ਕਰਤਾਰਪੁਰ ਲਾਂਘੇ ਲਈ ਭਾਰਤ-ਪਾਕਿ ਦਰਮਿਆਨ ਸਮਝੌਤੇ 'ਤੇ ਹੋਏ ਦਸਤਖਤ; ਜਾਣੋ ਲਾਂਘੇ ਰਾਹੀਂ ਜਾਣ ਲਈ ਹਰ ਅਹਿਮ ਗੱਲ

ਕਰਤਾਰਪੁਰ ਲਾਂਘੇ ਲਈ ਭਾਰਤ-ਪਾਕਿ ਦਰਮਿਆਨ ਸਮਝੌਤੇ 'ਤੇ ਹੋਏ ਦਸਤਖਤ; ਜਾਣੋ ਲਾਂਘੇ ਰਾਹੀਂ ਜਾਣ ਲਈ ਹਰ ਅਹਿਮ ਗੱਲ
ਸਮਝੌਤੇ 'ਤੇ ਦਸਤਖਤ ਕਰਦੇ ਹੋਏ ਪਾਕਿਸਤਾਨ ਅਤੇ ਭਾਰਤ ਦੇ ਅਫਸਰ

ਡੇਰਾ ਬਾਬਾ ਨਾਨਕ: ਗੁਰਦੁਆਰਾ ਕਰਤਾਰਪੁਰ ਸਾਹਿਬ, ਲਹਿੰਦੇ ਪੰਜਾਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਜਾਣ ਵਾਸਤੇ ਬਣਾਏ ਜਾ ਰਹੇ ਲਾਂਘੇ 'ਤੇ ਸੰਗਤਾਂ ਦੀ ਆਵਾਜਾਈ ਸਬੰਧੀ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਰਮਿਆਨ ਇਤਿਹਾਸਕ ਸਮਝੌਤੇ 'ਤੇ ਦਸਤਖਤ ਹੋ ਗਏ ਹਨ। ਅੱਜ ਤੋਂ ਸਿੱਖ ਸੰਗਤਾਂ ਭਾਰਤ ਸਰਕਾਰ ਦੇ ਗ੍ਰਹਿ ਮਹਿਕਮੇ ਵੱਲੋਂ ਖਾਸ ਤੌਰ 'ਤੇ ਕਰਤਾਰਪੁਰ ਸਾਹਿਬ ਲਾਂਘੇ ਲਈ ਬਣਾਈ ਵੈਬਸਾਈਟ https://prakashpurb550.mha.gov.in/kpr/ 'ਤੇ ਜਾ ਕੇ ਆਪਣਾ ਨਾਂ ਦਰਜ ਕਰਾ ਸਕਦੇ ਹਨ। 

ਇਸ ਵੈਬਸਾਈਟ 'ਤੇ ਆਪਣਾ ਨਾਂ ਦਰਜ ਕਰਾਉਣ ਤੋਂ ਬਾਅਦ ਯਾਤਰੂ ਨੂੰ ਜਾਣ ਦੀ ਪ੍ਰਵਾਨਗੀ ਦੇਣ ਦਾ ਫੈਂਸਲਾ ਭਾਰਤ ਸਰਕਾਰ ਕਰੇਗੀ ਅਤੇ ਇਸ ਬਾਰੇ ਉਸਨੂੰ ਲਾਂਘੇ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਤੈਅ ਤਰੀਕ ਤੋਂ ਚਾਰ ਦਿਨ ਪਹਿਲਾਂ ਸੂਚਿਤ ਕੀਤਾ ਜਾਵੇਗਾ।

ਲਾਂਘੇ ਰਾਹੀਂ ਜਾਣ ਵਾਲੀਆਂ ਸੰਗਤਾਂ ਸਿਰਫ ਗੁਰਦੁਆਰਾ ਕਰਤਾਰਪੁਰ ਸਾਹਿਬ ਹੀ ਜਾ ਸਕਣਗੀਆਂ ਤੇ ਇਸ ਤੋਂ ਇਲਾਵਾ ਸੰਗਤਾਂ ਨੂੰ ਹੋਰ ਥਾਂ ਜਾਣ ਦੀ ਪ੍ਰਵਾਨਗੀ ਨਹੀਂ ਹੋਵੇਗੀ।

ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਿਕ 13 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 75 ਸਾਲ ਦੇ ਅਤੇ ਉਸ ਤੋਂ ਵੱਧ ਉਮਰ ਦੇ ਬਜ਼ੁਰਗ ਸਮੂਹਾਂ ਵਿੱਚ ਹੀ ਲਾਂਘੇ ਰਾਹੀਂ ਜਾ ਸਕਣਗੇ। ਲਾਂਘੇ ਰਾਹੀਂ ਜਾਣ ਵਾਲੇ ਯਾਤਰੂ ਨੂੰ ਸਵੇਰੇ ਜਾ ਕੇ ਸ਼ਾਮ ਨੂੰ ਵਾਪਿਸ ਪਰਤਣਾ ਪਵੇਗਾ। ਯਾਤਰੂ ਇਸ ਯਾਤਰਾ ਦੌਰਾਨ ਵੱਧ ਤੋਂ ਵੱਧ 11,000 ਰੁਪਏ ਨਕਦ ਲੈ ਕੇ ਜਾ ਸਕਣਗੇ ਅਤੇ 7 ਕਿਲੋਂ ਤੱਕ ਭਾਰ ਵਾਲਾ ਝੋਲਾ ਹੀ ਲਿਜਾਣ ਦੀ ਪ੍ਰਵਾਨਗੀ ਹੋਵੇਗੀ। 

20 ਅਮਰੀਕੀ ਡਾਲਰ ਫੀਸ ਲਈ ਜਾਵੇਗੀ
ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸੰਗਤਾਂ ਤੋਂ ਪਾਕਿਸਤਾਨ ਸਰਕਾਰ 20 ਅਮਰੀਕੀ ਡਾਲਰ ਲਏਗੀ। 

ਲਾਂਘੇ ਦੇ ਪ੍ਰਬੰਧਕੀ ਕੰਮ ਦੀ ਜ਼ਿੰਮੇਵਾਰੀ ਕਰਤਾਰਪੁਰ ਸਾਹਿਬ ਲਾਂਘਾ ਕਾਰਜਕਾਰਨੀ ਕਮੇਟੀ ਨੂੰ ਦਿੱਤੀ ਗਈ ਹੈ ਜਿਸ ਦੀ ਪ੍ਰਧਾਨਗੀ ਡੇਰਾ ਬਾਬਾ ਨਾਨਕ ਦੇ ਡਿਪਟੀ ਕਮਿਸ਼ਨਰ ਕਰਨਗੇ।

ਯਾਤਰੂਆਂ ਨੂੰ ਲਾਂਘੇ ਰਾਹੀਂ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੈ, ਪਰ ਉਹਨਾਂ ਨੂੰ ਆਪਣਾ ਪਾਸਪੋਰਟ ਨਾਲ ਲਿਜਾਣਾ ਪਵੇਗਾ। ਭਾਰਤ ਪਾਕਿਸਤਾਨ ਦਰਮਿਆਨ ਹੋਏ ਸਮਝੌਤੇ ਮੁਤਾਬਿਕ ਲਾਂਘੇ ਰਾਹੀਂ ਪ੍ਰਤੀਦਿਨ 5000 ਸੰਗਤਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ ਤੇ ਖਾਸ ਦਿਨਾਂ ਜਿਵੇਂ ਗੁਰਪੁਰਬਾਂ 'ਤੇ ਇਸ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ।

ਸਮਝੌਤੇ ਮੁਤਾਬਿਕ ਇਹ ਲਾਂਘਾ ਸਾਲ ਦੇ 365 ਦਿਨ ਖੁੱਲ੍ਹਾ ਰਹੇਗਾ।

ਇਸ ਲਾਂਘੇ ਰਾਹੀਂ ਜਾਣ ਵਾਲੀਆਂ ਸੰਗਤਾਂ 'ਤੇ ਵਾਈਫਾਈ ਜਾਂ ਬਰੋਡਬੈਂਡ ਨਾਲ ਸਬੰਧਿਤ ਕੋਈ ਚੀਜ ਲਿਜਾਣ 'ਤੇ ਪਾਬੰਦੀ ਹੋਵੇਗੀ। ਨਕਸ਼ੇ, ਕੋਈ ਨਸ਼ੀਲ਼ੀ ਵਸਤ ਆਦਿ ਲਿਜਾਣ 'ਤੇ ਵੀ ਪਾਬੰਦੀ ਹੈ। ਕਿਰਪਾਨ ਲਿਜਾਣ ਦੀ ਪ੍ਰਵਾਨਗੀ ਹੋਵੇਗੀ। 

ਇਹ ਖ਼ਬਰ ਵੀ ਪੜ੍ਹੋ: ਕਰਤਾਰਪੁਰ ਸਾਹਿਬ ਲਾਂਘੇ ਲਈ ਨਾਂ ਦਰਜ ਕਰਾਉਣ ਵਾਲੀ ਵੈਬਸਾਈਟ ਦੇ ਪਹਿਲੇ ਪੰਨੇ ਤੋਂ ਅਗਾਂਹ ਪੰਜਾਬੀ ਗੁਆਚੀ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।