ਕਰਤਾਰਪੁਰ ਲਾਂਘਾ: ਪਾਸਪੋਰਟ ਅਤੇ ਫੀਸ ਸਬੰਧੀ ਖਬਰਾਂ ਰਾਹੀਂ ਪੈਦਾ ਕੀਤੀ ਜਾ ਰਹੀ ਦੁਵਿਧਾ

ਕਰਤਾਰਪੁਰ ਲਾਂਘਾ: ਪਾਸਪੋਰਟ ਅਤੇ ਫੀਸ ਸਬੰਧੀ ਖਬਰਾਂ ਰਾਹੀਂ ਪੈਦਾ ਕੀਤੀ ਜਾ ਰਹੀ ਦੁਵਿਧਾ

ਇਸਲਾਮਾਬਾਦ: ਕੱਲ੍ਹ ਤੋਂ ਖੁੱਲ੍ਹਣ ਜਾ ਰਹੇ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਲਾਂਘੇ ਸਬੰਧੀ ਪਿਛਲੇ ਕੁੱਝ ਦਿਨਾਂ ਤੋਂ ਪਰਦੇ ਪਿਛਲੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਇਹਨਾਂ ਸਰਗਰਮੀਆਂ ਵਿੱਚ ਸਭ ਤੋਂ ਅਹਿਮ ਹਿੱਸਾ ਮੀਡੀਆ ਪਾ ਰਿਹਾ ਹੈ। ਦੁਵਿਧਾ ਦਾ ਸਭ ਤੋਂ ਵੱਡਾ ਵਿਸ਼ਾ ਪਾਸਪੋਰਟ ਹੈ। ਪਰ ਹੁਣ ਸਾਫ ਹੋ ਗਿਆ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਸਤੇ ਪਾਸਪੋਰਟ ਹੋਣਾ ਲਾਜ਼ਮੀ ਹੋਵੇਗਾ ਕਿਉਂਕਿ ਪਾਕਿਸਤਾਨ ਸਰਕਾਰ ਵੱਲੋਂ ਪਾਸਪੋਰਟ ਤੋਂ ਛੋਟ ਦੇਣ ਦੀ ਕੀਤੀ ਗਈ ਪੇਸ਼ਕਸ਼ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਹੈ। ਇਸ ਲਈ ਹੁਣ ਸੰਗਤਾਂ ਨੂੰ ਲਾਂਘੇ ਰਾਹੀਂ ਜਾਣ ਤੋਂ ਕਈ ਦਿਨ ਪਹਿਲਾਂ ਭਾਰਤੀ ਸਰਕਾਰ ਦੇ ਵੈੱਬ ਪੋਰਟਲ 'ਤੇ ਜਾ ਕੇ ਆਪਣੇ ਪਾਸਪੋਰਟ ਦੀ ਜਾਣਕਾਰੀ ਭਰਕੇ ਨਾਂ ਦਰਜ ਕਰਾਉਣੇ ਜ਼ਰੂਰੀ ਹੋਣਗੇ ਤੇ ਸਰਕਾਰ ਵੱਲੋਂ ਦਿੱਤੀ ਤਰੀਕ 'ਤੇ ਹੀ ਲਾਂਘੇ ਰਾਹੀਂ ਜਾਣ ਦੀ ਪ੍ਰਵਾਨਗੀ ਮਿਲੇਗੀ। 

ਇਸ ਖ਼ਬਰ ਨੂੰ ਵੀ ਪੜ੍ਹੋ: ਕਰਤਾਰਪੁਰ ਲਾਂਘੇ ਬਾਰੇ ਭਾਰਤੀ ਮੀਡੀਆ ਦੇ ਕੂੜ ਪ੍ਰਚਾਰ ਦਾ ਪਰਦਾਫਾਸ਼; ਪਾਕਿਸਤਾਨ ਨੇ ਕਿਹਾ ਨਹੀਂ ਲਵਾਂਗੇ ਫੀਸ

ਕੁੱਝ ਸਮਾਂ ਪਹਿਲਾਂ ਭਾਰਤੀ ਖਬਰੀ ਅਦਾਰਿਆਂ 'ਤੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਪਾਕਿਸਤਾਨ ਸਰਕਾਰ ਨੇ ਆਪਣੇ ਪਹਿਲੇ ਐਲਾਨ ਤੋਂ ਪਿੱਛੇ ਹਟਦਿਆਂ 9 ਨਵੰਬਰ ਨੂੰ ਲਾਂਘੇ ਰਾਹੀਂ ਜਾਣ ਵਾਲੀਆਂ ਸੰਗਤਾਂ ਤੋਂ 20 ਅਮਰੀਕੀ ਡਾਲਰ ਫੀਸ ਲੈਣ ਦਾ ਫੈਂਸਲਾ ਕੀਤਾ ਹੈ। ਖਬਰੀ ਅਦਾਰਿਆਂ ਵੱਲੋਂ ਇਸ ਬਿਆਨ ਦਾ ਕੋਈ ਪੁਖਤਾ ਸਰੋਤ ਨਹੀਂ ਦਿੱਤਾ ਗਿਆ ਹੈ ਪਰ ਫੀਸ ਲੈਣ ਦੀ ਗੱਲ ਨੂੰ ਸੁਰਖੀ ਬਣਾ ਕੇ ਖਬਰਾਂ ਛਾਪ ਦਿੱਤੀਆਂ ਗਈਆਂ ਹਨ। ਜਦਕਿ ਹੁਣ ਤੱਕ ਪਾਕਿਸਤਾਨ ਦੇ ਖਬਰੀ ਅਦਾਰਿਆਂ ਵਿੱਚ ਅਜਿਹਾ ਕੋਈ ਬਿਆਨ ਪਾਕਿਸਤਾਨ ਸਰਕਾਰ ਦੇ ਹਵਾਲੇ ਨਾਲ ਪ੍ਰਕਾਸ਼ਿਤ ਨਹੀਂ ਹੋਇਆ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਬੀਤੇ ਕੱਲ੍ਹ ਸਰਕਾਰੀ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਸੀ ਕਿ ਲਾਂਘੇ ਰਾਹੀਂ ਆਉਣ ਵਾਲੀਆਂ ਸੰਗਤਾਂ ਤੋਂ 9 ਨਵੰਬਰ ਅਤੇ 12 ਨਵੰਬਰ ਨੂੰ ਫੀਸ ਨਹੀਂ ਲਈ ਜਾਵੇਗੀ। 

ਸੋ, ਫੀਸ ਸਬੰਧੀ ਆ ਰਹੀਆਂ ਇਹਨਾਂ ਖਬਰਾਂ ਬਾਰੇ ਅਜੇ ਤਸੱਲੀ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ। ਇਸ ਲਈ ਅਸੀਂ ਕੋਈ ਵੀ ਤਸੱਲੀਬਖਸ਼ ਜਾਣਕਾਰੀ ਮਿਲਣ 'ਤੇ ਆਪਣੇ ਪਾਠਕਾਂ ਨਾਲ ਸਾਂਝੀ ਕਰਾਂਗੇ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।