ਕੈਨੇਡਾ ਤੇ ਆਸਟਰੇਲੀਆ ਵਿੱਚ ਖਾਲਸਾ ਸਾਜਨਾ ਦਿਹਾੜੇ ਮੌਕੇ ਸਜੇ ਨਗਰ ਕੀਰਤਨ
ਵੈਨਕੂਵਰ: ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਕੈਨੇਡਾ ਦੇ ਵੈਨਕੂਵਰ ਤੇ ਆਸਟਰੇਲੀਆ ਦੇ ਵਿਕਟੋਰੀਆ ’ਚ ਨਗਰ ਕੀਰਤਨ ਕੱਢਿਆ ਗਿਆ। ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕਈ ਐਮਪੀ ਅਤੇ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਾਂ ਹੇਠ ਕੱਢੇ ਜਾਂਦੇ ਨਗਰ ਕੀਰਤਨ ਮੌਕੇ ਮੀਂਹ ਪੈਣ ਕਾਰਨ ਸੰਗਤਾਂ ਨੂੰ ਕੁਝ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਸੰਗਤਾਂ ਨੇ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਤੋਂ ਪਹਿਲਾਂ ਗੁਰਦੁਆਰਾ ਰੌਸ ਸਟਰੀਟ ਵੈਨਕੂਵਰ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਨਗਰ ਕੀਰਤਨ ਨੂੰ ਰਵਾਨਾ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਖਾਲਸਾ ਸਾਜਨਾ ਦਿਹਾੜੇ ਦੀ ਮਹੱਤਤਾ ਨੂੰ ਸਮਝਦੇ ਹੋਏ ਕੈਨੇਡਾ ਸਰਕਾਰ ਨੇ ਦੇਸ਼ ਭਰ ’ਚ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਉਣ ਦਾ ਨਿਯਮ ਪਾਰਲੀਮੈਂਟ ’ਚ ਪਾਸ ਕੀਤਾ ਹੈ।
ਨਗਰ ਕੀਰਤਨ ਦੌਰਾਨ ਸੰਗਤ ਵਿੱਚ ਬੈਠੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ
ਉਨਾਂ ਕਿਹਾ ਕਿ ਗੁਰੂ ਘਰ ’ਚ ਸੰਗਤ ਨਾਲ ਬੈਠ ਕੇ ਉਨ੍ਹਾਂ ਨੂੰ ਵੱਖਰੀ ਆਤਮਿਕ ਸ਼ਾਂਤੀ ਮਿਲਦੀ ਹੈ। ਉਨ੍ਹਾਂ ਆਮ ਸ਼ਰਧਾਲੂ ਵਾਂਗ ਸੰਗਤ ’ਚ ਬੈਠ ਕੇ ਗੁਰਬਾਣੀ ਦਾ ਰਸ ਮਾਣਿਆ। ਇਸ ਮੌਕੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਮੈਂਬਰ ਪਾਰਲੀਮੈਟ ’ਚ ਸੁਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਕੈਨ ਹਾਰਡੀ ਅਤੇ ਬੀ ਸੀ ਵਿਧਾਨ ਸਭਾ ਦੇ ਕਈ ਵਿਧਾਇਕ ਹਾਜ਼ਰ ਸਨ।
ਮੈਲਬਰਨ: ਇੱਥੇ ਵਿਕਟੋਰੀਆ ਦੀਆਂ ਸਿੱਖ ਸੰਸਥਾਵਾਂ ਅਤੇ ਗੁਰੂਘਰ ਕਮੇਟੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਜਿਸ ’ਚ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਠਾਠਾਂ ਮਾਰਦੇ ਇਸ ਇਕੱਠ ’ਚ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਸਿੱਖ, ਪਰਿਵਾਰਾਂ ਸਣੇ ਪਹੁੰਚੇ ਹੋਏ ਸਨ। ਇਸ ਮੌਕੇ ਸਾਰਾ ਖੇਤਰ ਦੂਰ ਦੂਰ ਤੱਕ ਰੰਗ ਬਿਰੰਗੀਆਂ ਦਸਤਾਰਾਂ ਨਾਲ ਸਜਿਆ ਮਿਲਿਆ।
ਮੈਲਬੋਰਨ ਨਗਰ ਕੀਰਤਨ ਦੌਰਾਨ ਸਥਾਨਕ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ
ਕੇਂਦਰੀ ਮੈਲਬਰਨ ਦੇ ਪਾਰਲੀਮੈਂਟ ਲਾਗਿਉਂ ਸ਼ੁਰੂ ਹੋਇਆ ਨਗਰ ਕੀਰਤਨ ਫ਼ਲੈਗਸਟਾਫ਼ ਗਾਰਡਨ ਵਿਚ ਜਾ ਕੇ ਖਤਮ ਹੋਇਆ। ਇਥੇ ਭਾਈ ਬਲਦੇਵ ਸਿੰਘ ਵਡਾਲਾ ਦੇ ਜਥੇ ਨੇ ਕੀਰਤਨ ਕੀਤਾ ਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸਥਾਨਕ ਪਾਰਟੀਆਂ ਦੇ ਬੁਲਾਰਿਆਂ ਤੇ ਪ੍ਰਬੰਧਕਾਂ ਨੇ ਵੀ ਵਿਚਾਰ ਸਾਂਝੇ ਕੀਤੇ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)