ਜੇ ਹੋਰ ਸਾਰੇ ਧਾਰਮਿਕ ਸਥਾਨ ਖੁੱਲ੍ਹ ਸਕਦੇ ਹਨ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ?

ਜੇ ਹੋਰ ਸਾਰੇ ਧਾਰਮਿਕ ਸਥਾਨ ਖੁੱਲ੍ਹ ਸਕਦੇ ਹਨ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਿੱਖਾਂ ਦੀਆਂ ਕਈ ਦਹਾਕਿਆਂ ਦੀਆਂ ਅਰਦਾਸਾਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦਰਿਆਦਿਲੀ ਸਦਕਾ ਪਾਕਿਸਤਾਨ ਦੇ ਪ੍ਰਬੰਧ ਹੇਠਲੇ ਲਹਿੰਦੇ ਪੰਜਾਬ ਵਿਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇਤਿਹਾਸਕ ਲਾਂਘਾ 2018 ਵਿਚ ਖੋਲ੍ਹਿਆ ਗਿਆ ਸੀ। ਪਰ ਕੋਰੋਨਾਵਾਇਰਸ ਦੇ ਚਲਦਿਆਂ ਲੱਗੀਆਂ ਸਫਰੀ ਪਾਬੰਦੀਆਂ ਕਾਰਨ ਇਸ ਲਾਂਘੇ 'ਤੇ ਰੋਕਾਂ ਲਾ ਦਿੱਤੀਆਂ ਗਈਆਂ। ਹੁਣ ਜਦੋਂ ਪੂਰੀ ਦੁਨੀਆ ਵਿਚ ਸਫਰੀ ਪਾਬੰਦੀਆਂ ਹੱਟ ਰਹੀਆਂ ਹਨ ਅਤੇ ਧਾਰਮਿਕ ਸਥਾਨ ਵੀ ਖੋਲ੍ਹ ਦਿੱਤੇ ਗਏ ਹਨ ਤਾਂ ਕਰਤਾਰਪੁਰ ਲਾਂਘੇ 'ਤੇ ਪਾਬੰਦੀਆਂ ਨਾ ਹਟਾਉਣ ਦਾ ਭਾਰਤ ਸਰਕਾਰ ਦਾ ਫੈਂਸਲਾ ਸਵਾਲਾਂ ਦੇ ਘੇਰੇ ਵਿਚ ਹੈ।

ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ
ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਹਲਕਾ ਭੁਲੱਥ ਤੋਂ ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਰੋਨਾ ਦੇ ਮੱਦੇਨਜ਼ਰ ਬੰਦ ਕੀਤਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਨਿੱਜੀ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਅਪੀਲ ਕੀਤੀ ਕਿ ਉਹ ਲਾਂਘਾ ਖੁੱਲ੍ਹਵਾਉਣ ਲਈ ਯੋਗ ਪੈਰਵਾਈ ਕਰਨ। 

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਰੋਨਾ ਦੇ ਚੱਲਦਿਆਂ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੇ ਬੀਤੀ 16 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਆਰਜ਼ੀ ਤੌਰ ’ਤੇ ਬੰਦ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਬੀਤੀ 29 ਜੂਨ ਨੂੰ ਪਾਕਿਸਤਾਨ ਨੇ ਲਾਂਘਾ ਸ਼ਰਧਾਲੂਆਂ ਲਈ ਮੁੜ ਖੋਲ੍ਹ ਦਿੱਤਾ ਹੈ ਪਰ ਪੰਜਾਬ ਵਾਲੇ ਪਾਸਿਓਂ ਇਹ ਹਾਲੇ ਵੀ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਗੁਰਦੁਆਰੇ, ਮੰਦਰ, ਮਸਜਿਦਾਂ, ਗਿਰਜਾਘਰ ਅਤੇ ਧਰਮਸ਼ਾਲਾ ਆਦਿ ਸਥਾਨ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ ਅਤੇ 5 ਅਗਸਤ ਨੂੰ ਪ੍ਰਧਾਨ ਮੰਤਰੀ ਨੇ ਅਯੁੱਧਿਆਂ ਵਿੱਚ ਰਾਮ ਮੰਦਰ ਦੀ ਉਸਾਰੀ ਬਾਬਤ ਨੀਂਹ ਪੱਥਰ ਰੱਖਿਆ ਹੈ, ਲਿਹਾਜ਼ਾ ਹੁਣ ਇਹ ਲਾਂਘਾ ਵੀ ਖੋਲ੍ਹਿਆ ਜਾਣਾ ਚਾਹੀਦਾ ਹੈ।

ਜਥੇਦਾਰ ਅਕਾਲ ਤਖ਼ਤ ਸਾਹਿਬ ਵੀ ਕਈ ਵਾਰ ਮੰਗ ਕਰ ਚੁੱਕੇ ਹਨ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਈ ਵਾਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਹੈ। ਉਹਨਾਂ ਭਾਰਤ ਸਰਕਾਰ ਨੂੰ ਕਿਹਾ ਕਿ 

ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ‘‘ਭਾਰਤ ਸਰਕਾਰ ਵਲੋਂ 8 ਜੂਨ ਨੂੰ ਸਾਰੇ ਧਾਰਮਿਕ ਅਸਥਾਨ ਖੋਲ੍ਹ ਦਿੱਤੇ ਗਏ ਸਨ। ਸਾਡੀ ਸਰਕਾਰ ਨੂੰ ਸਿੱਖ ਸੰਗਤ ਲਈ ਕਰਤਾਰਪੁਰ ਸਾਹਿਬ ਲਾਂਘਾ ਵੀ ਖੋਲ੍ਹਣਾ ਚਾਹੀਦਾ ਹੈ।’’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, ‘‘ਮੈਂ ਪਾਕਿਸਤਾਨ ਸਰਕਾਰ ਵਲੋਂ ਲਾਂਘਾ ਖੋਲ੍ਹੇ ਜਾਣ ਦਾ ਸਵਾਗਤ ਕਰਦਾ ਹਾਂ। ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਿੰਨੀ ਛੇਤੀ ਸੰਭਵ ਹੋ ਸਕੇ, ਲਾਂਘਾ ਖੋਲ੍ਹਣ ਦੇ ਯਤਨ ਕੀਤੇ ਜਾਣ।’’

ਪਾਕਿਸਤਾਨ ਸਰਕਾਰ ਲਾਂਘਾ ਖੋਲ੍ਹ ਚੁੱਕੀ ਹੈ
ਪਾਕਿਸਤਾਨ ਸਰਕਾਰ ਨੇ 29 ਜੂਨ ਨੂੰ ਆਪਣੇ ਪਾਸਿਓਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਦਿੱਤਾ ਹੈ। ਇਹ ਐਲਾਨ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਸਿੱਖ ਸੰਗਤਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਰਹੀ ਹੈ ਅਤੇ ਉਹਨਾਂ ਭਾਰਤ ਸਰਕਾਰ ਨੂੰ ਵੀ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਸੀ। 

ਭਾਰਤ ਸਰਕਾਰ ਵੱਲੋਂ ਲਾਂਘਾ ਖੋਲ੍ਹਣ ਦਾ ਕੋਈ ਇਸ਼ਾਰਾ ਨਹੀਂ
ਭਾਵੇਂ ਕਿ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹੇ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਦੁਨੀਆ ਵਿਚ ਕੌਮਾਂਤਰੀ ਆਵਾਜਾਈ 'ਤੇ ਲੱਗੀਆਂ ਪਾਬੰਦੀਆਂ ਵੀ ਸ਼ਰਤਾਂ ਸਮੇਤ ਹਟ ਗਈਆਂ ਹਨ ਪਰ ਭਾਰਤ ਸਰਕਾਰ ਵੱਲੋਂ ਫਿਲਹਾਲ ਹੁਣ ਤਕ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਕੋਈ ਇਸ਼ਾਰਾ ਨਹੀਂ ਦਿੱਤਾ ਗਿਆ ਹੈ।

ਭਾਰਤ-ਪਾਕਿਸਤਾਨ ਤਣਾਅ ਕਰਕੇ ਸਿੱਖ ਫਿਕਰਮੰਦ
ਸਿੱਖ ਸੰਗਤਾਂ ਵਿਚ ਇਕ ਤੌਖਲਾ ਬਣਿਆ ਹੋਇਆ ਹੈ ਕਿ ਲੰਬੇ ਸਮੇਂ ਦੀਆਂ ਅਰਦਾਸਾਂ ਉਪਰੰਤ ਖੁੱਲ੍ਹਿਆ ਇਹ ਲਾਂਘਾ ਭਾਰਤ-ਪਾਕਿਸਤਾਨ ਦੀ ਤਲਖ ਰਾਜਨੀਤੀ ਦੀ ਭੇਂਟ ਨਾ ਚੜ੍ਹ ਜਾਵੇ। ਲਾਂਘਾ ਖੁੱਲ੍ਹਣ ਸਮੇਂ ਵੀ ਭਾਰਤ ਵਿਚੋਂ ਕਈ ਉੱਚ ਪੱਧਰੀ ਅਵਾਜ਼ਾਂ ਇਸ ਲਾਂਘੇ ਦੇ ਖੁੱਲ੍ਹਣ ਖਿਲਾਫ ਉੱਠੀਆਂ ਸਨ ਤੇ ਇਸ ਲਾਂਘੇ ਨੂੰ ਪਹਿਲਾਂ ਵੀ ਭਾਰਤ ਦੀ ਸੁਰੱਖਿਆ ਨਾਲ ਜੋੜ ਕੇ ਇਸ ਦੇ ਖੁੱਲ੍ਹਣ 'ਤੇ ਸਵਾਲ ਚੁੱਕੇ ਜਾਂਦੇ ਰਹੇ ਹਨ।