ਸਾਡਾ ਵੱਡਮੁੱਲਾ ਵਿਰਸਾ ਲੋਕ ਸਿਆਣਪਾਂ

ਸਾਡਾ ਵੱਡਮੁੱਲਾ ਵਿਰਸਾ ਲੋਕ ਸਿਆਣਪਾਂ

ਸੁਖਦੇਵ ਮਾਦਪੁਰੀ

ਲੋਕ ਵਿਸ਼ਵਾਸ ਹੈ ਕਿ ਰੱਬ ਦੀ ਦਰਗਾਹ ਵਿੱਚ ਜਾਤ ਪਾਤ ਲਈ ਕੋਈ ਥਾਂ ਨਹੀਂ। ਉੱਥੇ ਤਾਂ ਮਨੁੱਖ ਦੀ ਇਸ ਸੰਸਾਰ ਯਾਤਰਾ ਸਮੇਂ ਕੀਤੇ ਚੰਗੇ-ਮੰਦੇ ਕਾਰਜਾਂ ਦੀ ਹੀ ਪਰਖ ਪੜਚੋਲ ਹੁੰਦੀ ਹੈ:

ਅਮਲਾਂ ਦੇ ਹੋਣਗੇ ਨਬੇੜੇ,
ਜਾਤ ਕਿਸੇ ਪੁੱਛਣੀ ਨਹੀਂ।

ਬਿਹਤਰ ਇਹੀ ਹੈ ਮਨੁੱਖ ਲੋਕ ਹਿਤਾਂ ਵਾਲੇ ਕੰਮ-ਧੰਦੇ ਕਰੇ:

ਕਾਹਨੂੰ ਮਾਰਦੈਂ ਚੰਦਰਿਆ ਡਾਕੇ,
ਔਖੀ ਹੋ ਜਾਊ ਕੈਦ ਕੱਟਣੀ।

ਸਮੇਂ ਦੇ ਗੇੜ ਨੇ ਸਾਨੂੰ ਮਤਲਬ-ਪ੍ਰਸਤ ਬਣਾ ਦਿੱਤਾ ਹੈ:

ਕੋਈ ਨਾ ਕਿਸੇ ਦਾ ਬੇਲੀ,
ਦੁਨੀਆ ਮਤਲਬ ਦੀ।

ਕੋਠਾ ਉੱਸਰਿਆ, ਤਰਖਾਣ ਵਿਸਰਿਆ।

ਲੋਕ ਸਿਆਣਪ ਦੀ ਸਮਝਾਉਣੀ ਹੈ ਕਿ ਜੇਕਰ ਤੁਸੀਂ ਸੁਖ-ਚੈਨ ਦੀ ਜ਼ਿੰਦਗੀ ਜਿਊਣੀ ਹੈ ਤਾਂ ਆਪਣੇ ਜੀਵਨ ਝਮੇਲੇ, ਮਸਲੇ ਆਪ ਨਜਿੱਠੋ ਅਤੇ ਦੂਜਿਆਂ ਦੇ ਮਸਲਿਆਂ ਵਿੱਚ ਦਖਲ-ਅੰਦਾਜ਼ ਨਾ ਹੋਵੇ ਅਤੇ ਅਜੋਕੇ ਚੋਰਾਂ-ਠੱਗਾਂ ਪਾਸੋਂ ਆਪਣੀ ਸੰਪਤੀ ਬਚਾ ਕੇ ਰੱਖੋ:

ਆਪਣੀ ਫਸੀ ਨਬੇੜ, ਤੈਨੂੰ ਹੋਰ ਨਾਲ ਕੀ।

ਆਪਣੀ ਗੱਠੜੀ ਸੰਭਾਲ, ਤੈਨੂੰ ਚੋਰ ਨਾਲ ਕੀ।

ਮੁੰਡੇ ਦੇ ਜਨਮ ਅਤੇ ਵਿਆਹ ਦੇ ਮੌਕੇ ’ਤੇ ਵਧਾਈਆਂ ਦੇਣ ਸਮੇਂ ਨੱਚਦੇ ਖੁਸਰਿਆਂ ਦੀ ਧਮਕ ਤਾਲ ਤੇ ਵੱਜਦੀ ਤਾੜੀ ਦੀ ਟੁਣਕਾਰ ਗ਼ਮਾਂ-ਫਿਕਰਾਂ ਨੂੰ ਕਾਫੂਰ ਕਰ ਦਿੰਦੀ ਹੈ। ਉਹਨਾਂ ਦੇ ਜੀਵਨ-ਰਹੱਸ ਦੀ ਆਪਣੀ ਵਿਲੱਖਣਤਾ ਹੈ -ਨਾ ਰੰਨ ਨਾ ਕੰਨ ਦੇ ਸਬੱਬ ਹੀ ‘ਕੋਈ ਮਰੇ ਕੋਈ ਜੀਵੇ, ਖੁਸਰਾ ਘੋਲ ਪਤਾਸੇ ਪੀਵੇ’ ਅਖਾਣ ਦੀ ਸਿਰਜਣਾ ਹੋਈ ਹੈ।

ਲੋਕ ਸਿਆਣਪਾਂ-ਅਖਾਣ, ਅਖੌਤਾਂ, ਕਹਾਵਤਾਂ ਮਿੱਥ ਕੇ ਨਹੀਂ ਸਿਰਜੀਆਂ ਜਾਂਦੀਆਂ ਬਲਕਿ ਇਹ ਜੀਵਨ ਵਿਹਾਰ ਵਿੱਚੋਂ ਸੁਭਾਵਕ ਹੀ ਜਨਮ ਲੈ ਕੇ ਜੀਵਨਧਾਰਾ ਵਿੱਚ ਸਮੋ ਜਾਂਦੀਆਂ ਹਨ। ਇਹਨਾਂ ਦੀ ਸਿਰਜਣਾ ਪਿੱਛੇ ਕੋਈ ਨਾ ਕੋਈ ਘਟਨਾ ਜਾਂ ਜੀਵਨ ਬ੍ਰਿਤਾਂਤ ਲੁਪਤ ਹੁੰਦਾ ਹੈ। ਪੁਰਾਣੇ ਜ਼ਮਾਨੇ ਵਿੱਚ ਰਿਸ਼ੀ ਮੁਨੀ ਆਬਾਦੀ ਤੋਂ ਦੂਰ ਜੰਗਲਾਂ/ਬਣਾਂ ਵਿੱਚ ਕੁਟੀਆ ਅਥਵਾ ਆਸ਼ਰਮ ਬਣਾ ਕੇ ਰਹਿੰਦੇ ਸਨ। ਜਿੱਥੇ ਉਹ ਆਪ ਅਧਿਐਨ ਕਰਦੇ ਸਨ ਤੇ ਆਪਣੇ ਚੇਲਿਆਂ ਨੂੰ ਸਿੱਖਿਅਤ ਕਰਦੇ ਸਨ। ਉਦੋਂ ਨਲਕੇ ਅਤੇ ਟਿਊਬੈਲ ਨਹੀਂ ਸਨ ਹੁੰਦੇ, ਪਾਣੀ ਖੂਹਾਂ ਤੋਂ ਭਰਿਆ ਜਾਂਦਾ ਸੀ। ਆਸ਼ਰਮ ਵਿੱਚ ਰਹਿੰਦੇ ਇਕ ਰਿਸ਼ੀ ਨੇ ਇਕ ਦਿਨ ਆਪਣੇ ਇੱਕ ਚੇਲੇ ਨੂੰ ਖੂਹ ਤੋਂ ਪਾਣੀ ਲਿਆਉਣ ਲਈ ਕਿਹਾ। ਚੇਲਾ ਲੱਜ ਡੋਲ ਲੈ ਕੇ ਖੂਹ ’ਤੇ ਗਿਆ ਤੇ ਖੂਹ ਦੀ ਮੌਣ ’ਤੇ ਗੱਡੀ ਭੌਣੀ ਰਾਹੀਂ ਡੋਲ ਖੂਹ ਵਿੱਚ ਫਰਾਹ ਦਿੱਤਾ। ਲੱਜ ਛੋਟੀ ਹੋਣ ਕਰਕੇ ਡੋਲ ਖੂਹ ਦੇ ਪਾਣੀ ਤੱਕ ਨਾ ਪੁੱਜਾ। ਉਹਨੇ ਖਾਲੀ ਡੋਲ ਬਾਹਰ ਕੱਢ ਲਿਆ ਤੇ ਰਿਸ਼ੀ ਨੂੰ ਵਾਪਸ ਆ ਕੇ ਆਖਿਆ, “ਰਿਸ਼ੀ ਜੀ, ਖੂਹ ਤਾਂ ਖਾਲੀ ਹੈ।”

ਰਿਸ਼ੀ ਨੇ ਦੂਜੇ ਚੇਲੇ ਨੂੰ ਪਾਣੀ ਲਿਆਉਣ ਲਈ ਭੇਜ ਦਿੱਤਾ। ਦੂਜੇ ਚੇਲੇ ਨੇ ਖੂਹ ’ਤੇ ਜਾ ਕੇ ਜਦੋਂ ਡੋਲ ਫਰਾਹਿਆ, ਡੋਲ ਪਾਣੀ ਤੱਕ ਨਾ ਪੁੱਜਾ। ਚੇਲਾ ਸਮਝ ਗਿਆ ਕਿ ਲੱਜ ਦੀ ਲੰਬਾਈ ਘੱਟ ਹੋਣ ਕਰਕੇ ਡੋਲ ਪਾਣੀ ਤੱਕ ਨਹੀਂ ਪੁੱਜਾ। ਉਸ ਨੇ ਆਪਣੀ ਅਕਲ ਤੋਂ ਕੰਮ ਲਿਆ ਤੇ ਲੱਜ ਨਾਲ ਆਪਣੀ ਪੱਗ ਬੰਨ੍ਹ ਕੇ ਡੋਲ ਦੁਬਾਰਾ ਖੂਹਾ ਵਿੱਚ ਲਮਕਾ ਦਿੱਤਾ। ਫਿਰ ਪਾਣੀ ਨਾਲ ਭਰਿਆ ਡੋਲ ਬਾਹਰ ਕੱਢ ਲਿਆ ਤੇ ਪਾਣੀ ਰਿਸ਼ੀ ਜੀ ਅੱਗੇ ਲਿਆ ਧਰਿਆ। ਪਾਣੀ ਵੇਖ ਕੇ ਰਿਸ਼ੀ ਜੀ ਮੁਸਕਰਾਏ ਤੇ ਪਹਿਲੇ ਚੇਲੇ ਨੂੰ ਕਿਹਾ, “ਭਗਤਾ, ਇਹਨੂੰ ਕਹਿੰਦੇ ਨੇ ‘ਅਕਲਾਂ ਬਾਝੋ ਖੂਹ ਖਾਲੀ’। ਤੈਂ ਆਪਣੀ ਅਕਲ ਨਹੀਂ, ਵਰਤੀ ਖੂਹ ਖਾਲੀ ਹੋ ਗਿਆ। ਇਹਨੇ ਅਕਲ ਤੋਂ ਕੰਮ ਲੈ ਕੇ ਪਾਣੀ ਭਰ ਲਿਆਂਦਾ ਹੈ।”

ਇਸੇ ਜ਼ਮਾਨੇ ਦੀ ‘ਮਨ ਜੀਤੇ ਜਗ ਜੀਤ’ ਅਖਾਣ ਨਾਲ ਸਬੰਧੀ ਇੱਕ ਘਟਨਾ ਜੁੜੀ ਹੋਈ ਹੈ। ਬਣ ਵਿੱਚ ਰਹਿੰਦੇ ਇੱਕ ਰਿਸ਼ੀ ਨੇ ਆਪਣੇ ਇੱਕ ਚੇਲੇ ਨੂੰ ਇੱਕ ਟਰੰਕ ਦੇ ਕੇ ਕਿਹਾ, “ਜਾਹ ਭਗਤਾ, ਇਹ ਟਰੰਕ ਔਗੜ ਨਾਥ ਜੀ ਨੂੰ ਫੜਾ ਆ। ਉਹਨਾਂ ਦੀ ਕੂਟੀਆ ਦਾ ਤਾਂ ਤੈਨੂੰ ਪਤਾ ਹੀ ਹੈ।”

ਟਰੰਕ ਦੇ ਕੁੰਡੇ ਨੂੰ ਜਿੰਦਾ ਨਹੀਂ ਸੀ। ਜਿੰਦੇ ਦੀ ਥਾਂ ਮੋਟਾ ਧਾਗਾ ਬੰਨ੍ਹਿਆਂ ਹੋਇਆ ਸੀ। ਚੇਲਾ ਟਰੰਕ ਲੈ ਕੇ ਟੁਰ ਪਿਆ। ਰਾਹ ਵਿੱਚ ਉਹਦੇ ਮਨ ਵਿੱਚ ਆਇਆ ਕਿ ਕਿਉਂ ਨਾ ਉਹ ਟਰੰਕ ਖੋਲ੍ਹ ਕੇ ਵੇਖ ਲਵੇ ਕਿ ਇਹਦੇ ਵਿੱਚ ਰਿਸ਼ੀ ਜੀ ਨੇ ਭੇਜਿਆ ਕੀ ਹੈ। ਉਹਨੇ ਜੱਕੋ ਤੱਕੀ ਵਿੱਚ ਟਰੰਕ ਖੋਲ੍ਹ ਲਿਆ। ਟਰੰਕ ਦੇ ਖੁੱਲ੍ਹਣ ਸਾਰ ਹੀ ਟਰੰਕ ਵਿੱਚੋਂ ਇੱਕ ਚੂਹਾ ਟਪੂਸੀ ਮਾਰਕੇ ਝਾੜੀਆਂ ਵਿੱਚ ਜਾ ਲੁਕਿਆ। ਚੇਲੇ ਨੇ ਚੂਹਾ ਲੱਭਣ ਦੀ ਬਥੇਰੀ ਕੋਸ਼ਿਸ਼ ਕੀਤੀ। ਆਖਰ ਉਸ ਨੇ ਟਰੰਕ ਦੇ ਕੁੰਡੇ ਨੂੰ ਦੋਬਾਰਾ ਓਹੀ ਰੱਸੀ ਬੰਨ੍ਹ ਦਿੱਤੀ ਤੇ ਟਰੰਕ ਲੈ ਕੇ ਤੁਰ ਪਿਆ। ਦੂਜੇ ਰਿਸ਼ੀ ਨੂੰ ਟਰੰਕ ਜਾ ਫੜਾਇਆ। ਰਿਸ਼ੀ ਨੇ ਟਰੰਕ ਖੋਲ੍ਹ ਕੇ ਦੇਖਿਆ, ਟਰੰਕ ਖਾਲੀ ਸੀ। ਉਹਨੇ ਚੇਲੇ ਨੂੰ ਕਿਹਾ, “ਕਾਕਾ, ਤੇਰੇ ਰਿਸ਼ੀ ਨੇ ਤਾਂ ਮੇਰੇ ਲਈ ਚੂਹਾ ਭੇਜਿਆ ਸੀ, ਉਹ ਕਿੱਥੇ ਹੈ?”

ਸ਼ਰਮਸਾਰ ਹੋਏ ਚੇਲੇ ਨੇ ਉੱਤਰ ਦਿੱਤਾ “ਮਹਾਰਾਜ, ਮੈਂ ਟਰੰਕ ਖੋਲ੍ਹ ਲਿਆ ਸੀ। ਚੂਹਾ ਵਿੱਚੋਂ ਦੌੜ ਗਿਆ ਹੈ।”

ਰਿਸ਼ੀ ਨੇ ਚੇਲੇ ਨੂੰ ਸਮਝਾਇਆ “ਪੁੱਤਰਾ, ਤੂੰ ਇਹ ਚੰਗਾ ਨਹੀਂ ਕੀਤਾ। ਤੇਰੇ ਗੁਰੂ ਜੀ ਤੇਰਾ ਇਮਤਿਹਾਨ ਲੈ ਰਹੇ ਸਨ। ਤੂੰ ਆਪਣੇ ਚੰਚਲ ਮਨ ਨੂੰ ਕਾਬੂ ਨਹੀਂ ਕਰ ਸਕਿਆ। ਆਪਣਾ ਮਨ ਜਿੱਤ ਕੇ ਹੀ ਜੱਗ ਜਿੱਤਿਆ ਜਾ ਸਕਦਾ ਹੈ। ਜਾਹ ਜਾ ਕੇ ਉਹਨਾਂ ਪਾਸੋਂ ਆਪਣੀ ਭੁੱਲ ਦੀ ਖਿਮਾਂ ਮੰਗ।”

ਮਾਤ ਭਾਸ਼ਾ ਦੇ ਮਹੱਤਵ ਨੂੰ ਉਘਾੜਦੀ ਇੱਕ ਕਹਾਵਤ ਹੈ:

ਆਬ ਆਬ ਕਰ ਮੋਇਓ ਬੱਚਾ, ਫਾਰਸੀਆਂ ਘਰ ਗਾਲੇ।
ਪਤਾ ਹੁੰਦਾ ਜੇ ਪਾਣੀ ਮੰਗਦਾ, ਭਰ ਭਰ ਦਿੰਦੀ ਪਿਆਲੇ।

ਆਬ ਫਾਰਸੀ ਦਾ ਸ਼ਬਦ ਹੈ। ਫਾਰਸੀ ਵਿੱਚ ਜਲ ਪਾਣੀ ਨੂੰ ਆਬ ਆਖਦੇ ਹਨ। ਫਾਰਸੀ ਇਰਾਨ ਦੇਸ਼ ਦੀ ਭਾਸ਼ਾ ਹੈ। ਜਦੋਂ ਭਾਰਤ ਵਿੱਚ ਮੁਸਲਮਾਨਾਂ ਨੇ ਰਾਜ ਕਰਨਾ ਸ਼ੁਰੂ ਕੀਤਾ ਤਾਂ ਇਹ ਭਾਰਤ ਵਿੱਚ ਪ੍ਰਵੇਸ਼ ਕਰ ਗਈ। ਸਰਕਾਰੀ ਕੰਮ ਕਾਜ ਫਾਰਸੀ ਭਾਸ਼ਾ ਵਿੱਚ ਹੋਣ ਕਰਕੇ ਆਮ ਲੋਕਾਂ ਨੇ ਉੱਚ ਅਹੁਦੇ ਪ੍ਰਾਪਤ ਕਰਨ ਲਈ ਫਾਰਸੀ ਪੜ੍ਹਨੀ ਲਿਖਣੀ ਸ਼ੁਰੂ ਕਰ ਦਿੱਤੀ। ਪੰਜਾਬ ਵਿੱਚ ਰਾਜੇ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਵੀ ਫਾਰਸੀ ਪੰਜਾਬ ਦੀ ਰਾਜ ਭਾਸ਼ਾ ਸੀ। ਲੋਕ ਫਾਰਸੀ ਲਿਖਣ, ਪੜ੍ਹਨ ਅਤੇ ਬੋਲਣ ਵਿੱਚ ਫਖ਼ਰ ਸਮਝਦੇ ਸਨ। ਕਿਸੇ ਨੇ ਆਪਣੇ ਬੱਚੇ ਨੂੰ ਸਰਕਾਰੀ ਅਹੁਦਾ ਪ੍ਰਾਪਤ ਕਰਨ ਲਈ ਮਸੀਤ ਵਿੱਚ ਕਾਜ਼ੀ ਕੋਲੋਂ ਫਾਰਸੀ ਪੜ੍ਹਨ ਭੇਜ ਦਿੱਤਾ, ਜਿੱਥੇ ਉਹ ਦੂਜੇ ਮੁੰਡਿਆਂ ਨਾਲ ਪਾਣੀ ਨੂੰ ਆਬ ਆਖਣ ਲੱਗ ਪਿਆ। ਇੱਕ ਦਿਨ ਉਹ ਬਿਮਾਰ ਹੋ ਗਿਆ ਤੇ ਆਬ ਆਬ ਆਖਕੇ ਆਪਣੀ ਮਾਂ ਕੋਲੋਂ ਪਾਣੀ ਮੰਗਣ ਲੱਗਾ। ਅਨਪੜ੍ਹ ਹੋਣ ਕਾਰਨ ਉਹ ਪਾਣੀ ਮੰਗਦੇ ਬੱਚੇ ਦੀ ਗੱਲ ਸਮਝ ਨਾ ਸਕੀ। ਇੰਨੇ ਨੂੰ ਬੱਚੇ ਦੀ ਪਾਣੀ ਨਾ ਮਿਲਣ ਕਰਕੇ ਮੌਤ ਹੋ ਗਈ।

ਬਾਹਰੋਂ ਅਫਸੋਸ ਕਰਨ ਆਏ ਲੋਕਾਂ ਨੇ ਮੌਤ ਦਾ ਕਾਰਨ ਪੁੱਛਿਆ ਤਾਂ ਰੋਂਦੀ ਹੋਈ ਮਾਂ ਨੇ ਕਿਹਾ, “ਬੀਮਾਰੀ ਦਾ ਤਾਂ ਮੈਂਨੂੰ ਪਤਾ ਨਹੀਂ, ਹੂੰਗਰਾਂ ਮਾਰਦਾ ਹੋਇਆ ਆਬ ਆਬ ਆਖੀ ਜਾਂਦਾ ਸੀ। ਪੜ੍ਹੇ ਲਿਖੇ ਇੱਕ ਪੁਰਸ਼ ਨੇ ਦੱਸਿਆ ਕਿ ਫਾਰਸੀ ਭਾਸ਼ਾ ਵਿੱਚ ਪਾਣੀ ਨੂੰ ਆਬ ਕਹਿੰਦੇ ਹਨ। ਇਹ ਸੁਣਕੇ ਉਹ ਬਹੁਤ ਪਛਤਾਈ ਤੇ ਕੂਕਣ ਲੱਗੀ:

ਆਬ ਆਬ ਕਰ ਮੋਇਓ ਬੱਚਾ, ਫਾਰਸੀਆਂ ਘਰ ਗਾਲੇ।
ਪਤਾ ਹੁੰਦਾ ਜੇ ਪਾਣੀ ਮੰਗਦਾ, ਦਿੰਦੀ ਭਰ ਭਰ ਪਿਆਲੇ।

ਜਿਹੜੇ ਲੋਕ ਆਪਣੀ ਮਾਤ ਭਾਸ਼ਾ ਨੂੰ ਨਾ ਅਪਣਾ ਕੇ ਦੂਜੀਆਂ ਭਾਸ਼ਾਵਾਂ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਸੁਚੇਤ ਕਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਜਿੱਥੇ ਲੋਕ ਗੀਤ ਜਨ ਸਾਧਾਰਣ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ ਉੱਥੇ ਲੋਕ ਅਖਾਣ ਅਤੇ ਮੁਹਾਵਰੇ ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਲੋਕਾਂ ਅੱਗੇ ਉਘਾੜ ਕੇ ਪੇਸ਼ ਕਰਦੇ ਹਨ। ਇਹ ਉਹ ਬੇਸ਼ਕੀਮਤੀ ਹੀਰੇ ਮੋਤੀਆਂ ਦੀਆਂ ਲੜੀਆਂ ਹਨ ਜਿਨ੍ਹਾਂ ਵਿੱਚ ਜੀਵਨ ਤੱਤ ਪਰੋਏ ਹੋਏ ਹਨ। ਇਹ ਸਾਡੇ ਜੀਵਨ ਵਿੱਚ ਰਸ ਹੀ ਨਹੀਂ ਘੋਲਦੇ, ਸੋਹਜ ਵੀ ਪੈਦਾ ਕਰਨੇ ਹਨ ਅਤੇ ਜੀਵਨ ਦੀਆਂ ਕਈ ਸਮੱਸਿਆਵਾਂ ਵੀ ਸੁਲਝਾਉਂਦੇ ਹਨ।

ਲੋਕ ਗੀਤਾਂ ਵਾਂਗ ਅਖਾਣ ਅਤੇ ਮੁਹਾਵਰੇ ਵੀ ਕਿਸੇ ਵਿਸ਼ੇਸ਼ ਵਿਅਕਤੀ ਦੀ ਰਚਨਾ ਨਹੀਂ ਹੁੰਦੇ ਬਲਕਿ ਇਹ ਸਮੁੱਚੀ ਕੌਮ ਦੇ ਸਦੀਆਂ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿੱਚ ਸੋਧ ਕੇ ਜੀਵਨ ਪਰਵਾਹ ਵਿੱਚ ਰਲ ਜਾਂਦੇ ਹਨ।

ਮਸ਼ੀਨੀ ਸੱਭਿਅਤਾ ਦੇ ਪ੍ਰਭਾਵ ਕਾਰਨ ਪੰਜਾਬ ਦੇ ਲੋਕ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਅੱਜ ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਸਮੁੱਚੇ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੁੜ ਗਏ ਹਨ। ਖੇਤੀਬਾੜੀ ਕਰਨ ਦੇ ਢੰਗ ਤਬਦੀਲ ਹੋ ਗਏ ਹਨ। ਹਰਟਾਂ ਦੀ ਥਾਂ ਟਿਊਬਵੈੱਲ ਅਤੇ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਪਿੰਡਾਂ ਦਾ ਵੀ ਸ਼ਹਿਰੀਕਰਣ ਹੋ ਰਿਹਾ ਹੈ। ਘਰ ਘਰ ਰੇਡੀਓ ਅਤੇ ਟੈਲੀਵਿਜ਼ਨ ਸੁਣਾਈ ਦਿੰਦੇ ਹਨ। ਪਿੰਡਾਂ ਵਿੱਚ ਨਾ ਹੁਣ ਪਹਿਲਾਂ ਵਾਂਗ ਸੱਥਾਂ ਤੇ ਮਹਿਫਲਾਂ ਜੁੜਦੀਆਂ ਹਨ ਨਾ ਦੁਪਹਿਰਾਂ ਵੇਲੇ ਪਿੰਡਾਂ ਦੇ ਬਰੋਟਿਆਂ-ਟਾਹਲੀਆਂ ਦੀ ਛਾਵੇਂ ਲੋਕ ਮਿਲ ਬੈਠਦੇ ਹਨ। ਨਾ ਕਿਧਰੇ ਤ੍ਰਿੰਝਣਾਂ ਦੀ ਘੂਕਰ ਸੁਣਾਈ ਦਿੰਦੀ ਹੈ, ਅਤੇ ਨਾ ਹੀ ਬਲਦਾਂ ਦੇ ਗੱਲਾਂ ਵਿੱਚ ਪਾਈਆਂ ਟੱਲੀਆਂ ਦੀ ਟੁਣਕਾਰ। ਪੰਜਾਬ ਦੇ ਲੋਕ ਜੀਵਨ ਵਿੱਚੋਂ ਬਹੁਤ ਕੁਝ ਵਿਸਰ ਰਿਹਾ ਹੈ, ਰਾਤ ਨੂੰ ਬਾਤਾਂ ਪਾਉਣ ਅਤੇ ਬੁਝਾਰਤਾਂ ਬੁੱਝਣ ਦੀ ਪ੍ਰਥਾ ਖ਼ਤਮ ਹੋ ਗਈ ਹੈ। ਪਰ੍ਹਿਆ ਵਿੱਚ ਬੈਠੇ ਵਡਾਰੂ ਵੀ ਆਪਣੀ ਬੋਲਚਾਲ ਵਿੱਚ ਅਖਾਣਾਂ ਦੀ ਵਰਤੋਂ ਕਰਦੇ ਕਿਧਰੇ ਵਿਖਾਈ ਨਹੀਂ ਦਿੰਦੇ। ਪਿੰਡਾਂ ਵਿੱਚ ਸੱਥਾਂ ਅਤੇ ਖੁੰਢਾਂ ’ਤੇ ਬੈਠ ਕੇ ਵਿਚਾਰ ਵਟਾਂਦਰਾ ਕਰਨ ਦੀ ਗੱਲ ਵੀ ਬੀਤੇ ਸਮੇਂ ਦੀ ਗਾਥਾ ਬਣ ਕੇ ਹੀ ਰਹਿ ਗਈ ਹੈ ਜਿਸਦੇ ਫਲਸਰੂਪ ਸਾਡੇ ਵੱਡਮੁੱਲੇ ਲੋਕ ਸਾਹਿਤ ਦੇ ਵਿਰਸੇ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ। ਲੋਕ ਅਖਾਣ, ਜੋ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਅੰਗ ਹਨ, ਸਾਡੀ ਬੋਲਚਾਲ ਦੀ ਬੋਲੀ ਵਿੱਚੋਂ ਅਲੋਪ ਹੋ ਰਹੇ ਹਨ।

ਪੰਜਾਬ ਦੇ ਲੋਕ ਜੀਵਨ ਵਿੱਚ ਲੋਕ ਅਖਾਣਾਂ ਦੀ ਬਹੁਤ ਵਰਤੋਂ ਹੁੰਦੀ ਰਹੀ ਹੈ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੇ ਹਨ। ਪੰਜਾਬ ਖੇਤੀਬਾੜੀ ਪ੍ਰਧਾਨ ਪ੍ਰਾਤ ਹੋਣ ਕਾਰਨ ਕਿਸਾਨੀ ਜੀਵਨ ਨਾਲ ਸਬੰਧਿਤ ਲੋਕ ਅਖਾਣ ਆਦਿ ਕਾਲ ਤੋਂ ਹੀ ਕਿਸਾਨਾਂ ਦੀ ਅਗਵਾਈ ਕਰਦੇ ਰਹੇ ਹਨ।

ਮੌਸਮ ਬਾਰੇ ਜਾਣਕਾਰੀ, ਖੇਤੀ ਦਾ ਮਹੱਤਵ, ਜ਼ਮੀਨ ਦੀ ਚੋਣ, ਪਸ਼ੂ ਧਨ, ਸਿੰਜਾਈ, ਗੋਡੀ, ਬਜਾਈ, ਗਹਾਈ, ਵਾਢੀ, ਫ਼ਸਲਾਂ, ਖਾਦਾਂ ਤੇ ਕਿਸਾਨਾਂ ਦੇ ਸੁਭਾਅ ਅਤੇ ਕਿਰਦਾਰ ਆਦਿ ਕਿਸਾਨੀ ਜੀਵਨ ਅਤੇ ਖੇਤੀਬਾੜੀ ਨਾਲ ਸਬੰਧਿਤ ਵਿਸ਼ਿਆਂ ਤੇ ਬੇਸ਼ੁਮਾਰ ਅਖਾਣ ਮਿਲਦੇ ਹਨ ਜਿਨ੍ਹਾਂ ਤੋਂ ਕਿਸਾਨ ਅਗਵਾਈ ਲੈਂਦੇ ਰਹੇ ਹਨ। ਪੰਜਾਬੀ ਵਿੱਚ ਅਨੇਕਾਂ ਲੋਕ ਅਖਾਣ ਪ੍ਰਚਲਤ ਹਨ ਜਿਹੜੇ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਵਿੱਚ ਵਸਦੇ ਹੋਰ ਕਿੱਤਿਆਂ ਨਾਲ ਸਬੰਧਤ ਲੋਕ ਦੇ ਕਿਰਦਾਰ ਦਾ ਵਰਣਨ ਕਰਦੇ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਅਸੀਂ ਪਿੰਡਾਂ ਦੇ ਲੋਕਾਂ ਬਾਰੇ ਸਹੀ ਤੌਰ ਉੱਤੇ ਜਾਣ ਸਕਦੇ ਹਾਂ। ਅਖਾਣ ਅਤੇ ਮੁਹਾਵਰੇ ਪੰਜਾਬੀ ਭਾਸ਼ਾ ਦਾ ਸ਼ਿੰਗਾਰ ਹਨ। ਅਜੇ ਵੀ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ ਵਡਾਰੂ ਬੈਠੇ ਹਨ ਜਿਹੜੇ ਅਖਾਣਾਂ ਦੀਆਂ ਖਾਣਾਂ ਹਨ। ਉਹਨਾਂ ਪਾਸ ਜਾ ਕੇ ਅਖਾਣ ਸਾਂਭਣ ਦੀ ਲੋੜ ਹੈ, ਨਹੀਂ ਤਾਂ ਇਹ ਸਾਡਾ ਵੱਡਮੁੱਲਾ ਵਿਰਸਾ ਅਜਾਈਂ ਗੁਆਚ ਜਾਵੇਗਾ।