41 ਵੇਂ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲੇ 'ਚ ਸੈਮੀਨਾਰ ਤੇ ਕਵੀ ਦਰਬਾਰ ਮੌਕੇ ਡਾ: ਲਖਵਿੰਦਰ ਜੌਹਲ ਦਾ ਸਨਮਾਨ

41 ਵੇਂ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲੇ 'ਚ ਸੈਮੀਨਾਰ ਤੇ ਕਵੀ ਦਰਬਾਰ ਮੌਕੇ ਡਾ: ਲਖਵਿੰਦਰ ਜੌਹਲ ਦਾ ਸਨਮਾਨ
ਡਾ ਲਖਵਿੰਦਰ ਸਿੰਘ ਜੌਹਲ ਨੂੰ ਸਨਮਾਨਤ ਕਰਦੇ ਹੋਏ ਡਾ ਅਮਰ ਸਿੰਘ

ਲੁਧਿਆਣਾ: 41 ਵੇਂ ਪ੍ਰੋ: ਮੋਹਨ ਸਿੰਘ ਯਾਦਗਾਰੀ ਸਭਿਆਚਾਰਕ ਮੇਲੇ ਦੇ ਪਹਿਲੇ ਦਿਨ ਗੁਰੂ ਹਰਕ੍ਰਿਸ਼ਨ ਗਰਲਜ਼ ਕਾਲਿਜ ਚ ਕਰਵਾਏ ਸੈਮੀਨਾਰ ਤੇ ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਮੈਂਬਰ ਪਾਰਲੀਮੈਂਟ ਡਾ: ਅਮਰ ਸਿੰਘ ਨੇ ਕਿਹਾ ਕਿ ਕਵਿਤਾ ਜਿਹੜੀ ਗੱਲ ਦੋ ਸਤਰਾਂ ਚ ਕਹਿ ਜਾਂਦੀ ਹੈ , ਕਈ ਵਾਰ ਉਹ ਗੱਲ ਸੈਂਕੜੇ ਸਫ਼ੇ ਨਹੀਂ ਕਰ ਸਕਦੇ। ਉਨ੍ਹਾਂ ਯੁਗ ਕਵੀ ਪ੍ਰੋ. ਮੋਹਨ ਸਿੰਘ ਮੇਲੇ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਮੇਰੇ ਜ਼ਿੰਮੇ ਕੋਈ ਵੀ ਵਿਕਾਸ ਕਾਰਜ ਲਾਉ, ਤੁਹਾਡਾ ਸਾਥੀ ਬਣ ਕੇ ਨਾਲ ਤੁਰਾਂਗਾ। 

ਉਨ੍ਹਾਂ ਸੁਆਗਤੀ ਸ਼ਬਦ ਬੋਲਦੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਅਪੀਲ ਨੂੰ ਸਾਰਥਕ ਹੁੰਗਾਰਾ ਭਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕੇਂਦਰੀ ਦਫ਼ਤਰ ਲਈ ਪੇਸ਼ਕਸ਼ ਕੀਤੀ ਕਿ ਉਹ ਪੰਜਾਬ ਚ ਕਿਤੇ ਵੀ ਜਗ੍ਹਾ ਲੈ ਲੈਣ, ਉਸ ਦੀ ਉਸਾਰੀ ਲਈ ਐੱਮ ਪੀ ਲੈਡ ਫੰਡ ਨੇਮਾਂ ਅਨੁਸਾਰ ਪਹਿਲਾ ਪੰਜ ਲੱਖ ਰੁਪਿਆ ਮੈਂ ਦਿਆਂਗਾ ਤੇ ਬਾਕੀ ਐੱਮ ਪੀਜ਼ ਤੋਂ ਵੀ ਲੈ ਕੇ ਦਿਆਂਗਾ। ਉਨ੍ਹਾਂ ਕਿਹਾ ਕਿ ਰਾਏਕੋਟ ਚ ਵਿਸ਼ਾਲ ਕਵਿਤਾ ਉਤਸਵ ਕਰੋ, ਮੇਜ਼ਬਾਨ ਮੈਂ ਤੇ ਮੇਰੇ ਸਾਥੀ ਹੋਵਾਂਗੇ। 

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਬਾਦ ਚ ਡਾ. ਅਮਰ ਸਿੰਘ ਜੀ ਦੀ ਇਸ ਪੇਸ਼ਕਸ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਰਜਕਾਰਨੀ ਕਮੇਟੀ ਦੇ ਮਸ਼ਵਰੇ ਮੁਤਾਬਕ ਅਗਲੇਰੀ ਕਾਰਵਾਈ ਕਰਕੇ ਪੱਕੇ ਟਿਕਾਣੇ ਲਈ ਪਹਿਲਕਦਮੀ ਜ਼ਰੂਰ ਕਰਾਂਗੇ। 

ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ: ਲਖਵਿੰਦਰ ਸਿੰਘ ਜੌਹਲ ਨੂੰ ਸਾਹਿੱਤ, ਕਲਾ, ਪੱਤਰਕਾਰੀ ਤੇ ਜੰਗੇ ਆਜ਼ਾਦੀ ਮੈਮੋਰੀਅਲ ਕਰਤਾਰਪੁਰ(ਜਲੰਧਰ) ਚ ਪਾਏ ਯੋਗਦਾਨ ਲਈ ਮੋਹਨ ਸਿੰਘ ਫਾਉਂਡੇਸ਼ਨ ਵੱਲੋਂ ਸਨਮਾਨਿਤ ਕੀਤਾ। ਕਾਲਿਜ ਕਮੇਟੀ ਪ੍ਰਧਾਨ ਸ: ਸੁਖਦੇਵ ਸਿੰਘ ਆਹਲੂਵਾਲੀਆ,ਮੋਹਨ ਸਿੰਘ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ , ਜਨਰਲ ਸਕੱਤਰ ਗੁਰਨਾਮ ਸਿੰਘ ਧਾਲੀਵਾਲ ਤੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਡਾ: ਅਮਰ ਸਿੰਘ ਦਾ ਸੁਆਗਤ ਕੀਤਾ। 

ਸ: ਜਗਪਾਲ ਸਿੰਘ ਖੰਗੂੜਾ, ਦਰਸ਼ਨ ਬੁੱਟਰ ਤੇ ਪ੍ਰੋ: ਰਵਿੰਦਰ ਭੱਠਲ ਮੁੱਖ ਮਹਿਮਾਨ ਵਜੋਂ ਕਵੀ ਦਰਬਾਰ ਚ ਸ਼ਾਮਿਲ ਹੋਏ। 

ਕਵੀ ਦਰਬਾਰ ਚ ਗੁਰਚਰਨ ਕੌਰ ਕੋਚਰ, ਸੁਸ਼ੀਲ ਦੋਸਾਂਝ, ਬੂਟਾ ਸਿੰਘ ਚੌਹਾਨ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਤਰਸੇਮ ਨੂਰ, ਡਾ: ਜਗਵਿੰਦਰ ਜੋਧਾ, ਦੀਪਕ ਸ਼ਰਮਾ ਚਨਾਰਥਲ, ਡਾ: ਖੁਸ਼ਵੀਨ ਬਾਠ,ਅਜੀਤਪਾਲ ਮੋਗਾ,ਜਗਦੀਪ ਸਿੱਧੂ,ਜਸਪ੍ਰੀਤ ਗਿੱਲ, ਡਾ: ਜਸਵੰਤ ਸਿੰਘ ਢਿੱਲੋਂ((ਲਾਸ ਐਂਜਲਸ ਅਮਰੀਕਾ) ਜਸਪ੍ਰੀਤ ਫਲਕ, ਕਰਮਜੀਤ ਗਰੇਵਾਲ ਲਲਤੋਂ, ਮਲਕੀਤ ਸਿੰਘ, ਬਰਜਿੰਦਰ ਸਿੰਘ ਢਿੱਲੋਂ, ਵੀਨੂੰ ਗੋਪਾਲ ਸ਼ਰਮਾ, ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਉਦਾਸੀ(ਅਮਰੀਕਾ) ਨੇ ਕਵਿਤਾਵਾਂ ਸੁਣਾਈਆਂ। 
ਸਭ ਕਵੀਆਂ ਨੂੰ ਪ੍ਰੋ: ਮੋਹਨ ਸਿੰਘ ਦੀ ਅਮਰ ਰਚਨਾ ਨਾਨਕਾਇਣ ਭੇਟ ਕੀਤੀ ਗਈ।