ਭਾਰਤੀ ਕਾਨੂੰਨਾਂ ਨੂੰ ਸਾੜ੍ਹ ਕੇ ਮਨਾਈ ਕਿਸਾਨਾਂ ਨੇ ਲੋਹੜੀ

ਭਾਰਤੀ ਕਾਨੂੰਨਾਂ ਨੂੰ ਸਾੜ੍ਹ ਕੇ ਮਨਾਈ ਕਿਸਾਨਾਂ ਨੇ ਲੋਹੜੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਦੇ ਧਾਰਮਿਕ ਅਤੇ ਸੱਭਿਆਚਾਰਕ ਤਿਓਹਾਰਾਂ ਉੱਤੇ ਵੀ ਸੰਘਰਸ਼ ਦਾ ਰੰਗ ਚੜ੍ਹਦਾ ਜਾ ਰਿਹਾ ਹੈ। ਪਿਛਲੇ ਕਰੀਬ 47 ਦਿਨਾਂ ਤੋਂ ਕੜਾਕੇ ਦੀ ਠੰਢ ਵਿਚ ਦਿੱਲੀ ਦੀਆਂ ਸੜਕਾਂ 'ਤੇ ਆਪਣੇ ਹੱਕਾਂ ਲਈ ਡਟੇ ਕਿਸਾਨਾਂ ਨੇ ਲੋਹੜੀ ਦਾ ਤਿਓਹਾਰ ਇਸ ਵਾਰ ਭਾਰਤ ਦੇ ਕਾਲੇ ਕਾਨੂੰਨਾਂ ਨੂੰ ਅੱਗ ਲਾ ਕੇ ਮਨਾਇਆ। ਸੰਘਰਸ਼ਸ਼ੀਲ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਅਤੇ ਆਪਣੇ ਘਰਾਂ ਵਿਚ ਲੋਹੜੀ ਦੀ ਅੱਗ ਬਾਲ੍ਹ ਕੇ ਭਾਰਤੀ ਖੇਤੀ ਕਾਨੂੰਨਾਂ ਦੇ ਟੁਕੜੇ ਕਰਕੇ ਉਹਨਾਂ ਨੂੰ ਅੱਗ ਵਿਚ ਸੁੱਟਿਆ। 

ਦਿੱਲੀ ਵਿੱਚ ਚਾਰ ਵੱਖ ਵੱਖ ਥਾਈਂ ਲਾਏ ਮੋਰਚਿਆਂ ’ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਦਿਆਂ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਜੈ ਜਵਾਨ, ਜੈ ਕਿਸਾਨ’, ‘ਸਾਡਾ ਹੱਕ-ਇੱਥੇ ਰੱਖ’ ਦੇ ਨਾਅਰੇ ਲਾਏ ਗਾਏ। 

ਸਿੰਘੂ ਵਿਖੇ ਪ੍ਰੈੱਸ ਕਾਨਫਰੰਸ ਵਾਲੀ ਥਾਂ ਉਪਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖੇਤੀ ਕਾਨੂੰਨਾਂ ਨੂੰ ਧੂਣੀ ਵਿੱਚ ਸਾੜਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਸਿੰਘੂ ਵਿਖੇ ਰਾਤ ਸਮੇਂ ਟਰਾਲੀਆਂ ਨੇੜੇ ਕਿਸਾਨਾਂ ਨੇ ਲੋਹੜੀ ਦੀਆਂ ਧੂਣੀਆਂ ਬਾਲੀਆਂ ਤੇ ਨਾਲ ਹੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।

ਸੰਯੁਕਤ ਕਿਸਾਨ ਮੋਰਚਾ ਦੇ ਪਰਮਜੀਤ ਸਿੰਘ ਨੇ ਦੱਸਿਆ ਕਿ ਇਕੱਲੇ ਸਿੰਘੂ ਬਾਰਡਰ ’ਤੇ ਤਿੰਨ ਖੇਤੀ ਕਾਨੂੰਨਾਂ ਦੀਆਂ ਇਕ ਲੱਖ ਕਾਪੀਆਂ ਸਾੜੀਆਂ ਗਈਆਂ। ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਸੰਘਰਸ਼ ਨੂੰ ਪੂਰੀ ਤਾਕਤ ਨਾਲ ਅੱਗੇ ਵਧਾਉਣ ਦਾ ਅਹਿਦ ਲਿਆ। ਕਾਬਿਲੇਗੌਰ ਹੈ ਕਿ ਪੰਜਾਬ ਤੇ ਹਰਿਆਣਾ ’ਚ ਲੋਹੜੀ ਦਾ ਤਿਉਹਾਰ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ ਤੇ ਦੋਵਾਂ ਰਾਜਾਂ ਦੇ ਲੋਕ ਰਵਾਇਤੀ ਤੌਰ ’ਤੇ ਲੱਕੜਾਂ/ਪਾਥੀਆਂ ਦਾ ਭੁੱਗਾ ਬਾਲ ਕੇ ਲੋਕ ਗੀਤਾਂ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ।