ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆ ਚਲਾ ਕੇ ਮਾਰੇ 20 ਲੋਕ; ਗੋਰੇ ਨਸਲਵਾਦ ਨਾਲ ਸਬੰਧਾਂ ਦਾ ਖਦਸ਼ਾ

ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆ ਚਲਾ ਕੇ ਮਾਰੇ 20 ਲੋਕ; ਗੋਰੇ ਨਸਲਵਾਦ ਨਾਲ ਸਬੰਧਾਂ ਦਾ ਖਦਸ਼ਾ

ਟੈਕਸਸ: ਅਮਰੀਕਾ ਦੇ ਸੂਬੇ ਟੈਕਸਸ ਦੇ ਐਲ ਪਾਸੋ ਵਿੱਚ ਸਥਿਤ ਵਾਲਮਾਰਟ ਸਟੋਰ ਅੰਦਰ ਬੀਤੇ ਕੱਲ੍ਹ ਇੱਕ ਵਿਅਕਤੀ ਵੱਲੋਂ ਅੰਨ੍ਹੇਵਾਹ ਚਾਲਈਆਂ ਗੋਲੀਆਂ 'ਚ 20 ਲੋਕਾਂ ਦੀ ਮੌਤ ਹੋ ਗਈ ਜਦਕਿ 26 ਲੋਕ ਜ਼ਖਮੀ ਹੋਏ ਹਨ। 

ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਪਛਾਣ 21 ਸਾਲਾ ਨੌਜਵਾਨ ਵਜੋਂ ਹੋਈ ਹੈ। ਇਹ ਗੋਰਾ ਨੌਜਵਾਨ ਟੈਕਸਸ ਨਾਲ ਹੀ ਸਬੰਧਿਤ ਹੈ। ਕਈ ਮੀਡੀਆ ਅਦਾਰਿਆਂ ਵੱਲੋਂ ਇਸ ਦਾ ਨਾਂ ਪੈਟਰਿਕ ਕਰੂਸਿਅਸ ਦੱਸਿਆ ਜਾ ਰਿਹਾ ਹੈ। 

ਪੁਲਿਸ ਮੁਖੀ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਇਹ ਇੱਕ ਨਫਰਤੀ ਹਮਲਾ ਸੀ। 8chan ਨਾਮੀਂ ਵੈਬਸਾਈਟ 'ਤੇ ਪਾਏ ਗਏ 4 ਪੰਨਿਆਂ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਹਮਲਾ ਟੈਕਸਸ 'ਤੇ ਹਿਸਪੈਨਿਕ ਮੂਲ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਕਬਜ਼ੇ ਦੇ ਵਿਰੋਧ ਵਿੱਚ ਹੈ। ਇਸ ਬਿਆਨ ਵਿੱਚ ਨਿਊਜ਼ੀਲੈਂਡ ਦੇ ਕਰਾਇਸਟਚਰਚ ਅੰਦਰ ਮਸਜਿਦ 'ਤੇ ਹੋਏ ਹਮਲੇ ਦਾ ਵੀ ਸਮਰਥਨ ਕੀਤਾ ਗਿਆ ਹੈ। 

ਇਹਨਾਂ ਗੱਲਾਂ ਤੋਂ ਇਸ ਹਮਲੇ ਨੂੰ ਗੋਰੇ ਨਸਲਵਾਦ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜੋ ਇੱਕ ਨਵੀਂ ਤਰ੍ਹਾਂ ਦੇ ਅੱਤਵਾਦ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। 

ਸੀਐੱਨਐੱਨ ਦੀ ਰਿਪੋਰਟ ਮੁਤਾਬਿਕ ਅਮਰੀਕਾ ਦੀ ਫੈਡਰਲ ਜਾਂਚ ਅਜੈਂਸੀ ਐੱਫਬੀਆਈ ਨੇ ਇਸ ਘਟਨਾ ਦੀ ਅੱਤਵਾਦੀ ਹਮਲੇ ਦੇ ਨਜ਼ਰੀਏ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਇੱਕ ਨੀਚ ਕਾਰਾ: ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ਨੂੰ ਇੱਕ ਨੀਚ ਕਾਰਾ ਦੱਸਿਆ ਹੈ। ਉਹਨਾਂ ਕਿਹਾ ਕਿ ਉਹ ਇਸ ਘਟਨਾ ਦੀ ਨਿੰਦਾ ਕਰਦੇ ਹਨ ਅਤੇ ਨਿਰਦੋਸ਼ ਲੋਕਾਂ ਦੇ ਕਤਲ ਨੂੰ ਕਿਸੇ ਵੀ ਅਧਾਰ 'ਤੇ ਵਾਜਿਬ ਨਹੀਂ ਕਿਹਾ ਜਾ ਸਕਦਾ।