਦੇ ਸਾਰੇ ਸਾਧਨਾਂ ਨੂੰ ਠੱਪ ਕਰ ਦਿੱਤਾ ਗਿਆ ਹੈ ਜਿਸ ਕਾਰਨ ਮੀਡੀਆ ਉੱਥੋਂ ਦੀਆਂ ਜ਼ਮੀਨੀ ਹਾਲਾਤਾਂ ਦੀ ਕੋਈ ਵੀ ਰਿਪੋਰਟ ਦੁਨੀਆ ਤੱਕ ਨਹੀਂ ਪਹੁੰਚਾ ਪਾ ਰਿਹਾ। ਮੀਡੀਆ ਦੇ ਹੱਕਾਂ ਲਈ ਯਤਨਸ਼ੀਲ ਸੰਸਥਾ ਕਮੇਟੀ ਟੂ ਪਰੋਟੈਕਟ ਜਰਨਲਿਸਟਸ (ਸੀਪੀਜੇ) ਨੇ ਮੀਡੀਆ ਦੇ ਹੱਕਾਂ ਦੇ ਇਸ ਘਾਣ 'ਤੇ ਫਿਕਰਮੰਦੀ ਪ੍ਰਗਟ ਕੀਤੀ ਹੈ। 

ਸੀਪੀਜੇ ਦੀ ਰਿਪੋਰਟ ਮੁਤਾਬਿਕ ਇੱਕ ਸਥਾਨਕ ਅਖਬਾਰ ਸੰਪਾਦਕ ਨੇ ਦੱਸਿਆ ਕਿ ਪੱਤਰਕਾਰਾਂ ਨੂੰ ਇੱਕ ਤੋਂ ਦੂਜੀ ਥਾਂ ਆਉਣ ਜਾਣ ਵਿੱਚ ਦਿੱਕਤਾਂ ਆ ਰਹੀਆਂ ਹਨ ਅਤੇ ਉਹਨਾਂ ਨੂੰ ਵੀਡੀਓ ਅਤੇ ਤਸਵੀਰਾਂ ਖਿੱਚਣ ਤੋਂ ਰੋਕਿਆ ਜਾ ਰਿਹਾ ਹੈ। 

ਰਿਪੋਰਟ ਮੁਤਾਬਿਕ ਉਹਨਾਂ ਦੱਸਿਆ ਕਿ ਨਾਕੇ 'ਤੇ ਭਾਰਤੀ ਫੌਜੀ ਨੇ ਉਹਨਾਂ ਨੂੰ ਕਿਹਾ, "ਤੁਸੀਂ ਪ੍ਰੈਸ ਤੋਂ ਹੈ, ਤੁਹਾਨੂੰ ਜਾਣ ਦੀ ਪ੍ਰਵਾਨਗੀ ਨਹੀਂ ਹੈ।"

ਸੀਪੀਜੇ ਮੁਤਾਬਿਕ ਉਹ ਇੱਕ ਸੁਨੇਹਿਆਂ ਵਾਲੀ ਐਪ ਰਾਹੀਂ ਸਿਰਫ ਇਸ ਪੱਤਰਕਾਰ ਨਾਲ ਗੱਲਬਾਤ ਕਰਨ ਵਿੱਚ ਕਾਮਯਾਬ ਹੋਏ ਹਨ। 

ਰਿਪੋਰਟ ਮੁਤਾਬਿਕ ਉਸ ਸੰਪਾਦਕ ਨੇ ਗੱਲ ਕਰਦਿਆਂ ਕਿਹਾ, "ਮੈਨੂੰ ਡਰ ਹੈ ਕਿ ਇਹ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਨਗੇ ਖਾਸ ਕਰਕੇ ਉਹਨਾਂ ਨੂੰ ਜੋ ਚੱਲ ਰਹੇ ਹਾਲਾਤਾਂ ਦੀ ਰਿਪੋਰਟਿੰਗ ਕਰਨਗੇ।"

ਜ਼ਿਕਰਯੋਗ ਹੈ ਕਿ ਕਸ਼ਮੀਰ ਦਾ ਕੋਈ ਵੀ ਅਖਬਾਰ 4 ਅਗਸਤ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਨਹੀਂ ਦੇ ਪਾ ਰਿਹਾ। ਸਾਰੇ ਅਖਬਾਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਸ਼ਮੀਰ ਦੇ ਨਾਮਵਰ ਅਖਬਾਰ ਗਰੇਟਰ ਕਸ਼ਮੀਰ ਦੇ ਵੈਬਸਾਈਟ ਪੰਨੇ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਇਸ ਪੰਨੇ 'ਤੇ ਆਖਰੀ ਖਬਰਾਂ 4 ਅਗਸਤ ਰਾਤ ਦੀਆਂ ਪਾਈਆਂ ਗਈਆਂ ਹਨ। ਉਸ ਤੋਂ ਬਾਅਦ ਇਹ ਅਖਬਾਰਾਂ ਬਿਲਕੁੱਲ ਬੰਦ ਹਨ। 

ਸੀਪੀਜੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਸੰਚਾਰ ਸਾਧਨਾਂ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾਵੇ ਅਤੇ ਪੱਤਰਕਾਰਾਂ ਦੇ ਤੋਰੇ-ਫੇਰੇ 'ਤੇ ਰੋਕਾਂ ਨੂੰ ਖਤਮ ਕੀਤਾ ਜਾਵੇ। ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਸੰਚਾਰ ਸਾਧਨਾਂ 'ਤੇ ਪਾਬੰਦੀ ਦੀ ਕੋਈ ਥਾਂ ਨਹੀਂ ਹੈ। 

ਸੀਪੀਜੇ ਨੇ ਜਿਹਨਾਂ ਪੱਤਰਕਾਰਾਂ ਦੇ ਬਿਆਨਾਂ ਦੇ ਅਧਾਰ 'ਤੇ ਇਹ ਰਿਪੋਰਟ ਤਿਆਰ ਕੀਤੀ ਹੈ ਇਹ ਉਹ ਪੱਤਰਕਾਰ ਹਨ ਜੋ ਇਹਨਾਂ ਦਿਨਾਂ ਦੌਰਾਨ ਕਸ਼ਮੀਰ ਤੋਂ ਬਾਹਰ ਨਿੱਕਲਣ ਵਿੱਚ ਕਾਮਯਾਬ ਹੋ ਗਏ ਹਨ। ਇਹਨਾਂ ਪੱਤਰਕਾਰਾਂ ਵਿੱਚੋਂ ਇੱਕ ਪੱਤਰਕਾਰ ਨੇ ਜੋ ਕਿਹਾ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ":

ਇੱਕ ਖੇਤਰੀ ਅਖਬਾਰ ਦੇ ਸੰਪਾਦਕ ਦਾ ਬਿਆਨ:
"ਮੈਨੂੰ ਮੇਰੇ ਕੁੱਝ ਸਾਥੀ ਪੱਤਰਕਾਰਾਂ ਸਮੇਤ ਪੁਲਿਸ ਨੇ 6 ਅਗਸਤ ਵਾਲੇ ਦਿਨ ਸ਼੍ਰੀਨਗਰ ਦੇ ਖਾਨਿਆਰ ਨੇੜੇ ਕੁੱਟਿਆ ਕਿਉਂਕਿ ਸਾਡੇ ਵਿੱਚੋਂ ਇੱਕ ਫੋਟੋਗ੍ਰਾਫਰ ਨੇ ਇੱਕ ਬੈਰੀਕੇਡ ਦੀ ਤਸਵੀਰ ਖਿੱਚ ਲਈ ਸੀ। ਉਹਨਾਂ ਸਾਡੇ ਸ਼ਨਾਖਤੀ ਕਾਰਡਾਂ ਦੀਆਂ ਤਸਵੀਰਾਂ ਲਈਆਂ, ਸਾਡੇ ਕੈਮਰੇ ਅਤੇ ਫੋਨ ਖੋਹ ਲਏ, ਤਸਵੀਰਾਂ ਖਤਮ ਕਰ ਦਿੱਤੀਆਂ ਅਤੇ ਫੇਰ ਜਿਸ ਗੱਡੀ ਵਿੱਚ ਅਸੀਂ ਸਫਰ ਕਰ ਰਹੇ ਸੀ ਉਸ ਦੀ ਨੰਬਰ ਪਲੇਟ ਦੀ ਵੀ ਤਸਵੀਰ ਖਿੱਚ ਲਈ।

ਇਸ ਰਿਪੋਰਟ ਮੁਤਾਬਿਕ ਭਾਰਤ ਸਰਕਾਰ ਨੇ ਜਿੱਥੇ ਆਮ ਕਸ਼ਮੀਰੀਆਂ ਨੂੰ ਫੌਜੀ ਪਹਿਰੇ ਹੇਠ ਕੈਦੀ ਬਣਾ ਲਿਆ ਹੈ ਉੱਥੇ ਜਾਣਕਾਰੀ ਦੇ ਪ੍ਰਵਾਹ ਨੂੰ ਵੀ ਪੂਰੀ ਤਰ੍ਹਾਂ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਇਹ ਮਨੁੱਖੀ ਹੱਕਾਂ ਦਾ ਘਾਣ ਕਿੰਨੇ ਦਿਨਾਂ ਤੱਕ ਚਲਦਾ ਹੈ ਇਹ ਦੇਖਣ ਵਾਲੀ ਗੱਲ ਹੈ।