ਕੀ ਭਾਜਪਾ ਦੇ ਖੀਸੇ ਪਿਆ ਭਾਰਤੀ ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਾਉਣ ਯੋਗ ਹੈ?

ਕੀ ਭਾਜਪਾ ਦੇ ਖੀਸੇ ਪਿਆ ਭਾਰਤੀ ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਾਉਣ ਯੋਗ ਹੈ?

ਚੰਡੀਗੜ੍ਹ: ਭਾਰਤ ਵਿੱਚ ਆਮ ਚੋਣਾਂ ਦਾ ਦੌਰ ਪਹਿਲੇ ਪੜਾਅ ਨਾਲ ਸ਼ੁਰੂ ਹੋ ਚੁੱਕਿਆ ਹੈ ਤੇ ਭਾਰਤ ਦੀ ਰਾਜਨੀਤੀ 'ਤੇ ਕਿਹੜੀ ਧਿਰ ਕਾਬਜ਼ ਹੋਵੇਗੀ ਇਸ ਲਈ ਵੋਟਾਂ ਪੈ ਰਹੀਆਂ ਹਨ। ਇਸ ਵੋਟ ਪ੍ਰਣਾਲੀ ਨੂੰ ਨਿਰਪੱਖ ਅਤੇ ਇਮਾਨਦਾਰੀ ਨਾਲ ਪੂਰਾ ਕਰਨ ਦੀ ਜ਼ਿੰਮੇਵਾਰੀ ਭਾਰਤੀ ਚੋਣ ਕਮਿਸ਼ਨ 'ਤੇ ਹੁੰਦੀ ਹੈ। ਭਾਵੇਂ ਕਿ ਹਮੇਸ਼ਾ ਤੋਂ ਹੀ ਭਾਰਤ ਵਿਚ ਹੁੰਦੀਆਂ ਵੋਟਾਂ ਅਤੇ ਭਾਰਤੀ ਚੋਣ ਕਮਿਸ਼ਨ ਦੀ ਕਾਰਜਸ਼ੈਲੀ, ਇਮਾਨਦਾਰੀ 'ਤੇ ਸਵਾਲ ਉੱਠਦੇ ਰਹੇ ਹਨ ਅਤੇ ਵੋਟਾਂ ਨੂੰ ਕਿਸੇ ਹੋਰ ਲੋਕਤੰਤਰਿਕ ਦੇਸ਼ ਦੀ ਨਿਗਰਾਨੀ ਹੇਠ ਕਰਾਉਣ ਦੀ ਮੰਗ ਭਾਰਤ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰਦੀਆਂ ਕੌਮੀਅਤਾਂ ਚੁੱਕਦੀਆਂ ਰਹੀਆਂ ਹਨ ਪਰ ਇਸ ਵਾਰ ਭਾਰਤੀ ਚੋਣ ਕਮਿਸ਼ਨ 'ਤੇ ਮੋਜੂਦਾ ਸੱਤਾਧਿਰ ਭਾਜਪਾ ਦੀ ਕੱਠਪੁਤਲੀ ਬਤੌਰ ਕੰਮ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਇਹਨਾਂ ਦੋਸ਼ਾਂ ਦਾ ਅਧਾਰ ਕੁੱਝ ਮਾਮਲੇ ਬਣੇ ਹਨ ਜਿਹਨਾਂ ਵਿੱਚ ਭਾਰਤੀ ਚੋਣ ਕਮਿਸ਼ਨ ਦਾ ਰਵੱਈਆ ਭਾਜਪਾ ਪੱਖੀ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸੰਧਰਭ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਭਾਜਪਾ ਦੀ ਰਾਜਨੀਤਕ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸ਼ਿਕਾਇਤ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡਾਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਖਾਸ ਜਾਂਚ ਟੀਮ (ਸਿੱਟ) ਦੇ ਸਭ ਤੋਂ ਵੱਧ ਕਾਰਜਸ਼ੀਲ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਦਾ ਮਾਮਲਾ ਬੀਤੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਕਿਉਂ ਉੱਠ ਰਹੇ ਹਨ ਭਾਰਤੀ ਚੋਣ ਕਮਿਸ਼ਨ 'ਤੇ ਸਵਾਲ?
ਜਿੱਥੇ ਕੁੰਵਰ ਵਿਜੈ ਪ੍ਰਤਾਪ ਵੱਲੋਂ ਸਿੱਟ ਦੀ ਜਾਂਚ ਸਬੰਧੀ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਨੂੰ ਅਧਾਰ ਬਣਾ ਕੇ ਉਹਨਾਂ ਨੂੰ ਸਿੱਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਉੱਥੇ ਇਸੇ ਚੋਣ ਕਮਿਸ਼ਨ ਕੋਲ ਜਦੋਂ ਚੋਣ ਜ਼ਾਬਤੇ ਦੀ ਭਾਜਪਾ ਦੇ ਆਗੂ ਨਰਿੰਦਰ ਮੋਦੀ (ਭਾਰਤ ਦਾ ਪ੍ਰਧਾਨ ਮੰਤਰੀ) ਅਤੇ ਯੋਗੀ ਅਦਿਤਿਆਨਾਥ (ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ) ਵੱਲੋਂ ਉਲੰਘਣਾ ਦੀਆਂ ਸ਼ਿਕਾਇਤਾਂ ਪਹੁੰਚੀਆਂ ਤਾਂ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। 

ਚੋਣ ਜ਼ਾਬਤਾ ਲੱਗਣ ਤੋਂ ਬਾਅਦ ਨਰਿੰਦਰ ਮੋਦੀ ਵੱਲੋਂ ਭਾਰਤ ਦੇ ਲੋਕਾਂ ਨੂੰ ਬਤੌਰ ਪ੍ਰਧਾਨ ਮੰਤਰੀ ਸੰਬੋਧਨ ਕਰਦਿਆਂ ਭਾਰਤ ਵੱਲੋਂ ਕੀਤੇ ਐਂਟੀ ਸੈਟਲਾਈਟ ਪ੍ਰੀਖਣ ਦਾ ਫਾਇਦਾ ਆਪਣੀ ਪਾਰਟੀ ਲਈ ਲੈਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਮੋਦੀ ਦੇ ਨਾਂ ਦਾ ਇੱਕ ਚੈਨਲ ਚਲਾਇਆ ਜਾ ਰਿਹਾ ਹੈ। ਯੋਗੀ ਅਦਿਤਿਆਨਾਥ ਨੇ ਇੱਕ ਭਾਸ਼ਣ ਵਿੱਚ ਭਾਰਤ ਦੀ ਫੌਜ ਨੂੰ "ਮੌਦੀ ਦੀ ਫੌਜ" ਕਿਹਾ। ਪਰ ਇਹਨਾਂ ਸਾਰੀਆਂ ਉਲੰਘਣਾ ਦੇ ਖਿਲਾਫ ਚੋਣ ਕਮਿਸ਼ਨ ਨੇ ਕੋਈ ਸਖਤ ਕਾਰਵਾਈ ਨਹੀਂ ਕੀਤੀ। 

ਕਾਂਗਰਸ ਨੇ ਚੋਣ ਕਮਿਸ਼ਨ 'ਤੇ ਭਾਜਪਾ ਦਾ ਪੱਖ ਪੂਰਨ ਦਾ ਦੋਸ਼ ਲਾਇਆ
ਇਹਨਾਂ ਚੋਣਾਂ ਵਿੱਚ ਭਾਰਤੀ ਮੁੱਖ ਧਾਰਾ ਦੀ ਪ੍ਰਮੁੱਖ ਪਾਰਟੀ ਕਾਂਗਰਸ ਵੱਲੋਂ ਵੀ ਭਾਰਤੀ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਸਵਾਲ ਚੁੱਕੇ ਜਾ ਰਹੇ ਹਨ। ਕਾਂਗਰਸ ਦਾ ਦੋਸ਼ ਹੈ ਕਿ ਭਾਰਤੀ ਚੋਣ ਕਮਿਸ਼ਨ ਭਾਜਪਾ ਦਾ ਪੱਖ ਪੂਰ ਰਿਹਾ ਹੈ ਤੇ ਮੋਦੀ ਨੂੰ ਚੋਣਾਂ ਵਿੱਚ ਫਾਇਦਾ ਪਹੁੰਚਾਉਣ ਦੀਆਂ ਕਾਰਵਾਈਆਂ ਕਰ ਰਿਹਾ ਹੈ। 

ਕਾਂਗਰਸ ਦੇ ਸਕੱਤਰ ਤਰੁਨ ਕੁਮਾਰ ਨੇ ਕਿਹਾ ਕਿ ਚੋਣ ਜ਼ਾਬਤਾ ਇੱਕ ਮਜ਼ਾਕ ਬਣ ਚੁੱਕਿਆ ਹੈ। 

ਯੋਗਿੰਦਰ ਯਾਦਵ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਹਰ ਦਿਨ ਨਿਘਾਰ ਵੱਲ ਜਾ ਰਿਹਾ ਹੈ ਤੇ ਹਰ ਨਵੇਂ ਦਿਨ ਇਹ ਨਿਘਾਰ ਵੱਧਦਾ ਜਾ ਰਿਹਾ ਹੈ। 


ਭਾਰਤੀ ਚੋਣ ਕਮਿਸ਼ਨ ਦੇ ਦਫਤਰ ਬਾਹਰ ਧਰਨਾ ਦਿੰਦੇ ਹੋਏ ਸਿੱਖ 

ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਚੋਣ ਕਮਿਸ਼ਨ ਦੇ ਦਫਤਰ ਬਾਹਰ ਧਰਨਾ ਦਿੱਤਾ ਗਿਆ
ਸਿੱਖ ਸੰਗਤ ਨੇ ਨਵੀਂ ਦਿੱਲੀ ਵਿਖੇ ਮੁੱਖ ਚੋਣ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦਿੱਤਾ, ਜਿਸ ਵਿੱਚ ਮੰਗ ਕੀਤੀ ਗਈ ਕਿ ਮੁੱਖ ਚੋਣ ਕਮਿਸ਼ਨਰ ਫੌਰੀ ਤੌਰ ’ਤੇ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਰੱਦ ਕਰੇ, ਜੋ ਚੋਣ ਕਮਿਸ਼ਨ ਨੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤਾ ਹੈ। 

ਇਸ ਦੌਰਾਨ ਸਿੱਖ ਆਗੂਆਂ ਵੱਲੋਂ ਇੱਕ ਮੰਗ ਪੱਤਰ ਭਾਰਤੀ ਚੋਣ ਕਮਿਸ਼ਨ ਨੂੰ ਦਿੱਤਾ ਗਿਆ ਜਿਸ ਵਿੱਚ ਆਖਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਗੋਲੀ ਕਾਂਡ ਦੇ ਮਾਮਲੇ ਵਿਚ ਸਿੱਖ ਕੌਮ ਇਨਸਾਫ ਦੀ ਉਡੀਕ ਕਰ ਰਹੀ ਸੀ। ਹੁਣ ਜਦੋਂ ਇਨਸਾਫ਼ ਦੀ ਆਸ ਬੱਝੀ ਤਾਂ ਸਿਟ ਦੇ ਪ੍ਰਮੁੱਖ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ। ਇਹ ਵੀ ਆਖਿਆ ਗਿਆ ਹੈ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਸ ਗੋਲੀ ਕਾਂਡ ਦੀ ਜਾਂਚ ਹੀ ਨਹੀਂ ਕੀਤੀ। ਹੁਣ ਇਹ ਜਾਂਚ ਨਿਰਪੱਖ ਤਰੀਕੇ ਨਾਲ ਹੋ ਰਹੀ ਸੀ।

ਸਿੱਖ ਆਗੂਆਂ ਨੇ ਆਖਿਆ ਕਿ ਬਾਦਲਾਂ ਨੇ ਪ੍ਰਧਾਨ ਮੰਤਰੀ ਮੋਦੀ ਰਾਹੀਂ ਚੋਣ ਕਮਿਸ਼ਨ ’ਤੇ ਦਬਾਅ ਪਾ ਕੇ ਅਧਿਕਾਰੀ ਦਾ ਤਬਾਦਲਾ ਕਰਾਇਆ ਹੈ। ਚੋਣ ਪ੍ਰਕਿਰਿਆ ਨਾਲ ਇਸ ਪੜਤਾਲ ਦਾ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਪੜਤਾਲ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ