ਤਾਲਿਬਾਨ ਅਤੇ ਅਮਰੀਕਾ ਵਿਚਾਲੇ ਜੰਗ ਖਤਮ ਕਰਨ ਲਈ ਇਤਿਹਾਸਕ ਸਮਝੌਤਾ ਹੋਇਆ; ਜਾਣੋ ਕੀ ਹਨ ਸਮਝੌਤੇ ਦੀਆਂ ਸ਼ਰਤਾਂ

ਤਾਲਿਬਾਨ ਅਤੇ ਅਮਰੀਕਾ ਵਿਚਾਲੇ ਜੰਗ ਖਤਮ ਕਰਨ ਲਈ ਇਤਿਹਾਸਕ ਸਮਝੌਤਾ ਹੋਇਆ; ਜਾਣੋ ਕੀ ਹਨ ਸਮਝੌਤੇ ਦੀਆਂ ਸ਼ਰਤਾਂ

ਦੋਹਾ: ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤੇ 'ਤੇ ਦੋਵੇਂ ਧਿਰਾਂ ਦੇ ਨੁਮਾਂਇੰਦਿਆਂ ਨੇ ਦਸਤਖਤ ਕਰ ਦਿੱਤੇ ਹਨ। ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜੰਗ ਨੂੰ ਖਤਮ ਕਰਨ ਵਾਲਾ ਇਸ ਸ਼ਾਂਤੀ ਸਮਝੌਤੇ ਨੂੰ ਇਕ ਇਤਿਹਾਸਕ ਸੰਧੀ ਮੰਨਿਆ ਜਾ ਰਿਹਾ ਹੈ। ਇਹ ਅਮਰੀਕਾ ਵੱਲੋਂ ਲੜੀ ਗਈ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਹੈ, ਪਰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੋਣ ਦੇ ਬਾਵਜੂਦ ਵੀ ਅਮਰੀਕਾ ਅਫਗਾਨੀ ਤਾਲਿਬਾਨ ਦੇ ਗੋਡੇ ਲਵਾਉਣ 'ਚ ਕਾਮਯਾਬ ਨਹੀਂ ਹੋਇਆ। 

ਕਤਰ ਦੀ ਰਾਜਧਾਨੀ ਦੋਹਾ ਵਿਚ ਅੱਜ ਇਸ ਸ਼ਾਂਤੀ ਸਮਝੌਤੇ 'ਤੇ ਅਮਰੀਕਾ ਵੱਲੋਂ ਤਾਲਿਬਾਨ ਨਾਲ ਗੱਲਬਾਤ ਲਈ ਨਿਯੁਕਤ ਮੁੱਖ ਨੁਮਾਂਇੰਦੇ ਜ਼ਲਮੇ ਖਲੀਲਜ਼ਾਦ ਨੇ ਅਤੇ ਤਾਲਿਬਾਨ ਵੱਲੋਂ ਮੁੱਲ੍ਹਾ ਅਬਦੁਲ ਘਨੀ ਬਰਦਾਰ ਨੇ ਦਸਤਖਤ ਕੀਤੇ। ਇਹ ਦਸਤਖਤ ਅਮਰੀਕੇ ਦੇ ਸੈਕਰੇਟਰੀ ਆਫ ਸਟੇਟ ਮਾਈਕ ਪੋਂਪੀਓ ਦੀ ਹਾਜ਼ਰੀ 'ਚ ਕੀਤੇ ਗਏ। ਇਸ ਮੌਕੇ ਪਾਕਿਸਤਾਨ, ਭਾਰਤ, ਇੰਡੋਨੇਸ਼ੀਆ, ਉਜ਼ਬੇਕਿਸਤਾਨ ਅਤੇ ਤਾਜਿਕਿਸਤਾਨ ਦੇ ਨੁਮਾਂਇੰਦੇ ਵੀ ਮੋਜੂਦ ਸਨ। 

ਦੋਹਾ ਵਿਚ ਤਾਲਿਬਾਨ ਦੇ ਨੁਮਾਂਇੰਦੇ ਮੋਹੱਮਦ ਨਈਮ ਨੇ ਮੀਡੀਆ ਨੂੰ ਕਿਹਾ ਕਿ ਇਸ ਸੰਧੀ ਨਾਲ ਅਫਗਾਨਿਸਤਾਨ ਵਿਚ ਜੰਗ ਖਤਮ ਹੋ ਗਈ ਹੈ। 

ਇਸ ਸੰਧੀ ਤੋਂ ਕੁੱਝ ਮਿੰਟ ਪਹਿਲਾਂ ਅਮਰੀਕਾ ਅਤੇ ਅਫਗਾਨ ਸਰਕਾਰ ਵੱਲੋਂ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਅਫਗਾਨਿਸਤਾਨ ਵਿਚੋਂ ਅਮਰੀਕਾ ਅਤੇ ਨਾਟੋ ਦੀਆਂ ਸਾਰੀਆਂ ਫੌਜਾਂ ਨੂੰ 14 ਮਹੀਨਿਆਂ 'ਚ ਕੱਢ ਲਿਆ ਜਾਵੇਗਾ।

ਇਸ ਸਮੇਂ ਅਫਗਾਨਿਸਤਾਨ ਵਿਚ 14,000 ਅਮਰੀਕੀ ਅਤੇ 17,000 ਨਾਟੋ ਫੌਜੀ ਹਨ। ਇਸ ਸੰਧੀ ਮਗਰੋਂ ਅਮਰੀਕਾ ਤੁਰੰਤ ਪ੍ਰਭਾਵ ਨਾਲ ਆਪਣੇ ਫੌਜੀਆਂ ਦੀ ਗਿਣਤੀ ਘਟਾ ਕੇ 8600 ਕਰ ਦਵੇਗਾ ਤੇ ਸੰਧੀ ਦੀਆਂ ਬਾਕੀ ਸਾਰੀਆਂ ਸ਼ਰਤਾਂ ਨੂੰ 135 ਦਿਨਾਂ ਦੇ ਅੰਦਰ ਲਾਗੂ ਕਰਨ ਦੀ ਗੱਲ ਕਹੀ ਗਈ ਹੈ। 

ਸੰਧੀ ਵਿਚ ਕਿਹਾ ਗਿਆ ਹੈ ਕਿ ਅਫਗਾਨ ਸਰਕਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਤਾਲਿਬਾਨ ਮੈਂਬਰਾਂ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ 29 ਮਈ ਤਕ ਹਟਾਉਣ ਲਈ ਕਹੇਗਾ।

ਸੰਧੀ ਵਿਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੇ ਰਾਜਨੀਤਕ ਭਵਿੱਖ ਲਈ ਅਫਗਾਨਿਸਤਾਨ ਦੀਆਂ ਧਿਰਾਂ ਆਪਸੀ ਗੱਲਬਾਤ ਕਰਨਗੀਆਂ। ਇਸ ਤੋਂ ਇਲਾਵਾ ਜੇਲ੍ਹਾਂ ਵਿਚ ਬੰਦ 5000 ਤਾਲਿਬਾਨੀਆਂ ਨੂੰ ਰਿਹਾਅ ਕਰਨ ਦੀ ਗੱਲ ਵੀ ਮੰਨੀ ਗਈ ਹੈ। ਅਫਗਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਦਰਮਿਆਨ ਗੱਲਬਾਤ 10 ਮਾਰਚ ਤੋਂ ਸ਼ੁਰੂ ਹੋਵੇਗੀ।