ਪੱਤਰਕਾਰ ਮੇਜਰ ਸਿੰਘ ਕੁੱਟਮਾਰ ਮਾਮਲੇ 'ਚ ਗ੍ਰਹਿ ਵਿਭਾਗ ਨੇ ਰਿਪੋਰਟ ਤਲਬ ਕੀਤੀ

ਪੱਤਰਕਾਰ ਮੇਜਰ ਸਿੰਘ ਕੁੱਟਮਾਰ ਮਾਮਲੇ 'ਚ ਗ੍ਰਹਿ ਵਿਭਾਗ ਨੇ ਰਿਪੋਰਟ ਤਲਬ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੋਹਾਲੀ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਵਿੱਚ ਬੀਤੀ 22 ਮਈ ਨੂੰ ਦੋ ਧਿਰਾਂ ਵਿੱਚ ਹੋਏ ਆਪਸੀ ਝਗੜੇ ਦੀ ਕਵਰੇਜ ਕਰ ਰਹੇ ਗੁਰਸਿੱਖ ਪੱਤਰਕਾਰ ਮੇਜਰ ਸਿੰਘ ਪੰਜਾਬੀ ਨੂੰ ਮੌਕੇ ਤੋਂ ਜਬਰੀ ਚੁੱਕ ਕੇ ਫੇਜ਼-1 ਥਾਣੇ ਲਿਜਾਣ ਅਤੇ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਨੇ ਮੁਹਾਲੀ ਦੇ ਐੱਸਐੱਸਪੀ ਨੂੰ ਪੱਤਰ ਭੇਜ ਕੇ ਸਮੁੱਚੇ ਘਟਨਾਕ੍ਰਮ ਬਾਰੇ ਰਿਪੋਰਟ ਮੰਗੀ ਹੈ। ਉਧਰ, ਧਾਰਾ 295ਏ ਤਹਿਤ ਦਰਜ ਮਾਮਲੇ ਵਿੱਚ ਨਾਮਜ਼ਦ ਏਐੱਸਆਈ ਓਮ ਪ੍ਰਕਾਸ਼ ਹਾਲੇ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਫੇਜ਼ 4 ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਲੜਾਈ ਹੋਈ ਸੀ, ਜਿਸ ਦੀ ਪੱਤਰਕਾਰ ਮੇਜਰ ਸਿੰਘ ਕਵਰੇਜ ਕਰ ਰਹੇ ਸੀ। ਇਸ ਦੌਰਾਨ ਪੁਲਸ ਦੀ ਗ੍ਰਿਫਤ ਵਿਚੋਂ ਇਕ ਬੰਦਾ ਛੁੱਟ ਕੇ ਭੱਜ ਗਿਆ। ਪੁਲਸ ਨੇ ਉਸ ਨੂੰ ਫੜਨ ਦੀ ਬਜਾਏ ਵੀਡੀਓ ਬਣਾ ਰਹੇ ਪੱਤਰਕਾਰ ਮੇਜਰ ਸਿੰਘ ਨੂੰ ਚੁੱਕਿਆ ਅਤੇ ਥਾਣੇ ਲੈ ਗਏ। ਉੱਥੇ ਥਾਣੇ ਦੇ ਬਾਹਰ ਹੀ ਏਐਸਆਈ ਓਮ ਪ੍ਰਕਾਸ਼ ਅਤੇ ਅਮਰ ਨਾਥ ਨੇ ਪੱਤਰਕਾਰ ਮੇਜਰ ਸਿੰਘ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਮੇਜਰ ਸਿੰਘ ਦੀ ਦਸਤਾਰ ਲਹਿ ਗਈ ਤੇ ਕੇਸਾਂ ਵਿਚ ਲਾਇਆ ਕੰਘਾ ਵੀ ਡਿਗ ਗਿਆ। ਮੇਜਰ ਸਿੰਘ ਨੇ ਦੱਸਿਆ ਸੀ ਕਿ ਉਹ ਇਹਨਾਂ ਦੋਵਾਂ ਨੂੰ ਦਸਤਾਰ ਅਤੇ ਕੰਘੇ ਦੀ ਬੇਅਦਬੀ ਨਾ ਕਰਨ ਦਾ ਵਾਸਤਾ ਪਾਉਂਦਾ ਰਿਹਾ ਪਰ ਇਹਨਾਂ ਦੋਵਾਂ ਨੇ ਉਸਦੀ ਕੋਈ ਗੱਲ ਨਹੀਂ ਸੁਣੀ। ਕੁੱਟਮਾਰ ਕਰਦਿਆਂ ਇਹਨਾਂ ਅਫਸਰਾਂ ਨੇ ਪੱਤਰਕਾਰ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਸੀ।

ਬਾਅਦ ਵਿਚ ਉੱਚ ਅਫਸਰਾਂ ਦੇ ਆਉਣ 'ਤੇ ਪੱਤਰਕਾਰ ਨੂੰ ਹਵਾਲਾਤ ਵਿਚੋਂ ਬਾਹਰ ਕੱਢ ਕੇ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਕਈ ਦਿਨ ਇਲਾਜ਼ ਚੱਲਿਆ।