ਹੁਣ ਤੱਕ 80 ਲੋਕਾਂ ਦੀ ਜਾਨ ਲੈਣ ਵਾਲਾ ਕੋਰੋਨਾਵਾਇਰਸ ਕੀ ਹੈ? ਕੀ ਹਨ ਲੱਛਣ ਤੇ ਕੀ ਹੈ ਇਲਾਜ?

ਹੁਣ ਤੱਕ 80 ਲੋਕਾਂ ਦੀ ਜਾਨ ਲੈਣ ਵਾਲਾ ਕੋਰੋਨਾਵਾਇਰਸ ਕੀ ਹੈ? ਕੀ ਹਨ ਲੱਛਣ ਤੇ ਕੀ ਹੈ ਇਲਾਜ?

ਬੀਜ਼ਿੰਗ: ਚੀਨ ਵਿਚ ਫੈਲਿਆ ਕੋਰੋਨਾਵਾਇਰਸ ਹੁਣ ਤੱਕ 80 ਲੋਕਾਂ ਦੀ ਜਾਨ ਲੈ ਚੁੱਕਿਆ ਹੈ ਤੇ ਇਸ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ। ਚੀਨ ਸਰਕਾਰ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣੋਂ ਨਾਹ ਕੀਤੀ ਹੈ। ਹੁਣ ਤੱਕ ਚੀਨ ਵਿਚ ਇਸ ਵਾਇਰਸ ਦੇ 2,744 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਸਭ ਤੋਂ ਵੱਧ ਪ੍ਰਭਾਵਿਤ ਚੀਨ ਦਾ ਹੁਬਈ ਸੂਬਾ ਹੋਇਆ ਹੈ। 

ਦੱਸ ਦਈਏ ਕਿ ਇਹਨਾਂ ਦਿਨਾਂ 'ਚ ਚੀਨ ਵਿਚ ਲੂਨਰ ਨਿਊ ਯੀਅਰ ਦੇ ਜਸ਼ਨ ਮਨਾਏ ਜਾਂਦੇ ਹਨ ਤੇ ਦੁਨੀਆ ਭਰ ਤੋਂ ਵੱਡੀ ਗਿਣਤੀ 'ਚ ਲੋਕ ਚੀਨ ਪਹੁੰਚਦੇ ਹਨ। ਸਰਕਾਰ ਵੱਲੋਂ ਵਾਇਰਸ ਦੇ ਹਮਲੇ ਕਾਰਨ ਇਹਨਾਂ ਜਸ਼ਨਾਂ 'ਤੇ ਵੀ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। 

ਚੀਨ ਦੇ ਨਾਲ ਨਾਲ ਹਾਂਗਕਾਂਗ ਅਤੇ ਮਕਾਊ ਵਿਚ ਵੀ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਦੱਖਣੀ ਕੋਰੀਆ ਵਿਚ ਵੀ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਥਾਈਲੈਂਡ, ਜਪਾਨ, ਤਾਈਵਾਨ, ਅਮਰੀਕਾ, ਵੀਅਤਨਾਮ, ਸਿੰਘਾਪੋਰ, ਮਲੇਸ਼ੀਆ, ਨੇਪਾਲ, ਫਰਾਂਸ, ਕੈਨੇਡਾ ਅਤੇ ਅਸਟ੍ਰੇਲੀਆ ਵਿਚੋਂ ਵੀ ਕੁੱਝ ਮਾਮਲੇ ਸਾਹਮਣੇ ਆਏ ਹਨ। 

ਇਸ ਵਾਇਰਸ ਦੇ ਸ਼ਿਕਾਰ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਤੇ ਮੌਤ ਦਾ ਕਾਰਨ ਬਣਦਾ ਹੈ। ਇਸ ਦੇ ਲੱਛਣ 2002 'ਚ ਚੀਨ 'ਚ ਉਪਜੇ ਐਸਏਆਰਐਸ ਪੈਥੋਜਨ ਨਾਲ ਮਿਲਦੇ ਹਨ ਜਿਸ ਕਾਰਨ ਚੀਨ ਵਿਚ ਸੈਂਕੜੇ ਲੋਕਾਂ ਦੀ ਮੌਤ ਹੋਈ ਸੀ। 

ਕੋਰੋਨਾਵਾਇਰਸ ਕੀ ਹੈ?
ਵਿਸ਼ਵ ਸਿਹਤ ਸੰਸਥਾ (WHO) ਦੇ ਦੱਸਣ ਮੁਤਾਬਕ ਕੋਰੋਨਾਵਾਇਰਸਿਸ ਵਾਇਰਸਾਂ ਦਾ ਇਕ ਪਰਿਵਾਰ ਹੈ ਜੋ ਜ਼ੁਖਾਮ ਤੋਂ ਲੈ ਕੇ ਸਾਹ ਦੀਆਂ ਬਿਮਾਰੀਆਂ ਤਕ ਦੀ ਵਜ੍ਹਾ ਬਣਦੇ ਹਨ, ਜੋ ਦੋ ਪ੍ਰਕਾਰ ਦੀਆਂ ਹਨ: ਐਮਈਆਰਐਸ ਅਤੇ ਐਸਏਆਰਐਸ।

ਇਹ ਵਾਇਰਸ ਮੁੱਖ ਤੌਰ 'ਤੇ ਜਾਨਵਰਾਂ ਅਤੇ ਬੰਦਿਆਂ 'ਚ ਇਕ ਦੂਜੇ ਵਿਚ ਫੈਲਦਾ ਹੈ। ਐਸਏਆਰਐਸ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਸਿਵਟ ਬਿੱਲੀਆਂ ਤੋਂ ਬੰਦਿਆਂ ਵਿਚ ਫੈਲਦਾ ਹੈ ਜਦਕਿ ਐਮਈਆਰਐਸ ਊਂਠਾਂ ਤੋਂ ਬੰਦਿਆਂ ਵਿਚ ਫੈਲਦਾ ਹੈ। ਇਸ ਹਮਲੇ ਤੋਂ ਪਹਿਲਾਂ ਤਕ ਦੀ ਜਾਣਕਾਰੀ ਮੁਤਾਬਕ ਕਈ ਤਰ੍ਹਾਂ ਦੇ ਕੋਰੋਨਾਵਾਇਰਸ ਜਾਨਵਰਾਂ 'ਚ ਮਿਲਦੇ ਸਨ ਪਰ ਉਹਨਾਂ ਦਾ ਬੰਦਿਆਂ 'ਤੇ ਕੋਈ ਅਸਰ ਨਹੀਂ ਦੇਖਿਆ ਗਿਆ ਸੀ। 

ਬਿਮਾਰੀ ਦੇ ਲੱਛਣ
ਵਿਸ਼ਵ ਸਿਹਤ ਸੰਸਥਾ ਮੁਤਾਬਕ ਇਸ ਦੇ ਸ਼ਿਕਾਰ ਲੋਕਾਂ ਨੂੰ ਬੁਖਾਰ, ਖੰਘ, ਸਾਹ ਦਾ ਚੜ੍ਹਨਾ ਅਤੇ ਸਾਹ ਲੈਣ 'ਚ ਤਕਲੀਫ ਹੋਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਸਮੱਸਿਆਵਾਂ ਨਮੂਨੀਆ, ਕਿਡਨੀ ਖਰਾਬ ਹੋਣ ਅਤੇ ਮੌਤ ਤੱਕ ਪਹੁੰਚ ਸਕਦੀਆਂ ਹਨ।

ਇਲਾਜ
ਫਿਲਹਾਲ ਹੁਣ ਤੱਕ ਇਸ ਵਾਇਰਸ ਦੇ ਇਲਾਜ ਲਈ ਕੋਈ ਦਵਾਈ ਨਹੀਂ ਹੈ। ਚੀਨ ਵਿਚ ਜਿੱਥੇ ਇਸ ਵਾਇਰਸ ਦਾ ਅਸਰ ਹੈ ਉਸ ਇਲਾਕੇ ਨੂੰ ਬਾਕੀ ਇਲਾਕੇ ਨਾਲੋਂ ਤੋੜ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਇਕ ਦੂਜੇ ਦੇ ਸੰਪਰਕ 'ਚ ਆਉਣ ਤੋਂ ਗੁਰੇਜ਼ ਕਰਨ ਲਈ ਕਿਹਾ ਜਾ ਰਿਹਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।