ਸਿੱਖ ਸਿਆਸੀ ਕੈਦੀ ਭਾਈ ਦਇਆ ਸਿੰਘ ਲਾਹੌਰੀਆ 20 ਦਿਨਾਂ ਦੀ ਪੈਰੋਲ 'ਤੇ ਰਿਹਾਅ ਹੋਏ

ਸਿੱਖ ਸਿਆਸੀ ਕੈਦੀ ਭਾਈ ਦਇਆ ਸਿੰਘ ਲਾਹੌਰੀਆ 20 ਦਿਨਾਂ ਦੀ ਪੈਰੋਲ 'ਤੇ ਰਿਹਾਅ ਹੋਏ

ਨਵੀਂ ਦਿੱਲੀ: ਭਾਰਤ ਸਰਕਾਰ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਭਾਈ ਦਇਆ ਸਿੰਘ ਲਾਹੌਰੀਆ ਨੂੰ ਅੱਜ 20 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਰਾਜਸਥਾਨ ਹਾਈ ਕੋਰਟ ਵੱਲੋਂ ਇਸ ਪੈਰੋਲ ਦੀ ਅਰਜ਼ੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ ਜਿਸ 'ਤੇ ਅੱਜ ਭਾਈ ਦਇਆ ਸਿੰਘ ਲਾਹੌਰੀਆ ਤਿਹਾੜ ਜੇਲ੍ਹ ਤੋਂ ਬਾਹਰ ਆਏ ਹਨ। ਭਾਈ ਦਇਆ ਸਿੰਘ ਲਾਹੌਰੀਆ ਦੇ ਪੁੱਤਰ ਦਾ 14 ਫਰਵਰੀ ਨੂੰ ਅਨੰਦ ਕਾਰਜ ਹੈ ਜਿਸ ਦੇ ਅਧਾਰ 'ਤੇ ਇਹ ਪੈਰੋਲ ਮਿਲੀ ਹੈ।

ਦੱਸ ਦਈਏ ਕਿ ਭਾਈ ਦਇਆ ਸਿੰਘ ਲਾਹੌਰੀਆ ਨੂੰ ਭਾਰਤੀ ਨਿਜ਼ਾਮ ਵੱਲੋਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਇਹ ਸਜ਼ਾ ਰਾਜਸਥਾਨ ਦੇ ਕਾਂਗਰਸੀ ਆਗੂ ਰਾਮਨਿਵਾਸ ਮ੍ਰਿਧਾ ਦੇ ਪੁੱਤਰ ਰਜਿੰਦਰ ਮ੍ਰਿਧਾ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਣਾਈ ਗਈ ਹੈ। 

ਭਾਈ ਦਇਆ ਸਿੰਘ ਲਾਹੌਰੀਆ ਲਗਭਗ 23 ਸਾਲਾਂ ਤੋਂ ਭਾਰਤੀ ਜੇਲ੍ਹ ਵਿਚ ਕੈਦ ਹਨ। ਉਹਨਾਂ ਦੀ ਪੱਕੀ ਪੈਰੋਲ ਲਈ ਦਰਜ ਕੀਤੀ ਅਪੀਲ 'ਤੇ ਰਾਜਸਥਾਨ ਹਾਈ ਕੋਰਟ ਰਾਜਸਥਾਨ ਸਰਕਾਰ ਨੂੰ ਨੋਟਿਸ ਵੀ ਭੇਜ ਚੁੱਕੀ ਹੈ ਪਰ ਸਰਕਾਰ ਪੱਕੀ ਪੈਰੋਲ ਦੇਣ ਦਾ ਨਾਂ ਨਹੀਂ ਲੈ ਰਹੀ। ਜਦਕਿ 20 ਸਾਲਾਂ ਦੀ ਸਜ਼ਾ ਤੋਂ ਬਾਅਦ ਭਾਈ ਦਇਆ ਸਿੰਘ ਲਾਹੌਰੀਆ ਦਾ ਇਹ ਹੱਕ ਬਣਦਾ ਹੈ। 

ਕੈਦ ਵਿਚ ਜਾਣ ਤੋਂ ਬਾਅਦ ਭਾਈ ਦਇਆ ਸਿੰਘ ਲਾਹੌਰੀਆ ਪਹਿਲੀ ਵਾਰ ਐਨੇ ਦਿਨਾਂ ਲਈ ਜੇਲ੍ਹ ਤੋਂ ਬਾਹਰ ਆਏ ਹਨ। ਇਸ ਤੋਂ ਪਹਿਲਾਂ ਉਹ 25 ਸਤੰਬਰ 2016 ਨੂੰ ਆਪਣੀ ਮਾਤਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਕੁੱਝ ਘੰਟਿਆਂ ਦੀ ਪੈਰੋਲ 'ਤੇ ਬਾਹਰ ਆਏ ਸਨ।