ਕਰਤਾਰਪੁਰ ਸਾਹਿਬ ਲਾਂਘਾ: ਖੜੋਤ ਮਗਰੋਂ ਮੁੜ ਤੁਰੀ ਗੱਲਬਾਤ

ਕਰਤਾਰਪੁਰ ਸਾਹਿਬ ਲਾਂਘਾ: ਖੜੋਤ ਮਗਰੋਂ ਮੁੜ ਤੁਰੀ ਗੱਲਬਾਤ

ਬਟਾਲਾ: ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਦੇ ਉੱਚ ਅਫਸਰਾਂ ਦੀ ਅਹਿਮ ਬੈਠਕ ਬੀਤੇ ਕੱਲ੍ਹ ਭਾਰਤ-ਪਾਕਿਸਤਾਨ ਦਰਮਿਆਨ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਕੋਲ ਸਥਿਤ ਜ਼ੀਰੋ ਲਾਈਨ ਉੱਤੇ ਹੋਈ। ਲੱਗਪਗ ਚਾਰ ਘੰਟਿਆਂ ਤਕ ਚੱਲੀ ਇਸ ਬੈਠਕ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ, ਤਿਆਰ ਕੀਤੇ ਜਾਣ ਵਾਲੇ ਗੇਟ ਅਤੇ ਆਈਸੀਪੀ (ਇੰਟੈਗ੍ਰੇਟਿਡ ਚੈੱਕ ਪੋਸਟ) ਸਮੇਤ ਹੋਰ ਤਕਨੀਕੀ ਪੱਖਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। 
 
ਦੋਵਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਦੀ ਇਹ ਬੈਠਕ ਪਹਿਲਾਂ 2 ਅਪਰੈਲ ਨੂੰ ਵਾਹਗਾ ਸਰਹੱਦ ਉੱਤੇ ਹੋਣੀ ਤੈਅ ਸੀ ਪਰ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਂਇੰਦਿਆਂ ਦਾ ਇੱਕ ਪੈਨਲ ਬਣਾਉਣ 'ਤੇ ਭਾਰਤ ਨੇ ਇਤਰਾਜ਼ ਪ੍ਰਗਟ ਕਰਦਿਆਂ ਬੈਠਕ ਰੱਦ ਕਰ ਦਿੱਤੀ ਸੀ। ਇਹ ਲਾਂਘਾ ਇਸ ਸਾਲ ਨਵੰਬਰ ਮਹੀਨੇ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਜਾਣਾ ਹੈ।

ਬੈਠਕ ਵਿੱਚ ਕਰਤਾਰਪੁਰ ਲਾਂਘੇ ਸਬੰਧੀ ਜਲ ਵਿਗਿਆਨਕ ਪਹਿਲੂ ਤੇ ਨਿਰਮਾਣ ਕਾਰਜਾਂ ਦੇ ਤਕਨੀਕੀ ਕੰਮਾਂ ’ਤੇ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਰਾਵੀ ਪੁਲ 'ਤੇ ਬਣਨ ਵਾਲਾ ਪੁਲ ਵੀ ਗੱਲਬਾਤ ਵਿੱਚ ਸ਼ਾਮਿਲ ਸੀ। 

ਇਸ ਤੋਂ ਇਲਾਵਾ ਕਰਤਾਰਪੁਰ ਲਾਂਘੇ ਲਈ ਬਣਨ ਵਾਲੇ ਗੇਟ ਅਤੇ ਆਈਸੀਪੀ ਯੋਜਨਾ ਦੇ ਤਕਨੀਕੀ ਪੱਖ ਉੱਤੇ ਲੰਬੀ ਵਿਚਾਰ ਚਰਚਾ ਹੋਈ ਹੈ। ਪਹਿਲਾਂ ਦੀ ਤਰ੍ਹਾਂ ਪੱਤਰਕਾਰਾਂ ਨੂੰ ਬੈਠਕ ਵਾਲੀ ਥਾਂ ਤੋਂ ਡੇਢ ਕਿਲੋਮੀਟਰ ਦੂਰ ਹੀ ਰੱਖਿਆ ਗਿਆ। 

ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਤੋਂ ਧੁੱਸੀ ਬੰਨ੍ਹ ਤੱਕ ਸੜਕ 200 ਫੁੱਟ ਚੌੜੀ ਅਤੇ ਸਾਢੇ ਚਾਰ ਕਿਲੋਮੀਟਰ ਤੱਕ ਲੰਬੀ ਬਣਾਈ ਗਈ ਹੈ। ਇਸੇ ਤਰ੍ਹਾਂ ਪਾਕਿਸਤਾਨ ਵਲੋਂ ਰਾਵੀ ਤੋਂ ਧੁੱਸੀ ਬੰਨ੍ਹ ਤੱਕ ਆਪਣੇ ਪਾਸੇ 15 ਤੋਂ 20 ਫੁੱਟ ਤੱਕ ਮਿੱਟੀ ਦੀ ਕੰਧ ਬਣਾਈ ਗਈ ਹੈ। 

ਅੱਜ ਦੀ ਬੈਠਕ ਨੂੰ ਅਹਿਮ ਇਸ ਕਰਕੇ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਤੇ ਸੂਬਾਈ ਤੇ ਸੰਘੀ ਕੰਮਕਾਜ ਵਿਭਾਗ ਦੇ 8-10 ਡੈਲੀਗੇਟਾਂ ਜਦੋਂ ਕਿ ਭਾਰਤ ਵੱਲੋਂ ਕੇਂਦਰ ਅਤੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ 12 ਅਫਸਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਐੱਨਐੱਚਏ ਤੋਂ ਇਲਾਵਾ ਲੈਂਡ ਪੋਰਟ ਅਥਾਰਟੀ ਦੇ ਅਭਿਲ ਸਕਸੈਨਾ, ਚੀਫ ਇੰਜਨੀਅਰ ਜੇਐੱਸ ਸੰਧੂ, ਪ੍ਰੋਜੈਕਟ ਡਾਇਰੈਕਟਰ ਜਸਪਾਲ ਸਿੰਘ, ਡਰੇਨ ਵਿਭਾਗ ਦੇ ਚੀਫ ਇੰਜਨੀਅਰ ਮਨਜੀਤ ਸਿੰਘ, ਵੇਦ ਸ਼ਰਮਾ, ਸੀਨੀਅਰ ਇੰਜਨੀਅਰ ਐਸਕੇ ਸ਼ਰਮਾ ਤੋਂ ਇਲਾਵਾ ਬੀਐੱਸਐੱਫ ਦੇ ਉੱਚ ਅਧਿਕਾਰੀ ਹਾਜ਼ਰ ਸਨ। 

ਇਸ ਤੋਂ ਇਲਾਵਾ ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਵੀ ਬੈਠਕ ਵਿੱਚ ਸ਼ਮੂਲੀਅਤ ਕੀਤੀ। ਦੱਸਣਯੋਗ ਹੈ ਕਿ ਇਸੇ ਸਥਾਨ ’ਤੇ 19 ਮਾਰਚ ਨੂੰ ਵੀ ਦੋਵਾਂ ਦੇਸ਼ਾਂ ਦੇ ਅਫਸਰਾਂ ਦੀ ਅਹਿਮ ਬੈਠਕ ਹੋਈ ਸੀ। ਆਜ਼ਾਦੀ ਤੋਂ ਬਾਅਦ ਇਹ ਦੂਸਰਾ ਮੌਕਾ ਹੈ ਜਦੋਂ ਦੋਵਾਂ ਦੇਸ਼ਾਂ ਦੇ ਅਫਸਰਾਂ ਦੀ ਡੇਰਾ ਬਾਬਾ ਨਾਨਕ ਕੋਲ ਸੀਮਾ ’ਤੇ ਮੀਟਿੰਗ ਹੋਈ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ