ਬੇਲਗਾਮ ਕਪਿਲ ਮਿਸ਼ਰਾ ਦੀ ਅਗਵਾਈ 'ਚ ਫੇਰ ਲੱਗੇ ਭੜਕਾਊ ਨਾਅਰੇ: ਕਿਹੋ ਜਿਹੀ ਸ਼ਾਂਤੀ ਚਾਹੁੰਦੀ ਹੈ ਦਿੱਲੀ?

ਬੇਲਗਾਮ ਕਪਿਲ ਮਿਸ਼ਰਾ ਦੀ ਅਗਵਾਈ 'ਚ ਫੇਰ ਲੱਗੇ ਭੜਕਾਊ ਨਾਅਰੇ: ਕਿਹੋ ਜਿਹੀ ਸ਼ਾਂਤੀ ਚਾਹੁੰਦੀ ਹੈ ਦਿੱਲੀ?

ਨਵੀਂ ਦਿੱਲੀ: ਦਿੱਲੀ ਹਿੰਸਾ ਦਾ ਚਾਰ ਦਿਨਾਂ ਦਾ ਤਾਂਡਵ ਹੋਣ ਮਗਰੋਂ ਭਾਰਤ ਦਾ ਮੁੱਧ ਧਾਰਾ ਵਾਲਾ ਰਾਜਨੀਤਕ, ਪ੍ਰਸ਼ਾਸਨਕ, ਮੀਡੀਆ ਅਤੇ ਨਿਆਇਕ ਢਾਂਚਾ ਸ਼ਾਂਤੀ ਬਣਾਉਣ ਦੀਆਂ ਅਪੀਲਾਂ ਕਰ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਮੁਸਲਮਾਨਾਂ ਖਿਲਾਫ ਨਫਰਤ ਭਰੇ 'ਖ਼ਬਰੀ ਨਾਟਕ' ਚਲਾਉਣ ਵਾਲੇ ਮੀਡੀਆ ਅਦਾਰਿਆਂ ਦੇ ਚਿਹਰੇ ਲੋਕਾਂ ਦੇ ਸੜੇ ਘਰਾਂ ਕੋਲ ਜਾ ਕੇ ਭਾਈਚਾਰਕ ਸਾਂਝ ਦੇ ਹੋਛੇ ਜਿਹੇ ਕਲਿੱਪ ਚਲਾ ਰਹੇ ਹਨ। ਇਕ ਧਿਰ ਦੀ ਹਿੰਸਕ ਭੀੜ ਨਾਲ ਮਿਲ ਹਿੰਸਾ ਕਰਨ ਵਾਲੀ ਦਿੱਲੀ ਪੁਲਸ ਦੇ ਮੁਖੀ ਸ਼ਾਂਤੀ ਬਣਾਉਣ ਦੇ ਬਿਆਨ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਰਫ ਸ਼ਾਂਤੀ ਦਾ ਰਾਗ ਅਲਾਪ ਕੇ ਡੰਗ ਟਪਾਇਆ ਹੈ। ਇਸ ਸਾਰੇ ਹਿੰਸਾ ਦੇ ਦੌਰ 'ਚ ਅਦਾਲਤੀ ਤੰਤਰ ਦੀ ਤਾਂ ਕੋਈ ਹੈਸੀਅਤ ਹੀ ਨਜ਼ਰ ਨਹੀਂ ਆ ਰਹੀ। 

ਜਦੋਂ ਉਪਰੋਕਤ ਸਾਰੀਆਂ ਧਿਰਾਂ ਇਹ ਸ਼ਾਂਤੀ-ਸ਼ਾਂਤੀ ਕੂਕ ਰਹੀਆਂ ਹਨ ਤਾਂ ਬੀਤੇ ਕੱਲ੍ਹ ਫੇਰ ਦਿੱਲੀ ਦੀਆਂ ਸੜਕਾਂ 'ਤੇ ਇਕੱਠੀ ਹੋਈ ਹਿੰਦੁਤਵੀ ਪਾਰਟੀਆਂ ਨਾਲ ਸਬੰਧਿਤ ਭੀੜ ਵੱਲੋਂ "ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ" ਵਰਗੇ ਨਾਅਰੇ ਲਾਉਂਦਿਆਂ ਮਾਰਚ ਕੱਢਿਆ ਗਿਆ। ਸਭ ਤੋਂ ਅਹਿਮ ਗੱਲ ਕਿ ਇਸ ਮਾਰਚ ਦੀ ਅਗਵਾਈ ਵੀ ਭਾਜਪਾ ਦਾ ਉਹੀ ਆਗੂ ਕਪਿਲ ਮਿਸ਼ਰਾ ਕਰ ਰਿਹਾ ਸੀ, ਜਿਸ ਦੇ ਭੜਕਾਊ ਬਿਆਨਾਂ ਨਾਲ ਪਿਛਲੇ ਐਤਵਾਰ ਦਿੱਲੀ ਵਿਚ ਹਿੰਸਾ ਸ਼ੁਰੂ ਹੋਈ ਸੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਮਿਸ਼ਰਾ ਖਿਲਾਫ ਦਿੱਲੀ ਹਾਈ ਕੋਰਟ ਦਾ ਜੱਜ ਕਾਰਵਾਈ ਕਰਨ ਦੇ ਹੁਕਮ ਵੀ ਦੇ ਚੁੱਕਿਆ ਹੈ, ਪਰ ਕਾਰਵਾਈ ਇਸ ਖਿਲਾਫ ਨਾ ਹੋ ਕੇ ਉਸ ਜੱਜ ਖਿਲਾਫ ਹੋ ਗਈ ਤੇ ਇਸ ਹੁਕਮ ਤੋਂ ਕੁੱਝ ਸਮੇਂ ਬਾਅਦ ਹੀ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਸੀ।

ਬੀਤੇ ਕੱਲ੍ਹ ਦਿੱਲੀ ਦੇ ਵੀਆਈਪੀ ਇਲਾਕੇ ਵਜੋਂ ਜਾਣੇ ਜਾਂਦੇ ਕਨੋਟ ਪੈਲੇਸ ਵਿਚ ਇਹ ਮਾਰਚ ਕੱਢਿਆ ਗਿਆ। ਇਸ ਵਿਚ 1200 ਦੇ ਕਰੀਬ ਲੋਕ ਸ਼ਾਮਲ ਸਨ। ਜੰਤਰ ਮੰਤਰ ਤੋਂ ਸ਼ੁਰੂ ਹੋਏ ਇਸ ਮਾਰਚ ਨੂੰ 'ਸ਼ਾਂਤੀ ਮਾਰਚ' ਦਾ ਨਾਂ ਦਿੱਤਾ ਗਿਆ ਸੀ, ਪਰ ਇਸ ਵਿਚ ਸ਼ਾਮਲ ਲੋਕ ਦਿੱਲੀ ਦੀਆਂ ਸੜਕਾਂ 'ਤੇ ਨਾਅਰੇ ਮਾਰ ਰਹੇ ਸਨ, "ਕਿਸੀ ਕੋ ਮਤ ਮੁਆਫ ਕਰੋ, ਜਿਹਾਦੀਆਂ ਕੋ ਸਾਫ ਕਰੋ", "ਦੇਸ਼ ਕੇ ਗੱਦਾਰਾਂ ਕੋ, ਗੋਲੀ ਮਾਰੋ ਸਾਲੋਂ ਕੋ"। ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਇਹ ਭੀੜ ਸੁਨੇਹਾ ਦੇ ਰਹੀ ਹੋਵੇ ਕਿ ਮੁਸਲਮਾਨਾਂ ਦਾ ਕਤਲੇਆਮ ਕਰਕੇ ਹੀ ਸ਼ਾਂਤੀ ਲਿਆਂਦੀ ਜਾਵੇਗੀ। ਇਹ ਸਾਰਾ ਮਾਰਚ ਦਿੱਲੀ ਪੁਲਸ ਦੀ ਛਤਰ ਛਾਇਆ ਹੇਠ ਕੱਢਿਆ ਗਿਆ। 

ਇਸ ਮਾਰਚ ਵਿਚ ਇਕ ਟਰੱਕ 'ਤੇ ਪਿਛਲੇ ਦਿਨੀਂ ਹਿੰਸਾ 'ਚ ਮਾਰੇ ਗਏ ਕੁੱਝ ਹਿੰਦੂਆਂ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ ਸਨ। ਇਸ ਮਾਰਚ ਵਿਚ ਸ਼ਾਮਲ ਲੋਕ ਆਪਣੇ ਨਾਅਰਿਆਂ ਨਾਲ ਕਹਿ ਰਹੇ ਸਨ ਕਿ ਉਹਨਾਂ ਦਾ ਆਗੂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਉਹ ਨਾਅਰਾ ਮਾਰ ਰਹੇ ਸਨ, "ਮੋਦੀ ਕੇ ਸੱਮਾਨ ਮੇ, ਦੇਸ਼ ਭਗਤ ਮੈਦਾਨ ਮੇਂ।" 

ਇਹ ਮਾਰਚ "ਦਿੱਲੀ ਪੀਸ ਫੋਰਮ" ਨਾਂ ਦੇ ਐਨਜੀਓ ਦੇ ਬੈਨਰ ਹੇਠ ਕੱਢਿਆ ਗਿਆ ਪਰ ਇਸ ਵਿਚ ਸ਼ਾਮਲ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਉਹ ਆਰ.ਐਸ.ਐਸ ਨਾਲ ਸਬੰਧਿਤ ਹਨ। ਇਸ ਮਾਰਚ ਨੂੰ ਕਨੋਟ ਪਲੇਸ ਅਤੇ ਜਨਪੱਥ ਵੱਲ ਆਉਣ ਦੀ ਪ੍ਰਵਾਨਗੀ ਨਹੀਂ ਸੀ ਪਰ ਨਵੀਂ ਦਿੱਲੀ ਦੇ ਡੀਸੀਪੀ ਸਿੰਘਲ ਨੇ ਕਿਹਾ ਕਿ ਇਹ ਮਾਰਚ ਸ਼ਾਂਤਮਈ ਸੀ ਇਸ ਲਈ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਤਰ੍ਹਾਂ ਦੇ ਭੜਕਾਊ ਨਾਅਰੇ ਖਿਲਾਫ ਕੋਈ ਸ਼ਿਕਾਇਤ ਆਈ ਹੈ, ਇਸ ਲਈ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ।