ਭਾਰਤੀ ਰੋਕਾਂ ਕਾਰਨ ਸਿੱਖ ਸੰਗਤਾਂ ਅਜੇ ਵੀ ਕਰਤਾਰਪੁਰ ਸਾਹਿਬ ਦੇ ਦੂਰੋਂ ਦੀਦਾਰ ਕਰਨ ਲਈ ਮਜ਼ਬੂਰ

ਭਾਰਤੀ ਰੋਕਾਂ ਕਾਰਨ ਸਿੱਖ ਸੰਗਤਾਂ ਅਜੇ ਵੀ ਕਰਤਾਰਪੁਰ ਸਾਹਿਬ ਦੇ ਦੂਰੋਂ ਦੀਦਾਰ ਕਰਨ ਲਈ ਮਜ਼ਬੂਰ
ਦੂਰੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਇੱਕ ਬਜ਼ੁਰਗ ਦੀ ਤਸਵੀਰ

ਡੇਰਾ ਬਾਬਾ ਨਾਨਕ: ਇਤਿਹਾਸਕ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦਾ ਸਿੱਖ ਸੰਗਤਾਂ ਅੰਦਰ ਚਾਅ ਸਾਰੀ ਦੁਨੀਆ ਨੇ ਵੇਖਿਆ 'ਤੇ ਸਿੱਖ ਸੰਗਤਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਵਹੀਰਾਂ ਘੱਤ ਕੇ ਡੇਰਾ ਬਾਬਾ ਨਾਨਕ ਪਹੁੰਚ ਰਹੀਆਂ ਹਨ। ਪਰ ਇੱਥੇ ਪਹੁੰਚੀਆਂ ਸੰਗਤਾਂ ਨੂੰ ਉਸ ਵੇਲੇ ਨਿਰਾਸ਼ਾ ਪੱਲੇ ਪੈ ਰਹੀ ਹੈ ਜਦੋਂ ਉਹਨਾਂ ਨੂੰ ਭਾਰਤੀ ਸੁਰੱਖਿਆ ਮੁਲਾਜ਼ਮ ਇਹ ਦੱਸ ਰਹੇ ਹਨ ਕਿ ਗੁਰਦੁਆਰਾ ਸਾਹਿਬ ਜਾਣ ਲਈ ਉਹਨਾਂ ਨੂੰ 10 ਦਿਨ ਪਹਿਲਾਂ ਭਾਰਤੀ ਸਰਕਾਰ ਦੀ ਵੈਬਸਾਈਟ 'ਤੇ ਰਜਿਸਟਰੇਸ਼ਨ ਕਰਾਉਣੀ ਜ਼ਰੂਰੀ ਹੈ ਅਤੇ ਉਹਨਾਂ ਕੋਲ ਪਾਸਪੋਰਟ ਹੋਣਾ ਲਾਜ਼ਮੀ ਹੈ। 

ਬੀਤੇ ਕੱਲ੍ਹ ਦੀਆਂ ਰਿਪੋਰਟਾਂ ਮੁਤਾਬਿਕ 10,000 ਤੋਂ ਵੱਧ ਸੰਗਤਾਂ ਡੇਰਾ ਬਾਬਾ ਨਾਨਕ ਵਿਖੇ ਲਾਂਘੇ 'ਤੇ ਪਹੁੰਚੀਆਂ ਪਰ ਲਾਂਘਾ ਪਾਰ ਕਰਕੇ ਸਿਰਫ 170 ਸੰਗਤਾਂ ਦਾ ਜਥਾ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਗਿਆ। ਬਾਕੀ ਸੰਗਤਾਂ ਨੇ ਦੂਰੋਂ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੀਦਾਰ ਕੀਤੇ। 

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਹ ਐਲਾਨ ਕਰ ਦਿੱਤਾ ਸੀ ਕਿ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਆਉਣ ਲਈ ਸੰਗਤ ਨੂੰ ਪਾਸਪੋਰਟ ਦੀ ਜ਼ਰੂਰਤ ਵੀ ਨਹੀਂ ਹੋਵੇਗੀ ਅਤੇ ਨਾ ਹੀ 10 ਦਿਨ ਪਹਿਲਾਂ ਰਜਿਸਟਰੇਸ਼ਨ ਕਰਾਉਣੀ ਜ਼ਰੂਰੀ ਹੋਵੇਗੀ। ਪਰ ਭਾਰਤ ਸਰਕਾਰ ਵੱਲੋਂ ਉਹਨਾਂ ਦੀ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਸਿੱਖ ਸੰਗਤਾਂ ਲਾਂਘਾ ਖੁੱਲ੍ਹਣ ਦੇ ਬਾਵਜੂਦ ਵੀ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਤੜਫ ਰਹੀਆਂ ਹਨ। 

ਟ੍ਰਿਬਿਊਨ ਅਖਬਾਰ ਵੱਲੋਂ ਛਾਪੀ ਰਿਪੋਰਟ ਮੁਤਾਬਿਕ ਲਾਂਘੇ ਦੇ ਅਫਸਰਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਲਾਂਘੇ 'ਤੇ ਆ ਕੇ 20 ਡਾਲਰ ਫੀਸ ਦੇ ਕੇ ਗੁਰਦੁਆਰਾ ਸਾਹਿਬ ਜਾਣ ਦੀ ਪ੍ਰਵਾਨਗੀ ਮੰਗ ਰਹੀਆਂ ਹਨ। ਉਹਨਾਂ ਕਿਹਾ ਕਿ ਸੰਗਤਾਂ ਨੂੰ ਲਗਦਾ ਹੈ ਕਿ ਸਿਰਫ 20 ਡਾਲਰ ਫੀਸ ਦੇ ਕੇ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਸਕਦੇ ਹਨ। 

ਦਰਸ਼ਨ ਕਰਨ ਆਈ ਸੰਗਤ ਵਿੱਚੋਂ ਇੱਕ ਬੀਬੀ ਨੇ ਕਿਹਾ ਕਿ ਦੋਵਾਂ ਸਰਕਾਰਾਂ ਨੂੰ ਆਪਸ ਵਿੱਚ ਗੱਲ ਕਰਕੇ ਸਮਝੌਤੇ ਵਿਚ ਤਬਦੀਲੀ ਕਰਨੀ ਚਾਹੀਦੀ ਹੈ ਅਤੇ ਜਦੋਂ ਪਾਕਿਸਤਾਨ ਬਿਨ੍ਹਾ ਪਾਸਪੋਰਟ ਸੰਗਤਾਂ ਨੂੰ ਦਰਸ਼ਨ ਦੀਦਾਰਿਆਂ ਦੀ ਪ੍ਰਵਾਨਗੀ ਦੇਣ ਲਈ ਤਿਆਰ ਹੈ ਤਾਂ ਭਾਰਤ ਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।