ਕੀ ਪੰਜਾਬੀਆਂ ਤੋਂ ਖਾਰ ਖਾਂਦੀ ਹੈ ਕਿਰਨ ਖੇਰ?

ਕੀ ਪੰਜਾਬੀਆਂ ਤੋਂ ਖਾਰ ਖਾਂਦੀ ਹੈ ਕਿਰਨ ਖੇਰ?
ਕਿਰਨ ਖੇਰ

ਚੰਡੀਗੜ੍ਹ: ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਏ ਗਏ ਚੰਡੀਗੜ੍ਹ ਸ਼ਹਿਰ ਵਿੱਚੋਂ ਹੌਲੀ-ਹੌਲੀ ਪੰਜਾਬੀਆਂ ਨੂੰ ਵੀ ਉਜਾੜ ਦਿੱਤਾ ਗਿਆ ਤੇ ਹੁਣ ਇਸ ਉਜਾੜੇ ਮਗਰੋਂ ਚੰਡੀਗੜ੍ਹ 'ਤੇ ਪੰਜਾਬ ਦੇ ਪ੍ਰਸ਼ਾਸਨਿਕ ਦਾਅਵੇ ਨੂੰ ਖੋਰਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਤੇ ਨਵੇਂ ਫੈਂਸਲੇ ਲਏ ਜਾ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਸਿਆਸੀ ਆਗੂ ਮਹਿਜ਼ ਗੱਲੀਂ ਬਾਤੀ ਡੰਗ ਟਪਾ ਕੇ ਸਾਰ ਰਹੇ ਹਨ ਤੇ ਪੰਜਾਬ ਦੇ ਵਿਰੋਧੀ ਆਪਣਾ ਕੰਮ ਕਾਗਜ਼ੀ ਰੂਪ ਵਿੱਚ ਨੇਪਰੇ ਚਾੜ੍ਹ ਰਹੇ ਹਨ। 

ਪਿੱਛੇ ਜਿਹੇ ਚੰਡੀਗੜ੍ਹ ਵਿੱਚ ਨਵਾਂ ਯੂਟੀ ਕੇਡਰ ਬਣਾ ਕੇ ਚਲਦੇ ਆ ਰਹੇ ਪੰਜਾਬ ਅਤੇ ਹਰਿਆਣਾ ਦੇ ਕ੍ਰਮਵਾਰ 60 ਤੇ 40 ਫ਼ੀਸਦ ਡੈਪੂਟੇਸ਼ਨ ਕੋਟੇ ਨੂੰ ਖੋਰਾ ਲਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮਸਲੇ ਨੂੰ ਲੋਕ ਸਭਾ ਵਿੱਚ ਚੁੱਕਦਿਆਂ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ (ਡਿੰਪਾ) ਨੇ 17 ਜੁਲਾਈ ਨੂੰ ਲੋਕ ਸਭਾ ’ਚ ਕਿਹਾ ਸੀ ਕਿ ਚੰਡੀਗੜ੍ਹ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਯੂੁਟੀ ਕੇਡਰ ਬਣਾ ਕੇ ਪੰਜਾਬ ਅਤੇ ਹਰਿਆਣਾ ਦੇ ਕ੍ਰਮਵਾਰ 60 ਤੇ 40 ਫ਼ੀਸਦ ਡੈਪੂਟੇਸ਼ਨ ਕੋਟੇ ਨੂੰ ਖੋਰਾ ਲਾਇਆ ਜਾ ਰਿਹਾ ਹੈ। 

ਇਸ ਦੇ ਜਵਾਬ ਵਿੱਚ ਬਾਦਲ ਦਲ-ਭਾਜਪਾ ਦੀ ਸਾਂਝੀ ਉਮੀਦਵਾਰ ਬਣ ਕੇ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਬਣੀ ਕਿਰਨ ਖੇਰ ਨੇ ਸੰਸਦ ’ਚ ਕਿਹਾ ਸੀ ਕਿ ਗਿੱਲ ਨੇ ਗਲਤ ਬਿਆਨੀ ਕੀਤੀ ਹੈ ਕਿ ਪੰਜਾਬ ਦੀ ਵੰਡ ਹੋਣ ਵੇਲੇ ਪੰਜਾਬ ਪੁਨਰਗਠਨ ਕਾਨੂੰਨ-1966 ’ਚ ਚੰਡੀਗੜ੍ਹ ਵਿਚ ਪੰਜਾਬ ਦੇ 60 ਅਤੇ ਹਰਿਆਣਾ ਦੇ 40 ਫ਼ੀਸਦ ਅਧਿਕਾਰੀ ਨਿਯੁਕਤ ਕਰਨ ਦਾ ਫ਼ੈਸਲਾ ਹੋਇਆ ਸੀ। ਕਿਰਨ ਖੇਰ ਨੇ ਕਿਹਾ ਕਿ ਐਕਟ ਵਿਚ ਅਜਿਹਾ ਕੋਈ ਫ਼ੈਸਲਾ ਕਿਤੇ ਵੀ ਨਹੀਂ ਹੋਇਆ।

ਕਿਰਨ ਖੇਰ ਨੇ ਇਸ ਤਰਕ ਲਈ ਸੁਪਰੀਮ ਕੋਰਟ ਦੇ ਇੱਕ ਫੈਂਸਲੇ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਸਵਰਨ ਲਤਾ ਬਨਾਮ ਯੂਨੀਅਨ ਆਫ਼ ਇੰਡੀਆ ਦੇ ਕੇਸ ਵਿਚ ਫ਼ੈਸਲਾ ਦਿੱਤਾ ਸੀ ਕਿ ਹਾਲੇ ਇਸੇ ਤਰ੍ਹਾਂ ਚਲਣ ਦਿੰਦੇ ਹਾਂ ਅਤੇ ਇਧਰੋਂ 60 ਫ਼ੀਸਦ ਤੇ ਉਧਰੋਂ 40 ਫ਼ੀਸਦ ਅਧਿਕਾਰੀ ਲੈ ਲਏ ਜਾਂਦੇ ਹਨ ਅਤੇ ਅੱਗੇ ਜਾ ਕੇ ਯੂਟੀ ਦਾ ਆਪਣੇ-ਆਪ ਕੇਡਰ ਬਣ ਜਾਵੇਗਾ। 

ਕਿਰਨ ਖੇਰ ਵੱਲੋਂ ਦਿੱਤੇ ਇਸ ਬਿਆਨ 'ਤੇ ਬਾਦਲ ਦਲ ਨੂੰ ਘੇਰਦਿਆਂ ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਕਿਰਨ ਖੇਰ ਬਾਦਲ ਦਲ ਦੀ ਮਦਦ ਨਾਲ ਜਿੱਤੀ ਹੈ ਅਤੇ ਪੰਜਾਬ ਦੇ ਹਿੱਤਾਂ ਵਿਰੁੱਧ ਸਟੈਂਡ ਲੈਣ ਲਈ ਪੰਜਾਬੀਆਂ ਨੂੰ ਉਸ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ 28 ਪੰਜਾਬੀ ਪਿੰਡ ਉਜਾੜ ਕੇ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਉਸਾਰਿਆ ਗਿਆ ਸੀ ਅਤੇ ਹੁਣ ਪੰਜਾਬ ਦੇ ਡੈਪੂਟੇਸ਼ਨ ਕੋਟੇ ਨੂੰ ਵੀ ਖ਼ਤਮ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਚ ਮਾਂ ਬੋਲੀ ਪੰਜਾਬੀ ਨਾਲ ਵੀ ਧੱਕਾ ਕੀਤਾ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕਿਰਨ ਖੇਰ ਦਾ ਵਿਰੋਧ ਕੀਤਾ
ਕਿਰਨ ਖੇਰ ਦੇ ਇਸ ਬਿਆਨ ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਖਤ ਨੋਟਿਸ ਲਿਆ ਹੈ। ਪਾਰਟੀ ਦੇ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ,‘‘ਕਿਰਨ ਖੇਰ ਨੇ ਪੰਜਾਬ ਦੇ ਡੈਪੂਟੇਸ਼ਨ ਕੋਟੇ ਬਾਰੇ ਗਲਤ ਸਟੈਂਡ ਲਿਆ ਹੈ ਅਤੇ ਪਾਰਟੀ ਉਨ੍ਹਾਂ ਦਾ ਇਸ ਮੁੱਦੇ ਉਪਰ ਵਿਰੋਧ ਕਰੇਗੀ।’’ ਉਨ੍ਹਾਂ ਕਿਹਾ ਕਿ ਕਿਰਨ ਖੇਰ ਨੂੰ ਪੰਜਾਬ ਨਾਲ ਜੋ ਧੱਕਾ ਹੋਇਆ ਹੈ, ਉਸ ਬਾਰੇ ਇਤਿਹਾਸ ਉਪਰ ਝਾਤੀ ਮਾਰ ਕੇ ਹੀ ਸੰਸਦ ਵਿਚ ਸਹੀ ਤੱਥ ਪੇਸ਼ ਕਰਨੇ ਚਾਹੀਦੇ ਹਨ। ਡਾ. ਚੀਮਾ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਚ ਪੰਜਾਬ ਦੇ 60 ਫ਼ੀਸਦ ਡੈਪੂਟੇਸ਼ਨ ਕੋਟੇ ਨੂੰ ਖੋਰਾ ਲਾਉਣ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਮਿਲੇ ਸਨ ਅਤੇ ਭਾਰਤ ਸਰਕਾਰ ਨੇ ਪੰਜਾਬ ਦੇ 60 ਫ਼ੀਸਦ ਕੋਟੇ ਨੂੰ ਬਰਕਰਾਰ ਰੱਖਣ ਦਾ ਵਾਅਦਾ ਕੀਤਾ ਸੀ ਪਰ ਕਿਰਨ ਖੇਰ ਕੁਝ ਹੋਰ ਹੀ ਤੱਥ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਚੰਡੀਗੜ੍ਹ ਵਿਚੋਂ ਪੰਜਾਬ ਦੇ ਕੋਟੇ ਨੂੰ ਖੋਰਾ ਨਹੀਂ ਲਾਉਣ ਦਿੱਤਾ ਜਾਵੇਗਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ