300 ਸਾਲਾ ਖ਼ਾਲਸਾ ਸਾਜਨਾ ਦਿਹਾੜੇ ਮੌਕੇ ਹਰਿੰਦਰ ਸਿੰਘ ਮਹਿਬੂਬ ਵੱਲੋਂ ਦਿੱਤਾ ਭਾਸ਼ਣ

300 ਸਾਲਾ ਖ਼ਾਲਸਾ ਸਾਜਨਾ ਦਿਹਾੜੇ ਮੌਕੇ ਹਰਿੰਦਰ ਸਿੰਘ ਮਹਿਬੂਬ ਵੱਲੋਂ ਦਿੱਤਾ ਭਾਸ਼ਣ

(15 ਮਾਰਚ 1999 ਨੂੰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ (ਗੜ੍ਹਦੀਵਾਲ) ਵਿਖੇ ਸੰਤ ਹਰਚਰਨ ਸਿੰਘ ਜੀ ਵੱਲੋਂ ਕਰਵਾਏ 300 ਸਾਲਾ ਖਾਲਸਾ ਸਿਰਜਨਾ ਦਿਹਾੜੇ ਦੀ ਲੜੀ ਵਿੱਚ ਸਮਾਗਮ ਦੌਰਾਨ ਸਿੱਖ ਵਿਦਵਾਨ ਸ. ਹਰਿੰਦਰ ਸਿੰਘ ਮਹਿਬੂਬ ਵੱਲੋਂ ਦਿੱਤਾ ਗਿਆ ਭਾਸ਼ਣ।)

ਪਿਆਰੇ ਖਾਲਸਾ ਜੀ!
ਇਸ ਕੀਰਤਨ ਦਰਬਾਰ ਵਿੱਚ ਦੋ ਮਹਾਨ ਸਖਸ਼ੀਅਤਾਂ ਹਾਜ਼ਰ ਹਨ- ਸੰਤ ਸਰਬਜੋਤ ਸਿੰਘ ਜੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਹਾਜ਼ਰ ਨੇ। ਇਸ ਕਰਕੇ ਸਾਰੀ ਸੰਗਤ ਵੀ ਉਸੇ ਲਿਵ ਵਿੱਚ ਜੁੜੀ ਹੋਈ ਹੈ। ਸੰਗਤ ਵੀ ਗੁਰੂ ਦਾ ਰੂਪ ਹੈ, ਗੁਰੂ ਦਾ ਰੂਪ ਹਨ ਸਾਰੇ, ਜੋ ਇੱਥੇ ਹਾਜ਼ਰ ਨੇ, ਜੋ ਲਿਵ ਦੇ ਵਿੱਚ ਬੈਠੇ ਨੇ। ਪਿਆਰੇ ਖ਼ਾਲਸਾ ਜੀ 1980 ਦੇ ਵਿੱਚ ਮੈਂ ਆਪਣੀ ਕਿਤਾਬ ਆਖਰੀ ਸ਼ਾਮ  ਦੇ ਵਿੱਚ ਇਕ ਨਜ਼ਮ ਲਿਖੀ ਸੀ, ਜਿਸ ਵਿੱਚ ਮੈਂ ਦੋ ਪੰਕਤੀਆਂ ਇਸ ਤਰ੍ਹਾਂ ਲਿਖੀਆਂ ਸਨ: 

ਆਵੀਂ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ,
ਸੁਪਨਾ ਪੂਰੀ ਅਨੰਦ ਦਾ ਬਹੁ ਦੂਰ ਦੁਰਾਡਾ।

ਇਹ ਸਤਰਾਂ ਆਖਰੀ ਸ਼ਾਮ ਕਿਤਾਬ ਦੇ ਵਿੱਚੋਂ ਸੀ। ਇਸ ਸਾਰੀ ਕਿਤਾਬ ਦੇ ਵਿੱਚ ਮੈਂ ਇਹ ਨਕਸ਼ਾ ਬੰਨ੍ਹਿਆ ਹੈ ਕਿ ਸਿੱਖ ਜ਼ਿੰਦਗੀ ਦੇ ਵਿੱਚ ਚੜ੍ਹਦੀਕਲਾ ਦੇ ਵਿੱਚ ਵੀ ਆਇਆ ਹੈ ਤੇ ਕਈ ਵਾਰ ਸ਼ਾਮ ਵੀ ਹੁੰਦੀ ਹੈ, ਤਰਕਾਲਾਂ ਪੈਂਦੀਆਂ ਨੇ, ਉਸਦੀ ਰੂਹਾਨੀਅਤ ਵਿੱਚ ਵੀ ਤਰਕਾਲਾਂ ਪੈਂਦੀਆਂ ਨੇ। ਉਹਨਾਂ ਤਰਕਾਲ ਦੇ ਪਿੱਛੋਂ ਉਹਨਾਂ ਦੇ ਅੰਦਰ ਕਿਸੇ ਸਵੇਰ ਦਾ ਇੱਕ ਇਕਰਾਰ ਹੁੰਦਾ ਹੈ। ਸ਼ਹੀਦਾਂ ਦੀ ਬਣਤਰ ਬਿਆਨ ਕਰਦੀਆਂ ਤਰਕਾਲਾਂ ਵਿੱਚ ਸਵੇਰਾਂ ਦੇ ਨਕਸ਼ੇ ਆਪਣੀ ਕਿਤਾਬ ਵਿੱਚ ਉਲੀਕੇ ਨੇ। ਦਸਮ ਪਾਤਸ਼ਾਹ ਅੱਗੇ ਕੁਰਲਾਹਟ ਪਾਈ ਸੀ: 

ਜਾਪੇ ਸਾਡੇ ਸਿਰਾਂ ‘ਤੇ ਕੋਈ ਰੋਸ ਤੁਹਾਡਾ।

ਹੇ ਸੱਚੇ ਪਾਤਸ਼ਾਹ! ਐਂ ਲੱਗਦਾ ਸਾਡੇ ਗਰੀਬ ਸਿੱਖਾਂ ਉੱਤੇ ਤੁਹਾਡਾ ਕੋਈ ਨਾ ਕੋਈ ਰੋਸ ਹੈ। ਨਹੀਂ ਤਾਂ ਸਾਡੀ ਕੌਮ ਦੇ ਉੱਤੇ ਇਸ ਤਰ੍ਹਾਂ ਦੀ ਬੇਪੱਤੀ ਦੇ ਦਿਨ ਕਾਹਨੂੰ ਆਉਣੇ ਸੀ? ਇਹ ਮੈਂ 1980 ਦੀ ਆਪਣੀ ਕਿਤਾਬ ਵਿੱਚ ਕਿਹਾ ਸੀ। ਬਾਅਦ ਵਿੱਚ ਮੈਂ ਇਹ ਝਨਾ ਦੀ ਰਾਤ ਵਿੱਚ ਸ਼ਾਮਿਲ ਕੀਤੀ। 


ਸ. ਹਰਿੰਦਰ ਸਿੰਘ ਮਹਿਬੂਬ

ਪਿਆਰੇ ਖ਼ਾਲਸਾ ਜੀ! ਹੁਣ ਅਸੀਂ 300 ਸਾਲਾ ਖ਼ਾਲਸਾ ਸਾਜਨਾ ਦਿਵਸ ਮਨਾਉਣ ਜਾ ਰਹੇ ਹਾਂ। ਅੱਜ ਤੋਂ ਪੂਰੇ 100 ਸਾਲ ਪਹਿਲਾਂ ਜਾਣੀ 1899 ਵਿੱਚ ਖ਼ਾਲਸਾ ਜੀ ਦਾ 200 ਸਾਲਾ ਜਨਮ ਦਿਵਸ ਮਨਾਉਣਾ ਸੀ। ਉਸ ਵੇਲੇ ਸਾਰੇ ਪੰਜਾਬ ਵਿੱਚ ਕਿਸੇ ਨੇ ਕੁਰਲਾਹਟ ਪਾਈ ਸੀ? ਉਹ ਕੁਰਲਾਹਟ ਪਾਉਣ ਵਾਲਾ ਇੱਕ ਅੰਗਰੇਜ਼ ਸੀ- ਮੈਕਲਫ ਸਾਹਿਬ! ਤੁਹਾਨੂੰ ਪਤਾ ਉਸਨੇ ਗੁਰੂ ਗ੍ਰੰਥ ਸਾਹਿਬ, ਸਾਰੇ ਦਾ ਤਾਂ ਨਹੀਂ, ਲਗਭਗ ਤਿੰਨ ਇਕਾਈ ਹਿੱਸੇ ਦਾ ਤਰਜਮਾ ਕੀਤਾ ਸੀ। ਬਹੁਤ ਸੁੰਦਰ ਇੰਗਲਿਸ਼ ਦੇ ਵਿੱਚ ਅਤੇ ਸਿੱਖ ਇਤਿਹਾਸ ਦੇ ਨਾਲ ਵੀ ਮਿਲਾਇਆ ਸੀ। ਉਸ ਤਰਜਮੇ ਦੇ ਨਾਲ ਸਿੱਖ ਜਗਤ ਚਾਰ ਚੁਫੇਰੇ ਫੈਲ ਗਿਆ ਸੀ। ਉਸਨੇ ਸਿੱਖਾਂ ਅੱਗੇ ਹੱਥ ਜੋੜ ਕੇ ਆਖਿਆ ਸੀ ਕਿ ਖ਼ਾਲਸਾ ਜੀ ਮੇਰੀ ਬੇਨਤੀ ਹੈ ਕਿ ਇਸ ਮਹਾਨ ਰੂਹਾਨੀ ਘੜੀ ਨੂੰ ਤੁਸੀਂ ਇੱਕ ਸਮੂਹਿਕ ਰੂਪ ਵਿੱਚ ਜਾਗਦੀ ਜੋਤ, ਸਾਰੀ ਰੋਸ਼ਨੀ ਦੇ ਨਾਲ ਮਨਾਓ। ਬਾਹਰਲੇ ਇਕੱਠ ਦੇ ਹਿਸਾਬ ਨਾਲ ਨਹੀਂ, ਹਕੂਮਤਾਂ ਨੇ ਜਿਵੇਂ ਥਾਪਣਾ ਦਿੱਤੀ ਹੁੰਦੀ ਹੈ, ਉਸ ਹਿਸਾਬ ਨਾਲ ਨਹੀਂ। ਤੁਸੀਂ ਦਿੱਲ ਦੀ ਸਾਰੀ ਰੋਸ਼ਨੀ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਕਿਸੇ ਨੂੰ ਦੋ ਸਦੀਆਂ ਤੋਂ, ਤਿੰਨ ਸਦੀਆਂ ਤੋਂ, ਜਿਸ ਤੋਂ ਗੁਰੂ ਅਰਜਨ ਸਾਹਿਬ ਨੇ ਪੋਥੀ ਸਾਹਿਬ, ਯਾਨੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਨਾਂ, ਤਿਆਰ ਕੀਤਾ ਸੀ, ਫਤਹਿ ਅੰਦਰ ਸਿੱਖ ਇਤਿਹਾਸ ਵਿੱਚ ਜਗਮਗ ਜਗਮਗ ਹੋ ਰਹੀ ਹੈ ਉਹ ਰੋਸ਼ਨੀ। ਉਸ ਰੋਸ਼ਨੀ ਦੇ ਨਾਲ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਦੂਸਰੀ ਸ਼ਤਾਬਦੀ ਮਨਾਓ। ਪਰ ਉਦੋਂ ਖ਼ਾਲਸਾ ਪੰਥ ਤਿਆਰੀ ਦੇ ਵਿੱਚ ਨਹੀਂ ਸੀ। ਕੁੱਝ ਬਾਹਰਲੀਆਂ ਹਕੂਮਤਾਂ ਦਾ ਜ਼ੋਰ ਸੀ। ਕੁੱਝ ਹੋਰ ਕਾਰਨ ਸੀ, ਜਿਹਨਾਂ ਕਰਕੇ ਉਸਦੀ ਇਹ ਤਮੰਨਾ ਪੂਰੀ ਨਾ ਹੋ ਸਕੀ। 

ਜਦੋਂ ਪਿੱਛਲੇ ਸਾਲ 300 ਸਾਲਾ ਸ਼ਤਾਬਦੀ ਦਾ ਕਾਫੀ ਚਰਚਾ ਹੋਇਆ ਤਾਂ ਮੇਰੇ ਮਨ ਵਿੱਚ ਸੀ ਕਿ ਮੈਕਲਫ ਸਾਹਿਬ ਤਾਂ ਭਾਵੇਂ ਹੁਣ ਇਸ ਦੁਨੀਆ ਵਿੱਚ ਨਹੀਂ, ਪਰ ਤੀਜੀ ਸ਼ਤਾਬਦੀ ਦਾ ਜਿਹੜਾ ਰੰਗ ਹੈ ਉਹ ਉਹਨਾਂ ਦੀ ਰੂਹ ਨੂੰ ਜ਼ਰੂਰ ਸ਼ਾਂਤੀ ਦਵੇਗਾ। ਬੇਸ਼ੱਕ ਉਹ ਇਸ ਵੇਲੇ ਮਿੱਟੀ ਦੇ ਵਿੱਚ ਮਿੱਟੀ ਹੋ ਚੁੱਕੇ ਹਨ। ਪਰ ਮੇਰਾ ਯਕੀਨ ਹੈ, ਆਤਮਾ ਅਮਰ ਹੈ, ਉਸ ਅਮਰ ਆਤਮਾ ਦੇ ਵਿੱਚ ਮੈਕਲਫ ਸਾਹਿਬ ਨੂੰ ਸ਼ਾਂਤੀ ਮਿਲੇਗੀ। ਪਰ ਬਦਕਿਸਮਤੀ ਹੈ ਕਿ ਸਮੇਂ ਦੀਆਂ ਹਕੂਮਤਾਂ ਨੂੰ ਇਸ ਰੂਹਾਨੀ ਜਲੋਅ ਦੀ ਸਮਝ ਨਹੀਂ ਹੈਗੀ। ਰੂਹਾਨੀ ਜਲੋਅ ਹਰ ਚੀਜ਼ ਹੈ, ਇਹ ਖ਼ਾਲਸੇ ਦਾ ਬਹੁਤ ਡੂੰਘਾ ਕਮਾਇਆ ਹੋਇਆ ਤਜ਼ਰਬਾ ਹੈ, ਇਸ ਜਲੋਆ ਤੋਂ ਬਿਨ੍ਹਾਂ, ਬਾਹਰਲੀਆਂ ਜਿਹੜੀਆਂ ਸ਼ਾਨੋ-ਸ਼ੋਕਤਾਂ ਹੁੰਦੀਆਂ ਨੇ, ਉਹ ਵੀ ਕਈ ਵਾਰ ਜ਼ਰੂਰ ਹੁੰਦੀਆਂ ਨੇ ਪਰ ਜੇ ਇਕੱਲਿਆਂ ਹੀ ਰਹਿ ਜਾਣ ਤਾਂ ਇਹ ਕਬਰਾਂ ਦੀ ਮੁਰਦੇਹਾਨੀ ਵਾਂਗ ਬਣ ਜਾਂਦੀਆਂ ਨੇ, ਜਿਵੇਂ ਕਿ ਸਿੰਘ ਸਾਹਿਬ ਨੇ ਗੁਰਬਾਣੀ ਦੇ ਵਿੱਚੋਂ ਇੱਕ ਬੜਾ ਕਮਾਲ ਦਾ ਪਰਮਾਣ ਦਿੱਤਾ ਸੀ ਤੇ ਸਮਝਾਇਆ ਸੀ ਕਿ ਰੂਹਾਨੀਅਤ ਤੋਂ ਬਿਨ੍ਹਾਂ ਆਦਮੀ ਅੰਦਰ ਜੋ ਕਵਿਤਾ ਹੈ, ਉਹ ਧੁਰ ਦਾ ਰਿਸ਼ਤਾ ਹੈ, ਉਸ ਇਤਿਹਾਸ ਨਾਲ ਕੌਮ ਦਾ ਰਿਸ਼ਤਾ ਹੈ, ਜੋ ਕੌਮ ਦੀ ਉਸਾਰੀ ਦੇ ਪਹਿਲੇ ਪਲ ਹੁੰਦੇ ਨੇ, ਜਦੋਂ ਦਸਮ ਪਾਤਸ਼ਾਹ ਨੇ ਤਲਵਾਰ ਖਿੱਚ ਕੇ 80,000 ਲੋਕਾਂ ਦੇ ਸਾਹਮਣੇ ਇੱਕ ਸਿਰ ਮੰਗਿਆ ਸੀ, ਉਹ ਪਲ ਕੇਵਲ ਬਾਹਰਲੇ ਨਹੀਂ ਸੀ, ਉਹ ਅੰਦਰਲੇ ਜਲੋਅ ਦੇ ਵੀ ਸੀ। 

ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜਿਹੜਾ ਗੁਰਮੁੱਖ ਸਫਰ ਸੀ, ਗੁਰਮੁੱਖ ਲੋਕਾਂ ਦਾ ਜਿਹੜਾ ਤਜ਼ਰਬਾ ਸੀ, ਜਿਹੜੀ ਉਹਨਾਂ ਦੀ ਉੱਚੀ ਲਿਵ ਸੀ, ਉਹ ਵੀ ਉਸ ਤਲਵਾਰ ਦੇ ਪਿੱਛੇ ਖੜੀ ਸੀ। ਉਹ ਇੱਕ ਪਲ ਜਿਹੜਾ ਸੀ, ਉਹ ਸਿੱਖਾਂ ਨੂੰ ਜਦੋਂ ਉਹ ਹੀਣੇ ਵੀ ਹੋ ਜਾਣਗੇ, ਜਿਹੜਾ ਸਿੱਖਾਂ ਵਿੱਚ ਪਤਿਤਪੁਣਾ ਆਇਆ ਹੈ, ਪਰ ਜਿਹੜੇ ਸਿੱਖਾਂ ਦੇ ਰੂਹਾਨੀਅਤ ਦੇ ਪਲ ਨੇ, ਮੇਰਾ ਯਕੀਨ ਹੈ, ਸਿੱਖਾਂ ਨੂੰ ਅਮਰ ਰੱਖਣਗੇ। ਕੀ ਹੋਇਆ, ਜੇ ਵਕਤ ਦੀਆਂ ਹਕੂਮਤਾਂ ਸਾਡੇ ਉਸ ਸੱਚੇ-ਸੁੱਚੇ ਸੱਭਿਆਚਾਰ, ਸਾਡੀ, ਸਾਦੀ ਅਤੇ ਸਰੋਦੀ ਸੁਰਤ ਦੇ ਵਿੱਚ ਬਿਘਨ ਪਾ ਰਹੇ ਨੇ, ਸਾਡੇ ਉਸ ਮਹਾਂ ਸੰਗੀਤ ਨੂੰ ਤੋੜ ਰਹੇ ਨੇ ਤਾਂ ਗੁਨਾਹਗਾਰ ਉਹ ਨੇ। ਮੈਂ ਤੁਹਾਨੂੰ ਇੱਕ ਇਸਾਈ ਆਦਮੀ ਦੀ ਗੱਲ ਕਹਿੰਨਾ ਵਾਂ, ਬਸ ਇਹ ਕਹਿ ਕੇ ਖਤਮ ਕਰਨ ਵਾਲਾ ਹਾਂ। ਪਿਆਰੇ ਖ਼ਾਲਸਾ ਜੀ! ਇੱਕ ਇਸਾਈ ਮਹਾਨ ਲੇਖਕ, ਦੁਨੀਆ ਦਾ ਸਿਰਮੋਰ ਨਾਵਲਿਸਟ ਦੋਸਤੋਵਸਕੀ ਆਖਦਾ ਹੈ ਜਿੰਨਾ ਚਿਰ ਇੱਕ ਵੀ ਕਰਿਸਚੀਅਨ, ਇੱਕ ਵੀ ਇਸਾਈ ਦੁਨੀਆਂ ਵਿੱਚ ਈਸਾ ਜੀ ਦੀ ਲੋਅ ਵਾਲਾ ਜਿਉਂਦਾ ਹੈ, ਇਸਾਈਅਤ ਨੂੰ ਕੋਈ ਖਤਮ ਨਹੀਂ ਕਰ ਸਕੇਗਾ। 

ਇਸੇ ਤਰ੍ਹਾਂ ਪਿਆਰੇ ਖ਼ਾਲਸਾ ਜੀ ਮੈਂ ਆਪ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਸਿੱਖਾਂ ਦੇ ਵਿੱਚ, ਅਸੀਂ ਤਾਂ ਇੱਕ ਕਿਉਂ, ਘੱਟੋ-ਘੱਟ ਹਜ਼ਾਰਾਂ ਦੀ ਗਿਣਤੀ ਵਿੱਚ ਹਾਂ, ਮੇਰਾ ਇਹ ਵਿਸ਼ਵਾਸ ਹੈ, ਸਿੱਖ ਦੁਨੀਆ ਦੇ ਵਿੱਚ ਰਹਿੰਦੇ ਨੇ, ਓਸ ਲਿਵ ਵਿੱਚ ਜਿਉਂਦੇ ਨੇ, ਜਿਸ ਵਿੱਚ ਦਸਮ ਪਾਤਸ਼ਾਹ ਨੇ ਅਨੰਦਪੁਰ ਦੇ ਵਿੱਚ ਪਹਿਲੀ ਵਾਰ ਤੇਗ ਖਿੱਚ ਕੇ ਸੀਸ ਮੰਗਿਆ ਸੀ। 

ਮੈਂ ਪੰਜ ਸਾਲ ਪਹਿਲਾਂ ਪ੍ਰਣ ਕੀਤਾ ਸੀ ਕਿ ਮੈਂ 13 ਅਪ੍ਰੈਲ 1999 ਦੀ ਵਿਸਾਖੀ ਨੂੰ ਖ਼ਾਲਸਾ ਪੰਥ ਨੂੰ ਇੱਕ ਮਹਾਨ ਗ੍ਰੰਥ ਦੇਵਾਂਗਾ। ਮੈਂ ਉਹ ਗ੍ਰੰਥ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੇ ਉੱਤੇ, ਉਹਦੀ ਪਹਿਲੀ ਜ਼ਿਲਦ ਤਿਆਰ ਕਰ ਲਈ ਹੈ, 700 ਸਫੇ ਦਾ ਉਹ ਗ੍ਰੰਥ ਹੈ, ਆਪਣੀ ਪੂਰੀ ਭਗਤੀ ਦੇ ਨਾਲ ਲਿਖਿਆ ਹੈ- ਇਲਾਹੀ ਨਦਰ ਦੇ ਪੈਂਡੇ, ਯਾਅਨੀ ਜਿਸਦਾ ਮਤਲਬ ਹੈ ਰੱਬੀ ਸਫਰ। ਇਸ ਦੇ ਵਿੱਚ ਮੈਂ ਇਕੱਲੇ ਗੁਰੂ ਨਾਨਕ ਸਾਹਿਬ ਨੂੰ ਹੂ-ਬ-ਹੂ ਲਿਵ ਜੋੜ ਕੇ ਪੂਰੀ ਭਗਤੀ ਕਰਕੇ ਪੇਸ਼ ਕਰ ਦਿੱਤਾ ਹੈ। ਤੀਜੀ ਸ਼ਤਾਬਦੀ ਨੂੰ ਘੱਟੋ-ਘੱਟ ਮੇਰਾ ਇੱਕ ਤੋਹਫਾ ਹੈ ਤੇ ਇੱਥੇ ਆਉਣ ਵਾਲੇ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ, ਭਾਵੇਂ ਇਹ ਇੱਕ ਦੋ ਮਹੀਨਿਆਂ ਵਿੱਚ ਛਪੇਗਾ, ਸਮਝ ਲੋ ਇਹ ਇੱਕ ਤੋਹਫਾ ਹੈ, ਤੋਹਫਾ ਹੈ ਛੋਟਾ ਵੀ ਹੈ, ਸਾਰੀ ਸੰਗਤ ਦਾ ਹੈ। ਇਹ ਆਖ ਕੇ ਮੈਂ ਆਪ ਜੀ ਤੋਂ ਖਿਮਾ ਦਾ ਯਾਚਕ ਹਾਂ:

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ