ਖਾਲਸਾ ਪੰਥ ਦੀ ਮਾਤਾ-ਮਾਤਾ ਸਾਹਿਬ ਕੌਰ

ਖਾਲਸਾ ਪੰਥ ਦੀ ਮਾਤਾ-ਮਾਤਾ ਸਾਹਿਬ ਕੌਰ

ਪਰਮਿੰਦਰ ਪਾਲ ਸਿੰਘ ਖਾਲਸਾ

ਸਿੱਖ ਇਤਿਹਾਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਨਾਲ ਸਾਹਿਬ ਦੇਵਾਂ ਦੇ ‘ਅਨੰਦ’ ਦੀ ਰਸਮ ਭਾਈ ਗੁਰਬਖਸ਼ ਸਿੰਘ ਨੇ ਨਿਭਾਈ ਸੀ। ਵਿਆਹ ਤੋਂ ਬਾਅਦ ਮਾਤਾ ਸਾਹਿਬ ਦੇਈ ਅੰਮ੍ਰਿਤ ਛਕ ਕੇ ਸਾਹਿਬ ਕੌਰ ਬਣ ਗਏ।

ਆਨੰਦਪੁਰ ’ਚ ਕਿਤੇ ਕਿਤੇ ਹੌਲੇ ਦੇ ਰੰਗ ਸਨ, ਕਿਤੇ ਗੁਰਪੁਰਬਾਂ ਦੇ ਦਰਬਾਰ ਸਨ ਤੇ ਕਿਤੇ ਅੰਮ੍ਰਿਤ-ਅਭਿਲਾਖੀਆਂ ਦੀਆਂ ਲੰਮੀਆਂ ਕਤਾਰਾਂ ਸਨ। ਆਨੰਦਪੁਰ ਦੇ ਇਹ ਰੰਗ ਸਾਹਿਬ ਕੌਰ ਨੇ ਵੀ ਮਾਣੇ ਤੇ ਇਤਿਹਾਸ ਨੇ ਵੀ। ਸਾਹਿਬ ਕੌਰ ਹੱਥ ਬੰਨ੍ਹੀ ਖਲੋਤੀ ਸੀ ਤੇ ਸਾਹਿਬ ਦੇ ਦਰਬਾਰ ਅੱਗੇ ਝੋਲੀ ਅੱਡ ਰਹੀ ਸੀ। ਸਾਹਿਬ ਕਹਿਣ ਲੱਗੇ, ਕੀ ਗੱਲ ਸਾਹਿਬ ਅੱਜ ਗੁਰੂ ਦਰਬਾਰ ’ਚ ਕੀ ਫਰਿਆਦ ਲੈ ਕੇ ਆਏ ਹੋ। ਸਾਹਿਬ ਕੌਰ ਨੇ ਸਾਹਿਬ ਅੱਗੇ ਇਕ ਪੁੱਤਰ ਦੀ ਯਾਚਨਾ ਦੀ ਫਰਿਆਦ ਕੀਤੀ। ਸਾਹਿਬ ਕਹਿਣ ਲੱਗੇ ਤੁਹਾਨੂੰ ਤੇ ਸਾਡੇ ਕੀਤੇ ਸੰਕਲਪ ਦਾ ਪਤਾ, ਸਾਹਿਬ ਕੌਰ ਨੇ ਕਿਹਾ ਕਿ ਔਰਤ ਪੁੱਤਰ ਯਾਚਨਾ ਤੋਂ ਬਗੈਰ ਕਿਵੇਂ ਰਹਿ ਸਕਦੀ ਹੈ। ਗੁਰੂ ਸਾਹਿਬ ਨੇ ਪਹਿਲਾਂ ਖਾਲਸੇ ਵੱਲ ਨਿਗਾਹ ਮਾਰੀ ਤੇ ਫਿਰ ਸਾਹਿਬ ਕੌਰ ਵੱਲ। ਪ੍ਰਸੰਨਤਾ ਲਹਿਜ਼ੇ ਫਿਰ ਦਸ਼ਮੇਸ਼ ਨੇ ਅਟੱਲ ਵਾਕ ਕਹੇ, ‘‘ਸਾਹਿਬ ਕੌਰ ਤੂੰ ਪੁੱਤਰ ਦੀ ਮੰਗ ਕੀਤੀ ਹੈ ਤਾਂ ਅਸੀਂ ਖਾਲਸਾ ਪੁੱਤਰ ਤੇਰੀ ਝੋਲੀ ’ਚ ਪਾਉਂਦੇ ਹਾਂ। ਜਦ ਤਕ ਦੁਨੀਆਂ ’ਤੇ ਖਾਲਸਾ ਰਹੇਗਾ, ਤੇਰਾ ਨਾਂ ਵੀ ਰਹੇਗਾ। ਤੂੰ ਖਾਲਸੇ ਦੀ ਮਾਤਾ ਹੋਵੇਗੀ।’’ ਗੁਰੂ ਸਾਹਿਬ ਦੇ ਇਹ ਵਾਕ ਕਹਿਣ ਦੀ ਦੇਰ ਸੀ ਕਿ ਇਤਿਹਾਸ ਨੇ ਮਾਤਾ ਸਾਹਿਬ ਕੌਰ ਦਾ ਨਵਾਂ ਰੂਪ ਦੇਖਿਆ। ਇਹ ਰੂਪ ਖਾਲਸੇ ਦੀ ਮਾਤਾ ਦਾ ਸੀ। 

ਸਮੇਂ ਦਾ ਗੇੜ ਬੜੀ ਤੇਜ਼ੀ ਨਾਲ ਘੁੰਮਿਆ। ਆਨੰਦਪੁਰ ਦੁਆਲੇ ਸ਼ਾਹੀ ਫੌਜਾਂ ਦਾ ਘੇਰਾ, ਫਿਰ ਆਨੰਦਪੁਰ ’ਚੋਂ ਗੁਰੂ ਸਮੇਤ ਸਿੱਖ-ਸੰਗਤਾਂ ਜੋਧਿਆਂ ਦਾ ਨਿਕਲਣਾ, ਆਨੰਦਪੁਰ ਵਾਸੀਆਂ ਦਾ ਤਿੰਨ ਹਿੱਸਿਆਂ ’ਚ ਵੰਡਿਆ ਜਾਣਾ ਤੇ ਫਿਰ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦਾ ਧੰਨਾ ਸਿੰਘ ਨਾਂ ਦੇ ਇਕ ਸਿੱਖ ਨਾਲ ਪਹਿਲਾਂ ਰੋਪੜ ਤੇ ਫਿਰ ਰੋਪੜ ਤੋਂ ਦਿੱਲੀ ਵਿਖੇ ਪਹੁੰਚਣਾ। ਇਤਿਹਾਸ ’ਚੋਂ ਇਹ ਘਟਨਾਵਾਂ ਏਨੀ ਤੇਜ਼ੀ ਨਾਲ ਗੁਜ਼ਰੀਆਂ ਕਿ ਪੂਰਾ ਦ੍ਰਿਸ਼ ਹੀ ਬਦਲ ਗਿਆ ਸੀ। ਗੁਰੂ ਕਿਤੇ ਸਨ, ਸਿੱਖ ਕਿਤੇ ਸਨ ਤੇ ਪਰਿਵਾਰ ਅੱਗੋਂ-ਦੋ ਤਿੰਨ ਥਾਈਂ ਵੰਡਿਆ ਗਿਆ ਸੀ। ਸਾਹਿਬ ਕੌਰ ਗੁਰੂ ਜੀ ਦੇ ਦਰਸ਼ਨਾਂ ਤੋਂ ਵਾਂਝੇ ਹੋ ਚੁੱਕੇ ਸਨ। ਵਿਛੜਨ ਤੋਂ ਬਾਅਦ ਹਾਲਾਤ ਅਜਿਹੇ ਸਨ ਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਪਰਿਵਾਰ ਕਿੱਥੇ ਹੈ, ਸਿਰ ਦੇ ਸਾਈਂ ਪਤੀ ਕਿੱਥੇ ਹਨ ਤੇ ਮੁੜ ਕੇ ਮੇਲ ਹੋਵੇਗਾ ਵੀ ਕਿ ਨਹੀਂ ਜਾਂ ਕਦੋਂ ਹੋਵੇਗਾ।  ਬਿਖੜੇ ਤੇ ਕਠਿਨ ਹਾਲਾਤ ਨਾਲ ਜੂਝਦੇ ਗੁਰੂ ਜੀ ਬਠਿੰਡੇ ਦਮਦਮਾ ਸਾਹਿਬ ਪਹੁੰਚੇ ਤੇ ਮਾਤਾਵਾਂ ਨੂੰ ਜਦ ਪਤਾ ਲੱਗਿਆ ਤਾਂ ਉਹ ਵੀ ਸਿੱਖਾਂ-ਸੇਵਕਾਂ ਸਮੇਤ ਬਠਿੰਡੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਈਆਂ ਪਰ ਗੁਰੂ ਦੇ ਨਾਲ ਉਨ੍ਹਾਂ ਦੇ ਪਿਆਰੇ ਤੇ ਸਾਹਿਬਜ਼ਾਦੇ ਕਿਤੇ ਬੈਠੇ ਨਜ਼ਰ ਨਹੀਂ ਆ ਰਹੇ ਸਨ। ਮਾਤਾਵਾਂ ਨੇ ਜਦ ਗੁਰੂ ਸਾਹਿਬ ਦੇ ਮੂੰਹੋਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੇ ਬਦਲਦੇ ਹਾਲਾਤ ਦੀ ਵਾਰਤਾ ਸੁਣੀ ਤਾਂ ਡੂੰਘੇ ਸ਼ੋਕ ਵਿਚ ਚਲੀਆਂ ਗਈਆਂ। ਸਾਹਿਬ ਨੇ ਧਰਵਾਸ ਦਿੱਤਾ ਤੇ ਖਾਲਸੇ ਵੱਲ ਇਸ਼ਾਰਾ ਕਰ ਕੇ ਕਿਹਾ-

ਇਨ ਪੁਤ੍ਰਨ ਕੇ ਸੀਸ ਪਰ
ਵਾਰ ਦੀਏ ਸੁਤ ਚਾਰਿ॥
ਚਾਰ ਮੂਏ ਤੋ ਕਿਆ ਮੂਏ
ਜੀਵਤ ਕਈ ਹਜ਼ਾਰ॥

ਦੱਖਣ ਦੀ ਯਾਤਰਾ ਵਿਚ ਮਾਤਾ ਸਾਹਿਬ ਕੌਰ ਵੀ ਗੁਰੂ ਜੀ ਦੇ ਨਾਲ ਸਨ। ਗੁਰੂ ਜੀ ਦੇ ਆਦੇਸ਼ ਅਨੁਸਾਰ ਜਦ ਮਾਤਾ ਸਾਹਿਬ ਕੌਰ ਕੁਝ ਸਮਾਂ ਦੱਖਣ ਵਿਚ ਰਹਿ ਕੇ ਦਿੱਲੀ ਪਰਤੇ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਆਪਣੀ ਨਿਸ਼ਾਨੀ ਵਜੋਂ ਪੰਜ ਸ਼ਸਤਰ ਦਿੱਤੇ। ਇਕ ਮੁਹਰ ਦਾ ਜ਼ਿਕਰ ਵੀ ਇਤਿਹਾਸ ਨੇ ਕੀਤਾ ਹੈ ਜਿਨ੍ਹਾਂ ਦੀ ਵਰਤੋਂ ਮਾਤਾ ਜੀ ਸਮੇਂ-ਸਮੇਂ ਪੰਥ ਦੇ ਨਾਂ ਜਾਰੀ ਹੁਕਮਨਾਮਿਆਂ ਵਿਚ ਕਰਦੇ ਰਹੇ। ਮਾਤਾ ਸਾਹਿਬ ਕੌਰ ਵਾਪਸ ਦਿੱਲੀ ਮਾਤਾ ਸੁੰਦਰੀ  ਪਾਸ ਆ ਗਏ ਤੇ ਪਿੱਛੇ ਇਤਿਹਾਸ ਵਿਚ ਉਹ ਸਮਾਂ ਆਇਆ ਜਦੋਂ ਦਸ਼ਮੇਸ਼ ‘ਗੁਰੂ ਗ੍ਰੰਥ ਸਾਹਿਬ’ ਨੂੰ ਗੁਰਗੱਦੀ ਪ੍ਰਦਾਨ ਕਰ ਤੇ ਖਾਲਸੇ ਨੂੰ ਸ਼ਬਦ ਗੁਰੂ ਦੇ ਲੜ ਲਾ ਸਚਖੰਡ ਪਿਆਨਾ ਕਰ ਗਏ। ਮਾਤਾ ਸਾਹਿਬ ਕੌਰ ਨੂੰ ਜਦੋਂ ਇਸ ਖਬਰ ਦਾ ਪਤਾ ਦਿੱਲੀ ਲੱਗਾ ਤਾਂ ਆਪਣੇ ਸਾਈਂ ਦੇ ਪਿਆਰ ਤੇ ਯਾਦ ਵਿਚ ਗੁਜ਼ਾਰੇ ਵਕਤ ਨੂੰ ਕਿਵੇਂ ਹੰਢਾਇਆ, ਇਤਿਹਾਸ ਇਸ ਅਵਸਥਾ ਦੀ ਮਾਨਸਿਕ ਤਰਜਮਾਨੀ ਨਹੀਂ ਕਰ ਸਕਦਾ। ਸਾਹਿਬ ਕੌਰ ਦਸ਼ਮੇਸ਼ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤਕਰੀਬਨ 36 ਸਾਲ ਸਰੀਰਕ ਚੋਲੇ ’ਚ ਰਹੇ।  ਇਹ ਸਾਰਾ ਸਮਾਂ ਆਪ ਜੀ ਨੇ ਮਾਤਾ ਸੁੰਦਰੀ ਜੀ ਨਾਲ ਪੰਥਕ ਕਾਰ-ਵਿਹਾਰਾਂ ਵਿਚ ਬਿਤਾਇਆ।