"ਕਹਾਂ ਗਈ ਇਨਸਾਨੀਅਤ, ਕਸ਼ਮੀਰੀਅਤ ਔਰ ਜ਼ਮਹੂਰੀਅਤ"

ਸ਼੍ਰੀਨਗਰ: ਕਸ਼ਮੀਰ ਵਿੱਚ ਪਹਿਲਾਂ ਵੱਡੀ ਗਿਣਤੀ 'ਚ ਫੌਜ ਭੇਜਣ, ਫੇਰ ਇੱਕ ਦਮ ਅਮਰਨਾਥ ਯਾਤਰਾ ਰੋਕ ਕੇ ਯਾਤਰੀਆਂ ਅਤੇ ਸੈਲਾਨੀਆਂ ਨੂੰ ਕਸ਼ਮੀਰ ਤੋਂ ਤੁਰੰਤ ਵਾਪਿਸ ਆਉਣ, ਫੇਰ ਰਾਤੋ-ਰਾਤ ਕਸ਼ਮੀਰ ਤੋਂ ਬਾਹਰ ਦੇ ਵਿਦਿਆਰਥੀਆਂ ਨੂੰ ਕਸ਼ਮੀਰ ਵਿੱਚੋਂ ਬਾਹਰ ਭੇਜਣ ਤੇ ਅੱਜ ਜੰਮੂ ਕਸ਼ਮੀਰ ਕ੍ਰਿਕਟ ਨਾਲ ਜੁੜੇ ਕਸ਼ਮੀਰ ਤੋਂ ਬਾਹਰ ਦੇ ਖਿਡਾਰੀਆਂ ਨੂੰ ਕਸ਼ਮੀਰ ਤੋਂ ਬਾਹਰ ਭੇਜਣ ਦੀਆਂ ਕਾਰਵਾਈਆਂ ਨਾਲ ਕਸ਼ਮੀਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਭਾਰਤ ਸਰਕਾਰ ਦੇ ਇਹਨਾਂ ਕਦਮਾਂ ਨਾਲ ਹਰ ਕਸ਼ਮੀਰੀ ਖੌਫਜ਼ਦਾ ਹੈ ਕਿ ਅਗਲੇ ਹੀ ਪੱਲ ਭਾਰਤ ਕਸ਼ਮੀਰੀਆਂ ਖਿਲਾਫ ਕੋਈ ਵੱਡੀ ਕਾਰਵਾਈ ਕਰ ਸਕਦਾ ਹੈ। ਅਜਿਹੇ ਵਿੱਚ ਜਦੋਂ ਕਸ਼ਮੀਰ ਦਾ ਇੱਕ ਵੱਡਾ ਹਿੱਸਾ ਲੰਬੇ ਸਮੇਂ ਤੋਂ ਭਾਰਤ ਖਿਲਾਫ ਅਜ਼ਾਦੀ ਦੀ ਖੁੱਲ੍ਹੀ ਜੰਗ ਲੜ ਰਿਹਾ ਸੀ ਤਾਂ ਉਸ ਦੇ ਵਿਰੁੱਧ ਭਾਰਤ ਪੱਖੀ ਰਾਜਨੀਤੀ ਦਾ ਝੰਡਾ ਚੁੱਕੀ ਖੜ੍ਹੀਆਂ ਕਸ਼ਮੀਰ ਦੀਆਂ ਪਾਰਟੀਆਂ ਦੇ ਆਗੂ ਵੀ ਆਪਣੇ ਆਪ ਨੂੰ ਕੋਸ ਰਹੇ ਹਨ। 

ਪੀਡੀਪੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਅੱਜ ਟਵੀਟ ਕਰਦਿਆਂ ਲਿਖਿਆ, "ਯਾਤਰੀਆਂ, ਸੈਲਾਨੀਆਂ, ਲੈਬਰ, ਵਿਦਿਆਰਥੀਆਂ ਅਤੇ ਕ੍ਰਿਕੇਟਰਾਂ ਨੂੰ ਕੱਢ ਰਹੇ ਹੋ। ਜਾਣਬੁੱਝ ਕੇ ਡਰ ਅਤੇ ਸਹਿਮ ਦਾ ਮਾਹੌਲ ਬਣਾ ਰਹੇ ਹੋ ਪਰ ਕਸ਼ਮੀਰੀਆਂ ਨੂੰ ਰਾਹਤ ਜਾਂ ਸੁਰੱਖਿਆ ਦਾ ਅਹਿਸਾਸ ਕਰਾਉਣ ਦੀ ਕੋਈ ਪ੍ਰਵਾਹ ਨਹੀਂ। 
ਕਹਾਂ ਗਈ ਇਨਸਾਨੀਅਤ, ਕਸ਼ਮੀਰੀਅਤ ਔਰ ਜ਼ਮਹੂਰੀਅਤ?"

ਦੱਸ ਦਈਏ ਕਿ ਨਰਿੰਦਰ ਮੋਦੀ ਨੇ ਕਸ਼ਮੀਰ ਬਾਰੇ ਇਹ ਨਾਅਰਾ ਦਿੱਤਾ ਸੀ। ਪੀਡੀਪੀ ਨੇ ਭਾਜਪਾ ਨਾਲ ਮਿਲ ਕੇ ਕਸ਼ਮੀਰ ਵਿੱਚ ਸਰਕਾਰ ਵੀ ਬਣਾਈ ਸੀ ਪਰ ਹੁਣ ਇਹ ਸਰਕਾਰ ਟੁੱਟ ਚੁੱਕੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਸਰਕਾਰ ਕਸ਼ਮੀਰ ਨੂੰ ਵੱਧ ਤਾਕਤਾਂ ਦਿੰਦੀ ਧਾਰਾ 35-ਏ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ ਚੋਣਾਂ ਮੌਕੇ ਭਾਜਪਾ ਆਗੂਆਂ ਨੇ ਇੱਕ ਵੱਡਾ ਮਸਲਾ ਬਣਾਇਆ ਸੀ। 

ਮਹਿਬੂਬਾ ਮੁਫਤੀ ਨੇ ਅੱਜ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਕਸ਼ਮੀਰ ਦੀਆਂ ਰਾਜਨੀਤਕ ਪਾਰਟੀਆਂ ਦੀ ਸਰਬ-ਪਾਰਟੀ ਬੈਠਕ ਬੁਲਾਈ ਹੈ। ਇਸ ਦਾ ਸਮਾਂ ਸ਼ਾਮ 6 ਵਜੇ ਦਾ ਰੱਖਿਆ ਗਿਆ ਹੈ। ਮਹਿਬੂਬਾ ਮੁਫਤੀ ਨੇ ਇਸ ਬੈਠਕ ਵਿੱਚ ਸ਼ਾਮਿਲ ਹੋਣ ਲਈ ਅਜ਼ਾਦੀ ਪਸੰਦ ਹੁਰੀਅਤ ਕਾਨਫਰੰਸ ਅਤੇ ਉਲੇਮਾ ਨੂੰ ਵੀ ਬੇਨਤੀ ਕੀਤੀ ਹੈ। 

ਮਹਿਬੂਬਾ ਮੁਫਤੀ ਨੇ ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਬੈਠਕ ਹੋਟਲ ਵਿੱਚ ਕਰਨ ਦਾ ਫੈਂਸਲਾ ਕੀਤਾ ਗਿਆ ਸੀ। ਪਰ ਪੁਲਿਸ ਨੇ ਸਾਰੇ ਹੋਟਲਾਂ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਕਿਸੇ ਵੀ ਰਾਜਨੀਤਕ ਪਾਰਟੀ ਦੀ ਬੈਠਕ ਨਾ ਕਰਵਾਈ ਜਾਵੇ। ਇਸ ਲਈ ਉਹ ਇਹ ਬੈਠਕ ਆਪਣੀ ਰਿਹਾਇਸ਼ 'ਤੇ ਰੱਖ ਰਹੇ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ