ਜੂਨ '84 ਦੀ ਲਹੂ ਭਿੱਜੀ ਗਾਥਾ

ਜੂਨ '84 ਦੀ ਲਹੂ ਭਿੱਜੀ ਗਾਥਾ

ਬਘੇਲ ਸਿੰਘ ਧਾਲੀਵਾਲ (99142-58142)

ਜਿੰਨਾ ਦਰਦ ਜੂਨ ਦੇ ਮਹੀਨੇ ਦੀ ਆਮਦ 'ਤੇ ਹੁੰਦਾ ਹੈ, ਉਹ ਸ਼ਾਇਦ ਇਸ ਕਰਕੇ ਜ਼ਿਆਦਾ ਹੈ, ਕਿਉਂਕਿ ਜੂਨ ਮਹੀਨਾ ਸਿੱਖ ਕੌਮ ਦੇ ਪੁਰਖਿਆਂ ਨੂੰ ਵੀ ਕਦੇ ਰਾਸ ਨਹੀ ਸੀ ਆਇਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਵੇ, ਭਾਵੇਂ ਮੁੱਠੀ ਭਰ ਸਿੱਖ ਸੂਰਮਿਆਂ ਨਾਲ ਸਰਹੰਦ ਦੇ ਸੂਬੇਦਾਰ ਦੀਆਂ ਫੌਜਾਂ ਦੀ ਲਹੂ ਡੋਲਵੀਂ ਲੜਾਈ ਦੀ ਯਾਦ ਦਿਵਾਉਂਦੀ ਖਿਦਰਾਣੇ ਦੀ ਢਾਬ ਜਾਂ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਸਮਾ,ਹਮੇਸਾਂ ਇਹ ਅੱਤ ਦੀ ਗਰਮੀ ਨੇ ਸਿੱਖਾਂ 'ਤੇ ਹੋਏ ਜਬਰ ਜ਼ੁਲਮ ਦੀ ਕਹਾਣੀ ਨੂੰ ਹੋਰ ਗਰਮਾਇਸ਼ ਦਿੱਤੀ ਹੈ। ਪਰੰਤੂ ਇਹਨਾਂ ਜ਼ੁਲਮਾਂ ਦੀ ਹੱਦ ਨੇ ਸਾਰੇ ਹੱਦਾਂ ਬੰਨੇ ਉਦੋ ਪਾਰ ਕਰ ਦਿੱਤੇ ਜਦੋਂ ਆਪਣੇ ਆਪਦੇ ਆਖੇ ਜਾਣ ਵਾਲੇ ਮੁਲਕ ਭਾਰਤ ਦੀਆਂ 10 ਲੱਖ ਦੇ ਕਰੀਬ ਫੌਜਾਂ ਨੇ ਸਿੱਖ ਕੌਮ ਦੇ ਸਭ ਤੋ ਪਵਿੱਤਰ ਅਸਥਾਨ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਨਾ ਸਿਰਫ ਦਰਬਾਰ ਸਾਹਿਬ ਨੂੰ ਨਿਸਾਨਾ ਬਣਾਇਆ ਅਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਸਗੋਂ ਉਥੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਈਆਂ ਲੱਖਾਂ ਸਿੱਖ ਸੰਗਤਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ। 

ਇਹ ਉਹ ਸਮਾਂ ਸੀ ਜਦੋ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਿੱਖ ਕੌਮ ਦੀ ਆਨ-ਸ਼ਾਨ ਦੇ ਰਾਖੇ ਅਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਦੀ ਅਗਵਾਈ ਵਿੱਚ ਚੱਲਦੇ ਧਰਮ ਯੁੱਧ ਮੋਰਚੇ ਨੂੰ ਕਾਮਯਾਬ ਕਰਕੇ ਸਿੱਖ ਮੰਗਾਂ ਮਨਵਾਉਣ ਵਾਲੇ ਕੌਮੀ ਕਾਰਜ ਲਈ ਡਟੇ ਹੋਏ ਸਨ,ਪਰੰਤੂ ਸਿੱਖ ਕੌਂਮ ਦੀ ਤਰਾਸਦੀ ਇਹ ਹੈ ਕਿ ਇਹਨਾਂ ਦੇ ਆਗੂਆਂ ਨੇ ਸੰਨ 1849 ਵਿੱਚ ਅਪਣਾ ਰਾਜਭਾਗ ਖੋ ਦੇਣ ਤੋ ਬਾਅਦ ਕਦੇ ਵੀ ਆਪਣੇ ਤਖਤਾਂ ਤਾਜਾਂ ਨੂੰ ਵਾਪਸ ਲੈਣ ਲਈ ਚਾਰਾਜੋਈ ਨਹੀ ਕੀਤੀ, ਬਲਕਿ ਆਪਣੇ ਪਿਛੋਕੜ ਨੂੰ ਅਸਲੋਂ ਹੀ ਭੁੱਲ ਕੇ ਅਤੇ ਅਪਣੇ ਖੁੱਸੇ ਰਾਜ ਭਾਗ ਦਾ ਚੇਤਾ ਵਿਸਾਰ ਕੇ ਆਪ ਤਾਂ ਬੇਗੈਰਤ ਹੋਣਾ ਸਵੀਕਾਰ ਕਰ ਲਿਆ।  ਭਾਰਤ ਦੇਸ਼ ਨੂੰ ਅਜਾਦ ਕਰਵਾਉਣ ਲਈ 90 ਫੀਸਦੀ ਤੋ ਵੱਧ ਕੁਰਬਾਨੀਆਂ ਦੇ ਕੇ ਭਾਰਤ ਨੂੰ ਅੰਗਰੇਜ ਹਕੂਮਤ ਦੀ ਗੁਲਾਮੀ ਤੋਂ ਅਜ਼ਾਦ ਜ਼ਰੂਰ ਕਰਵਾ ਕੇ ਦਿੱਤਾ।  ਸੰਨ 1982 ਵਿੱਚ ਲਾਏ ਗਏ ਇਸ ਧਰਮ ਯੁੱਧ ਮੋਰਚੇ ਤੋ ਵੀ ਤਤਕਾਲੀ ਅਕਾਲੀ ਆਗੂਆਂ ਨੇ ਇਮਾਨਦਾਰੀ ਨਾਲ ਭਾਰਤ ਸਰਕਾਰ ਤੋ ਕੁੱਝ ਪ੍ਰਾਪਤ ਕਰਨ ਦੀ ਬਜਾਏ ਆਪਣੇ ਹੀ ਸਿੱਖ ਭਰਾਵਾਂ ਨੂੰ ਰਸਤੇ ਦੇ ਕੰਡੇ ਸਮਝ ਕੇ ਰਸਤੇ ਤੋ ਹਟਾਉਣ ਨੂੰ ਜਿਆਦਾ ਤਰਜੀਹ ਦਿੱਤੀ ਅਤੇ ਸਿੱਖ ਕੌਂਮ ਦੀ ਮੁੱਢੋਂ ਹੀ ਦੁਸ਼ਮਣ ਰਹੀ ਦਿੱਲੀ ਦਾ ਸਾਥ ਦੇ ਕੇ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਖਾਲਸਾ ਰਾਜ ਮਿੱਟੀ ਵਿੱਚ ਮਿਲਾਉਣ ਵਾਲੇ ਡੋਗਰਿਆਂ ਦੀ ਗਦਾਰੀ ਨੂੰ ਛੋਟਾ ਕਰ ਦਿੱਤਾ,ਜਿਸ ਦਾ ਖਮਿਆਜਾ ਸਿੱਖ ਕੌਮ ਨੂੰ ਇੱਕ ਪੂਰੀ ਨਸਲ ਦੀ ਤਬਾਹੀ ਕਰਵਾ ਕੇ ਝੱਲਣਾ ਪਿਆ। ਜੂਨ ਮਹੀਨੇ ਦੀ ਆਮਦ ਨਾਲ ਇਹ ਨਸੂਰ ਬਣੇ ਜ਼ਖਮ ਜਿਆਦਾ ਇਸ ਕਰਕੇ ਰਿਸਦੇ ਤੇ ਦਰਦ ਦਿੰਦੇ ਹਨ,ਕਿਉਕਿ ਇਹ ਜਖਮ ਉਹਨਾਂ ਅਕ੍ਰਿਤਘਣ ਲੋਕਾਂ ਦੀ ਹਕੂਮਤ ਨੇ ਦਿੱਤੇ ਸਨ,ਜਿੰਨਾਂ ਨੂੰ ਸੈਕੜੇ ਸਾਲਾਂ ਦੀ ਗੁਲਾਮੀ ਤੋ ਨਿਜ਼ਾਤ ਦਿਵਾਉਣ ਲਈ ਦੁਨੀਆਂ ਤੇ ਰਾਜ ਕਰਨ ਵਾਲੀ ਸਿੱਖ ਕੌਂਮ ਦੇ ਬਹਾਦਰ ਪੁੱਤਰਾਂ ਨੇ ਕੁਰਬਾਨੀਆਂ ਦੇ ਕੇ ਰਾਜਭਾਗ ਦੇ ਮਾਲਕ ਬਣਾਇਆ ਸੀ। ਭਾਰਤੀ ਹਕੂਮਤ ਦਾ ਇਹ ਅਕਿਰਤਘਣ ਚਿਹਰਾ ਤਾਂ ਦੇਸ਼ ਅਜਾਦ ਹੁੰਦਿਆਂ ਉਸ ਮੌਕੇ ਹੀ ਨੰਗਾ ਹੋ ਗਿਆ ਸੀ, ਜਦੋਂ ਅਜ਼ਾਦ ਮੁਲਕ ਦੀ ਨਵੀ ਬਣੀ ਦੇਸ਼ੀ ਮੁਤੱਸਬੀ ਹਕੂਮਤ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨ ਕੇ ਉਹਨਾਂ ਵੱਲੋਂ ਦੇਸ਼ ਅਜ਼ਾਦ ਕਰਵਾਉਣ ਲਈ ਕੀਤੀਆਂ ਕੁਰਬਾਨੀਆਂ ਦਾ ਮੁੱਲ ਮੋੜ ਕੇ ਇਹ ਅਹਿਸਾਸ ਕਰਵਾਉਣ ਦਾ ਪਹਿਲਾ ਯਤਨ ਕੀਤਾ ਸੀ ਕਿ ਹੁਣ ਸਿੱਖ ਭਾਰਤ ਦੀ ਹਿੰਦ ਹਕੂਮਤ ਦੇ ਹਮੇਸਾਂ ਲਈ ਗੁਲਾਮ ਹੋ ਚੁੱਕੇ ਹਨ, ਇਸ ਲਈ ਹੁਣ ਉਹਨਾਂ ਨੂੰ ਅਜ਼ਾਦੀ ਨਾਲ ਜਿਉਣ ਦਾ ਕੋਈ ਅਧਿਕਾਰ ਨਹੀ ਰਹਿ ਗਿਆ। 

ਸੰਨ 1955 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜ ਕੇ ਅਜਿਹਾ ਹੀ ਸੁਨੇਹਾ ਜਵਾਹਰ ਲਾਲ ਨਹਿਰੂ ਦੀ ਹਕੂਮਤ ਨੇ ਦਿੱਤਾ ਸੀ ਕਿ ਅਜਾਦ ਭਾਰਤ ਦੀ ਹਿੰਦ ਹਕੂਮਤ ਨੂੰ ਸਿੱਖ ਅਬਦਾਲੀਆਂ ਦੁਰਾਨੀਆਂ ਤੋ ਵੱਖ ਕਰਕੇ ਦੇਖਣ ਦੀ ਗੁਸਤਾਖੀ ਨਾ ਕਰਨ, ਨਹੀ ਤਾਂ ਅਜਿਹਾ ਹਸਰ ਕੀਤਾ ਜਾਵੇਗਾ ਕਿ ਅਤੀਤ ਦੇ ਇਤਿਹਾਸ ਵਿੱਚ ਸਿੱਖਾਂ 'ਤੇ ਹੋਏ ਜ਼ੁਲਮ ਬਹੁਤ ਬੌਨੇ ਪਰਤੀਤ ਹੋਣਗੇ। ਸੋ ਆਪਣੇ ਪਿਤਾ ਦੇ ਉਸ ਸੰਦੇਸ਼ ਨੂੰ ਹੀ ਕੇਂਦਰ ਦੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ ਆਰ ਐਸ ਐਸ ਦੇ ਕੱਟੜ ਰੰਗ ਵਿੱਚ ਰੰਗੇ ਭਾਜਪਾ ਆਗੂਆਂ ਦੀ ਮਦਦ ਨਾਲ ਸੱਚ ਕਰਕੇ ਦਿਖਾ ਦਿੱਤਾ। ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ, ਸਾਲਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤਾਂ ਇਹਨਾਂ ਜੁਲਮਾਂ ਦੀ ਟੀਸ ਹੋਰ ਜ਼ਿਆਦਾ ਇਸ ਕਰਕੇ ਉੱਠਣ ਲੱਗਦੀ ਹੈ ਕਿ 35 ਸਾਲਾਂ ਦੇ ਲੰਮੇ ਅਰਸੇ ਦੇ ਬੀਤ ਜਾਣ ਦੇ ਬਾਵਜੂਦ ਵੀ ਸਿੱਖ ਆਪਣੇ ਅੰਦਰਲੇ ਉਹਨਾਂ ਕੌਂਮ ਧਰੋਹੀਆਂ ਦਾ ਨਿਖੇੜਾ ਕਰਨ ਵਿੱਚ ਸਫਲ ਨਹੀ ਹੋ ਸਕੇ, ਜਿਹੜੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਓਨੇ ਹੀ ਗੁਨਾਹਗਾਰ ਹਨ, ਜਿੰਨ੍ਹਾਂ ਸਿੱਖ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੂੰ ਸਮਝਦੇ ਹਨ। 

ਇਸ ਤੋਂ ਵੀ ਵੱਧ ਦੁੱਖ ਅਤੇ ਚਿੰਤਾ ਇਸ ਗੱਲ ਦੀ ਹੈ ਕਿ ਉਹ ਲੋਕ ਹੀ ਸੂਬੇ ਦੇ ਰਾਜਭਾਗ ਦੇ ਵਾਰਸ ਬਣੇ ਰਹੇ ਹਨ, ਜਿੰਨ੍ਹਾਂ ਨੇ ਭਾਰਤੀ ਹਕੂਮਤ ਦਾ ਸਾਥ ਦੇ ਕੇ ਜਿੱਥੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਵਾਇਆ,ਓਥੇ  ਸਿੱਖ ਜਵਾਨੀ ਦੀ ਨਸਲਕੁਸ਼ੀ ਕਰਨ ਵਿੱਚ ਵੀ ਕੇਂਦਰੀ ਤਾਕਤਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਜ਼ੁਲਮਾਂ ਵਿਚ ਬਰਾਬਰ ਦੇ ਭਾਗੀਦਾਰ ਬਣੇ ਹਨ। ਜੂਨ ਦਾ ਇਹ ਦਿਨ ਸਿੱਖ ਕੌਮ ਲਈ ਉਹਨਾਂ ਮਹਾਨ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਬੜੇ ਫਖ਼ਰ ਨਾਲ ਸਿਜਦਾ ਕਰਨ ਦਾ ਗੌਰਵਮਈ ਦਿਹਾੜਾ ਹੈ, ਜਿੰਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਜਿੱਥੇ ਚਮਕੌਰ ਦੀ ਕੱਚੀ ਗੜੀ ਦੇ ਇਤਿਹਾਸ ਨੂੰ ਮੁੜ ਤੋ ਦੁਹਰਾ ਕੇ ਹਿੰਦ ਹਕੂਮਤ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਸਨ, ਉਥੇ ਪੂਰੇ ਸੰਸਾਰ ਪੱਧਰ ਤੇ ਵੀ ਇਹ ਅਹਿਸਾਸ ਕਰਵਾਉਣ ਅਤੇ ਸੁਨੇਹਾ ਪਹੁੰਚਾਉਣ ਵਿੱਚ ਕਾਮਯਾਬ ਹੋਏ ਸਨ ਕਿ ਇੱਕ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲੀ ਬਹਾਦਰ ਸਿੱਖ ਕੌਮ ਨੂੰ ਦੁਨਿਆਵੀ ਹਕੂਮਤਾਂ ਦੇ ਜਬਰ ਜੁਲਮ ਕਦੇ ਵੀ ਗੁਲਾਮ ਬਣਾ ਕੇ ਰੱਖ ਸਕਣ ਦੇ ਸਮਰੱਥ ਨਹੀ ਹੋ ਸਕਦੇ।