ਜੇਐਨਯੂ 'ਚ ਗੁੰਡਾਗਰਦੀ ਕਰਨ ਵਾਲੀ ਬੀਬੀ ਏਬੀਵੀਪੀ ਦੀ ਕੋਮਲ ਸ਼ਰਮਾ ਹੀ ਸੀ!

ਜੇਐਨਯੂ 'ਚ ਗੁੰਡਾਗਰਦੀ ਕਰਨ ਵਾਲੀ ਬੀਬੀ ਏਬੀਵੀਪੀ ਦੀ ਕੋਮਲ ਸ਼ਰਮਾ ਹੀ ਸੀ!

ਨਵੀਂ ਦਿੱਲੀ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਕੁੱਟਮਾਰ ਦੇ ਮਾਮਲੇ 'ਚ ਖੁਲਾਸਾ ਹੋਇਆ ਹੈ ਕਿ ਲੋਹੇ ਦੀ ਰਾਡ ਫੜ੍ਹੀ ਕੁੱਟਮਾਰ ਕਰ ਰਹੀ ਇੱਕ ਕੁੜੀ ਏਬੀਵੀਪੀ ਨਾਲ ਸਬੰਧਿਤ ਹੈ। ਕੁੱਟਮਾਰ ਦੀਆਂ ਸਾਹਮਣੇ ਆਈਆਂ ਵੀਡੀਓ ਵਿੱਚ ਇਹ ਕੁੜੀ ਹੋਰ ਮੁੰਡਿਆਂ ਦੇ ਨਾਲ ਜੇਐਨਯੂ ਦੇ ਹੋਸਟਲਾਂ 'ਚ ਕੁੱਟਮਾਰ ਕਰਦੀ ਨਜ਼ਰ ਆ ਰਹੀ ਸੀ। ਪਹਿਲੇ ਦਿਨ ਤੋਂ ਹੀ ਵਿਦਿਆਰਥੀ ਕਹਿ ਰਹੇ ਸਨ ਕਿ ਇਹ ਕੁੜੀ ਏਬੀਵੀਪੀ ਨਾਲ ਸਬੰਧਿਤ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਹੁਣ ਦਿੱਲੀ ਪੁਲਸ ਨੇ ਬਿਆਨ ਜਾਰੀ ਕੀਤਾ ਹੈ ਕਿ ਮੂੰਹ 'ਤੇ ਕਪੜਾ ਬੰਨ੍ਹੀ ਨਜ਼ਰ ਆ ਰਹੀ ਇਸ ਕੁੜੀ ਦੀ ਪਛਾਣ ਕਰ ਲਈ ਗਈ ਹੈ ਜੋ ਦਿੱਲੀ ਯੂਨੀਵਰਸਿਟੀ ਨਾਲ ਸਬੰਧਿਤ ਹੈ। ਪਰ ਪੁਲਸ ਨੇ ਇਸ ਕੁੜੀ ਦਾ ਨਾਂ ਜਨਤਕ ਨਹੀਂ ਕੀਤਾ ਹੈ।

ਪੁਲਸ ਦਾ ਕਹਿਣਾ ਹੈ ਕਿ ਉਹਨਾਂ ਇਸ ਕੁੜੀ ਨੂੰ ਪੁਛਗਿੱਛ ਲਈ ਬੁਲਾਇਆ ਸੀ ਪਰ ਉਹ ਨਹੀਂ ਆਈ। ਪੁਲਸ ਨੇ ਕਿਹਾ ਕਿ ਹੁਣ ਉਸਨੂੰ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ। 

ਭਾਵੇਂਕਿ ਪੁਲਸ ਨੇ ਕੁੜੀ ਦਾ ਨਾਂ ਜਨਤਕ ਨਹੀਂ ਕੀਤਾ ਹੈ, ਪਰ ਕੁੱਟਮਾਰ ਵਾਲੇ ਦਿਨ ਹੀ ਅੰਜਨਾ ਠਾਕੁਰ ਨਾਂ ਦੀ ਇੱਕ ਕੁੜੀ ਦਾ ਇੰਸਟਾਗ੍ਰਾਮ ਪੋਸਟ ਵਾਇਰਲ ਹੋ ਗਿਆ ਸੀ ਜਿਸ ਵਿਚ ਉਸ ਵੱਲੋਂ ਕਿਹਾ ਗਿਆ ਸੀ ਕਿ ਇਹ ਕੁੜੀ ਕੋਮਲ ਸ਼ਰਮਾ ਹੈ ਜੋ ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਦੀ ਵਿਦਿਆਰਥਣ ਹੈ ਅਤੇ ਏਬੀਵੀਪੀ ਦੀ ਮੈਂਬਰ ਹੈ। 

ਅੰਜਨਾ ਸ਼ਰਮਾ ਉਸੇ ਕਾਲਜ ਵਿਚ ਕੋਮਲ ਸ਼ਰਮਾ ਤੋਂ ਇੱਕ ਸਾਲ ਅੱਗੇ ਦੀ ਵਿਦਿਆਰਥਣ ਹੈ। ਅੰਜਨਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਉਸਦੀ ਕੋਮਲ ਸ਼ਰਮਾ ਨਾਲ ਹੋਈ ਗੱਲਬਾਤ ਜਨਤਕ ਕੀਤੀ ਸੀ ਜਿਸ ਵਿਚ ਕੋਮਲ ਸ਼ਰਮਾ ਮੰਨ ਰਹੀ ਸੀ ਕਿ ਕੁੱਟਮਾਰ ਦੀ ਵੀਡੀਓ ਵਿਚ ਨਜ਼ਰ ਪੈ ਰਹੀ ਕੁੜੀ ਉਹੀ ਹੈ। 

ਦਸ ਦਈਏ ਕਿ ਪੁਲਸ ਨੇ ਇਸ ਕੁੱਟਮਾਰ ਦੇ ਮਾਮਲੇ 'ਚ ਹੁਣ ਤੱਕ 8 ਵਿਦਿਆਰਥੀਆਂ ਨੂੰ ਨਾਮਜ਼ਦ ਕੀਤਾ ਹੈ ਜਿਹਨਾਂ ਵਿੱਚੋਂ 6 ਵਿਦਿਆਰਥੀ ਖੱਬੇਪੱਖੀ ਜਥੇਬੰਦੀਆਂ ਨਾਲ ਸਬੰਧਤ ਹਨ ਜਦਕਿ 2 ਵਿਦਿਆਰਥੀ ਏਬੀਵੀਪੀ ਨਾਲ ਸਬੰਧਤ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।