15 ਸਾਲ ਬਾਅਦ ਭਾਰਤੀ ਜੇਲ੍ਹ ਵਿੱਚੋਂ ਬਾਹਰ ਆਇਆ ਸਿੱਖ ਜੁਝਾਰੂ ਹਰਨੇਕ ਸਿੰਘ ਭੱਪ; ਮਾਂ ਨੇ ਲੱਡੂ ਵੰਡ ਮਨਾਈ ਖੁਸ਼ੀ

15 ਸਾਲ ਬਾਅਦ ਭਾਰਤੀ ਜੇਲ੍ਹ ਵਿੱਚੋਂ ਬਾਹਰ ਆਇਆ ਸਿੱਖ ਜੁਝਾਰੂ ਹਰਨੇਕ ਸਿੰਘ ਭੱਪ; ਮਾਂ ਨੇ ਲੱਡੂ ਵੰਡ ਮਨਾਈ ਖੁਸ਼ੀ

ਚੰਡੀਗੜ੍ਹ: ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ 15 ਸਾਲ ਤੋਂ ਲੰਬੀ ਨਜ਼ਰਬੰਦੀ ਕੱਟਣ ਮਗਰੋਂ ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭੱਪ ਬੀਤੇ ਕੱਲ੍ਹ 20 ਦਿਨਾਂ ਦੀ ਪੈਰੋਲ ਮਿਲਣ ਮਗਰੋਂ ਜੇਲ੍ਹ ਤੋਂ ਬਾਹਰ ਆਏ ਅਤੇ ਆਪਣੇ ਘਰ ਪਹੁੰਚੇ ਜਿੱਥੇ ਉਹਨਾਂ ਦੀ ਬਜ਼ੁਰਗ ਮਾਤਾ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਲੱਡੂਆਂ ਦਾ ਥਾਲ ਹੱਥ ਵਿੱਚ ਲੈ ਕੇ ਬੈਠੀ ਸੀ। ਹਰਨੇਕ ਸਿੰਘ ਭੱਪ ਦੇ ਘਰ ਪਰਤਣ ਦੀ ਸਮੁੱਚੇ ਸਿੱਖ ਜਗਤ ਵਿੱਚ ਖੁਸ਼ੀ ਦੇਖਣ ਨੂੰ ਮਿਲੀ।

ਹਰਨੇਕ ਸਿੰਘ ਭੱਪ ਦਾ ਜਨਮ ਸ. ਤਾਰਾ ਸਿੰਘ ਦੇ ਘਰ ਪਿੰਡ ਬੁਟਾਰ੍ਹੀ, ਥਾਣਾ ਡੇਹਲੋਂ, ਜਿਲ੍ਹਾ ਲੁਧਿਆਣਾ ਵਿਖੇ ਹੋਇਆ। ਹਰਨੇਕ ਸਿੰਘ ਨੂੰ 10 ਮਈ 2004 ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਉਹ ਤਿਹਾੜ, ਨਾਭੇ ਤੇ ਹੁਣ ਜੈਪੁਰ ਜੇਲ਼੍ਹ ਵਿਚ ਹੈ। ਦਿੱਲੀ ਤੇ ਪੰਜਾਬ ਵਿਚਲੇ ਸਭ ਕੇਸ ਬਰੀ ਹੋਣ ਤੋਂ ਬਾਅਦ ਉਸਨੂੰ ਜੈਪੁਰ ਦੇ ਤਿੰਨ ਕੇਸਾਂ ਦੀ ਸੁਣਵਾਈ ਲਈ ਕੇਂਦਰੀ ਜੇਲ੍ਹ, ਜੈਪੁਰ ਭੇਜ ਦਿੱਤਾ ਗਿਆ ਸੀ। 

ਕਾਂਗਰਸੀ ਆਗੂ ਤੇ ਕੇਂਦਰੀ ਮੰਤਰੀ ਰਹੇ ਰਾਮਨਿਵਾਸ ਮਿਰਧਾ ਦੇ ਪੁੱਤਰ ਰਾਜੇਂਦਰਾ ਮਿਰਧਾ ਨੂੰ 24 ਸਾਲ ਪਹਿਲਾਂ ਅਗਵਾ ਕਰਨ ਦੇ ਮਾਮਲੇ ‘ਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਜੁਝਾਰੂ ਹਰਨੇਕ ਸਿੰਘ ਭੱਪ ਨੂੰ ਦੋਸ਼ੀ ਕਰਾਰ ਦਿੰਦਿਆਂ ਜੈਪੁਰ ਦੀ ਇਕ ਅਦਾਲਤ ਨੇ 6 ਅਕਤੂਬਰ, 2017 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਦੱਸ ਦਈਏ ਕਿ 17 ਫਰਵਰੀ, 1995 ਨੂੰ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਵਾਉਣ ਲਈ ਉਸ ਸਮੇਂ ਦੇ ਕਾਂਗਰਸੀ ਆਗੂ ਰਾਮਨਿਵਾਸ ਮਿਰਧਾ ਦੇ ਪੁੱਤਰ ਰਾਜੇਂਦਰ ਮਿਰਦਾ ਨੂੰ ਜੈਪੁਰ ਤੋਂ ਅਗਵਾ ਕਰ ਲਿਆ ਗਿਆ ਸੀ।

ਹਰਨੇਕ ਸਿੰਘ ਭੱਪ ਖਿਲਾਫ ਇਹਨਾਂ 15 ਸਾਲਾਂ ਦੌਰਾਨ ਕਈ ਮੁਕੱਦਮੇ ਚਲਾਏ ਗਏ ਜਿਹਨਾਂ ਵਿੱਚੋਂ ਲੁਧਿਆਣਾ ਦੀ ਟਾਡਾ ਅਦਾਲਤ ਨੇ ਕਤਲ, ਇਰਾਦਾ ਕਤਲ, ਅਸਲਾ-ਬਾਰੂਦ ਤੇ ਟਾਡਾ  ਦੇ 4 ਕੇਸਾਂ ਵਿਚੋਂ ਬਰੀ ਕਰ ਦਿੱਤਾ ਸੀ। ਦਿੱਲੀ ਦੀ ਟਾਡਾ ਅਦਾਲਤ ਨੇ ਵੀ ਉਸਨੂੰ ਮਨਿੰਦਰਜੀਤ ਬਿੱਟਾ ਉੱਤੇ ਹਮਲੇ ਦੇ ਕੇਸ ਵਿਚੋਂ ਵੀ ਬਰੀ ਕਰ ਦਿੱਤਾ ਸੀ। ਇਹ ਓਹੀ ਕੇਸ ਸੀ ਜਿਸ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੂੱਲਰ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਤੇ ਹੁਣ ਉਮਰ ਕੈਦ ਦੀ ਸਜ਼ਾ ਹੋਈ ਹੈ।

ਕਰ ਰਾਜਸਥਾਨ ਜੇਲ਼ ਨਿਯਮਾਂਵਲੀ ਦੇਖੀਏ ਤਾਂ ਜੇਲ਼੍ਹ ਵਿਚ ਚੰਗੇ ਆਚਰਣ ਵਾਲਾ ਇਕ ਉਮਰ ਕੈਦੀ ਵੀ 12 ਸਾਲ 8 ਮਹੀਨੇ ਕੱਟਣ ਤੋਂ ਬਾਅਦ ਪੱਕੀ ਪੈਰੋਲ ਲੈਣ ਦਾ ਹੱਕਦਾਰ ਹੋ ਜਾਂਦਾ ਹੈ ਪਰ ਸਿਤਮ ਜਰੀਫ਼ੀ ਦੀ ਗੱਲ ਹੈ ਕਿ ਸਿੱਖਾਂ, ਮੁਸਲਮਾਨਾਂ, ਘੱਟਗਿਣਤੀਆਂ, ਦਲਿਤਾਂ ਤੇ ਸੰਘਰਸ਼ਸ਼ੀਲ਼ਾਂ ਦੇ ਕੇਸਾਂ ਵਿਚ ਕਾਨੂੰਨ ਦੇ ਦੋਹਰੇ ਮਾਪਡੰਡ ਅਪਣਾਏ ਜਾਂਦੇ ਹਨ। ਇਸ ਦੇ ਚਲਦਿਆਂ ਹੀ ਹਰਨੇਕ ਸਿੰਘ ਭੱਪ ਨੂੰ ਹੁਣ 15 ਸਾਲ ਬਾਅਦ ਪੈਰੋਲ ਮਿਲੀ ਹੈ ਤੇ ਉਹ ਵੀ ਤਾਂ ਜਦੋਂ ਸਿੱਖ ਸੰਗਤਾਂ ਨੇ ਕਈ ਮਹੀਨੇ ਲੰਬਾ ਸੰਘਰਸ਼ ਕੀਤਾ। 

ਸਿੱਖਾਂ ਦੇ ਅਜਿਹੇ ਕਈ ਅਨੇਕਾਂ ਘਰ ਹਨ ਜਿੱਥੇ ਬਜ਼ੁਰਗ ਮਾਪੇ ਆਪਣੇ ਪੁੱਤਾਂ ਨੂੰ ਦਰਵਾਜ਼ਿਆਂ ਵੱਲ ਅੱਖਾਂ ਲਾਈ ਉਡੀਕ ਰਹੇ ਹਨ ਪਰ ਪੁੱਤ ਭਾਰਤ ਦੀ ਕਿਸੇ ਕਾਲ ਕੋਠੜੀ ਵਿੱਚ ਕੈਦ ਹਨ। ਕਿੰਨੀਆਂ ਹੀ ਅੱਖਾਂ ਇਸ ਉਡੀਕ ਵਿੱਚ ਹੌਲੀ-ਹੌਲੀ ਬੰਦ ਹੁੰਦੀਆਂ ਜਾ ਰਹੀਆਂ ਹਨ। ਉਸ ਤੋਂ ਵੀ ਵੱਡੀ ਤਰਾਸਦੀ ਦੀ ਗੱਲ ਇਹ ਹੈ ਕਿ ਇਹਨਾਂ ਸਿੱਖ ਸਿਆਸੀ ਕੈਦੀਆਂ ਵਿੱਚੋਂ ਬਹੁਤ ਨੂੰ ਪੰਜਾਬ ਤੋਂ ਦੂਰ ਹੋਰ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਰੱਖਿਆ ਜਾ ਰਿਹਾ ਹੈ ਜਿਸ ਕਰਕੇ ਬਜ਼ੁਰਗ ਮਾਪੇ ਆਪਣੇ ਪੁੱਤਾਂ ਨਾਲ ਮੁਲਾਕਾਤ ਕਰਨ ਤੋਂ ਵੀ ਅਵਾਜ਼ਾਰ ਹੁੰਦੇ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ