ਪੰਜਾਬੀ ਕਲਚਰਲ ਸੈਂਟਰ ਯੂਐੱਸਏ. ਵਲੋਂ ਕਰਵਾਏ ਸ਼ਹੀਦੀ  ਕਵੀ ਦਰਬਾਰ ਨੂੰ ਸ਼ਾਇਰਾਂ ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ   

ਪੰਜਾਬੀ ਕਲਚਰਲ ਸੈਂਟਰ ਯੂਐੱਸਏ. ਵਲੋਂ ਕਰਵਾਏ ਸ਼ਹੀਦੀ  ਕਵੀ ਦਰਬਾਰ ਨੂੰ ਸ਼ਾਇਰਾਂ ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ   

ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਾਇਰਾਨਾ ਸਿਜਦਾ
ਫਰਿਜ਼ਨੋ/ਏਟੀ ਨਿਊਜ਼ :
ਪੰਜਾਬੀ ਕਲਚਰਲ ਸੈਂਟਰ ਯੂਐੱਸਏ. ਵਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਯਾਦ ਨੂੰ ਸਮਰਪਿਤ ਸ਼ਹੀਦੀ ਕਵੀ ਦਰਬਾਰ 'ਚ ਸ਼ਾਇਰੀ ਅਤੇ ਗਾਇਕੀ ਰਾਹੀਂ ਪੰਚਮ ਪਾਤਸ਼ਾਹ ਨੂੰ ਸਾਹਿਤਕ ਤੇ ਸੰਗੀਤਕ ਸਿਜਦਾ ਕੀਤਾ ਗਿਆ। ਪੰਜਾਬੀ ਰੇਡੀਓ ਯੂਐੱਸਏ. ਦੇ ਫਰਿਜ਼ਨੋ ਸਟੂਡੀਓ ਕੰਪਲੈਕਸ ਸਥਿਤ ਪੰਜਾਬੀ ਕਲਚਰਲ ਸੈਂਟਰ (Punjabi 3ultural 3enter ”S1  ੨੧੨੫ N 2arton 1ve, 6R5SNO, 31)) ਦੇ ਮੁੱਖ ਹਾਲ ਵਿਖੇ ਪਹਿਲੀ ਜੂਨ-2019, ਸ਼ਨਿਚਰਵਾਰ ਨੂੰ ਕਰਵਾਏ ਇਸ ਪਲੇਠੇ ਕਵੀ ਦਰਬਾਰ 'ਚ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਬੇਏਰੀਆ, ਸੈਕਰਾਮੈਂਟੋ-ਯੂਬਾ ਸਿਟੀ ਤੋਂ ਇਲਾਵਾ ਫਰਿਜ਼ਨੋ ਅਤੇ ਆਸ ਪਾਸ ਦੇ ਕਵੀਆਂ ਦੀ ਸ਼ਮੂਲੀਅਤ ਵਾਲੇ ਇਸ ਪ੍ਰੋਗਰਾਮ ਦੀ ਕਾਰਵਾਈ ਸ਼ੁਰੂ ਕਰਦਿਆਂ ਪੰਜਾਬੀ ਰੇਡੀਓ ਯੂਐੱਸਏ. ਦੇ ਹੋਸਟ ਰਾਜਕਰਨਬੀਰ ਸਿੰਘ ਨੇ ਸ਼ਾਇਰਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਪੰਜਾਬੀ ਕਲਚਰਲ ਸੈਂਟਰ ਦੇ ਕੋਆਰਡੀਨੇਟਰ ਦਲਜੀਤ ਸਿੰਘ ਸਰਾ ਨੇ ਸੈਂਟਰ ਦੀ ਸਥਾਪਨਾ ਦੇ ਮੰਤਵ ਅਤੇ ਭਵਿੱਖੀ ਯੋਜਨਾਵਾਂ ਸਬੰਧੀ ਵਿਚਾਰ ਸਾਂਝੇ ਕੀਤੇ। ਉੱਘੇ ਰੇਡੀਓ ਹੋਸਟ ਤੇ ਸ਼ਾਇਰ ਹਰਜਿੰਦਰ ਕੰਗ ਨੇ ਕਵੀ ਦਰਬਾਰ ਦੀ ਬਕਾਇਦਾ ਸ਼ੁਰੂਆਤ ਕਰਦਿਆਂ ਪੰਜਾਬੀ ਰੇਡੀਓ ਯੂਐੱਸਏ.ਪਰਿਵਾਰ ਦੀ ਮੈਂਬਰ ਗਾਇਕਾ ਜੋਤ ਰਣਜੀਤ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਸੱਦਿਆ। ਜੋਤ ਨੇ ਅਪਣੀ ਦਮਦਾਰ ਆਵਾਜ਼ ਅਤੇ ਨਵੀਂ ਰਚਨਾ ਦੇ ਸ਼ਬਦਾਂ ''ਤਵੀਆਂ 'ਤੇ ਬਹਿ ਕੇ ਪਾਤਸ਼ਾਹ, ਤਖ਼ਤਾਂ ਨੂੰ ਭੁੰਝੇ ਲਾਹ ਗਏ, ਪਾ ਝੋਲੀ ਸਾਡੇ‘ਸੁਖਮਨੀ, ਤੇਗਾਂ ਦਾ ਰਾਹ ਦਿਖਲਾ ਗਏ” ਰਾਹੀਂ ਮਾਹੌਲ ਨੂੰ ਸੁਰੀਲੇ ਰੰਗ 'ਚ ਰੰਗਿਆ।
ਦੁਪਹਿਰ 12:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਚੱਲੇ ਇਸ ਕਵੀ ਦਰਬਾਰ 'ਚ ਹਰ ਕਵੀ ਨੇ ਗੁਰੂ ਜੀ ਦੀ ਮਹਾਨ ਦੇਣ ਸਬੰਧੀ ਸਰੋਤਿਆਂ ਨਾਲ ਅਪਣੇ ਜਜ਼ਬਾਤ ਸਾਝੇ ਕੀਤੇ। ਰਚਨਾਵਾਂ ਸੁਣਾਉਣ ਵਾਲੇ ਕਵੀਆਂ ਵਿੱਚ ਇੰਦਰਜੀਤ ਗਰੇਵਾਲ, ਲਾਜ ਨੀਲਮ ਸੈਣੀ, ਦਿਲ ਨਿੱਜਰ, ਪਿਸ਼ੌਰਾ ਸਿੰਘ ਢਿਲੋਂ, ਸਾਧੂ ਸਿੰਘ ਸੰਘਾ, ਗੋਗੀ ਸੰਧੂ, ਅਸ਼ਰਫ਼ ਗਿੱਲ, ਲਛਮਣ ਸਿੰਘ ਰਾਠੌਰ, ਸੰਤੋਖ ਮਿਨਹਾਸ, ਪਵਿੱਤਰ ਕੌਰ ਮਾਟੀ, ਗੁਰਦੀਪ ਸਿੰਘ ਨਿੱਝਰ, ਕੁੰਦਨ ਸਿੰਘ ਧਾਮੀ, ਗੁਰਸ਼ਰਨ ਸਿੰਘ, ਪਰਮਿੰਦਰ ਸਿੰਘ ਰਾਏ, ਅਵਤਾਰ ਸਿੰਘ ਹੀਰਾ, ਮਨਰੀਤ ਗਰੇਵਾਲ ਸਿੱਧੂ ਅਤੇ ਅਮਰੀਕ ਸਿੰਘ ਬਸਰਾ ਸ਼ਾਮਲ ਸਨ। ਬੇਏਰੀਆ ਤੋਂ ਗਜ਼ਲਗੋ ਕੁਲਵਿੰਦਰ ਅਤੇ ਉਨ੍ਹਾਂ ਦੀ ਜੀਵਨ ਸਾਥਣ ਮਨਜੀਤ ਪਲਾਹੀ ਉੱਚੇਚਾ ਪੁੱਜੇ। ਉੱਘੇ ਵਿਦਵਾਨ ਅਤੇ ਸ਼ਾਇਰ ਗੁਰੂਮੇਲ ਸਿੱਧੂ ਨੇ ਗੁਰੂ ਜੀ ਦੀ ਸ਼ਹਾਦਤ ਦੀ ਇਤਿਹਾਸਕ ਮਹੱਤਤਾ ਸਬੰਧੀ ਬੜੇ ਭਾਵਪੂਰਤ ਢੰਗ ਨਾਲ ਜਾਣੂੰ ਕਰਵਾਇਆ। ਉਨ੍ਹਾਂ ਦੀਆਂ ਸੱਜਰੀਆਂ ਕਾਵਿ ਰਚਨਾਵਾਂ ਦੇ ਦਾਰਸ਼ਨਿਕ ਬੋਲਾਂ; 
''ਸਿਰਲੱਥਾਂ ਦੇ ਸਿਰਾਂ 'ਤੇ ਕਲਗੀ, ਮੁਕਟ, ਸੁਰਖ਼ਾਬ ਨਹੀਂ ਹੁੰਦੇ, 
ਉਨ੍ਹਾਂ ਦੇ ਮਨਾਂ 'ਚ ਸਵਾਲਾਂ ਦੇ ਹੱਲ ਹੁੰਦੇ ਨੇ, ਜਵਾਬ ਨਹੀਂ ਹੁੰਦੇ। 
ਕਈ ਤਾਜ਼ਦਾਰ, ਸ਼ਹਿਨਸ਼ਾਹ, ਬਾਦਸ਼ਾਹ ਆਏ ਤੇ ਤੁਰ ਗਏ, 
ਪਾਤਸ਼ਾਹਾਂ ਦੀ ਤਾਂ ਇਬਾਦਤ ਹੁੰਦੀ ਹੈ, ਹਿਸਾਬ ਨਹੀਂ ਹੁੰਦੇ। 
ਜਿਨ੍ਹਾਂ ਦੇ ਹੇਠ ਤੱਤੀ ਤਵੀ ਅਤੇ ਸਿਰਾਂ 'ਤੇ ਤਪਦੀ ਰੇਤ ਹੋਵੇ, 
ਉਨ੍ਹਾਂ ਦੀ ਸ਼ਹਾਦਤ ਦੀ ਇਹ ਤਾਬੀਰ ਹੁੰਦੀ ਏ, ਖ਼ੁਆਬ ਨਹੀਂ ਹੁੰਦੇ।”  ਨਾਲ ਕਵੀ ਦਰਬਾਰ ਦੀ ਸਮਾਪਤੀ ਹੋਈ। 
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਸਭਾ ਸੈਕਰਾਮੈਂਟੋ/ਯੂਬਾ ਸਿਟੀ, ਇੰਡੋ ਅਮੈਰੀਕਨ ਫੋਰਮ, ਇੰਡੋ ਯੂਐੱਸ. ਹੈਰੀਟੇਜ ਫੋਰਮ ਦੇ ਸਹਿਯੋਗ ਅਤੇ ਪੰਜਾਬੀ ਰੇਡੀਓ ਯੂਐੱਸਏ. ਦੀ ਸਮੁੱਚੀ ਟੀਮ ਦੇ ਅਣਥੱਕ ਯਤਨਾਂ ਸਦਕਾ ਸਜੇ ਕਵੀ ਦਰਬਾਰ ਦੌਰਾਨ ਸੁਰਿੰਦਰ ਕੌਰ ਸਿਆਟਲ ਦੀ ਕਿਤਾਬ ''ਸੂਰਜ ਡੁੱਬਣ ਦਾ ਆਇਆ ਵੇਲਾ” ਅਤੇ ਮਨਰੀਤ ਗਰੇਵਾਲ ਸਿੱਧੂ ਦੀ ਕਿਤਾਬ ''ਮਿੱਟੀ ਦੇ ਰੰਗ”’ਲੋਕ ਅਰਪਣ ਕੀਤੀਆਂ ਗਈਆਂ। ਪੰਜਾਬੀ ਭਾਈਚਾਰੇ ਦੀਆਂ ਨਾਮਵਰ ਸ਼ਖਸ਼ੀਅਤਾਂ ਚਰਨਜੀਤ ਸਿੰਘ ਬਾਠ, ਨਾਜ਼ਰ ਸਿੰਘ ਸਹੋਤਾ, ਰਾਣਾ ਗਿੱਲ, ਕੁਲਵਿੰਦਰ ਬਾਠ ਤੇ ਹੋਰਨਾਂ ਨੇ ਪੂਰਾ ਸਮਾਂ ਕਵੀ ਦਰਬਾਰ 'ਚ ਸ਼ਮੂਲੀਅਤ ਕਰਦਿਆਂ ਪ੍ਰਬੰਧਕਾਂ ਦੇ ਉੱਦਮ ਦੀ ਦਾਦ ਦਿੱਤੀ। ਇਸ ਮੌਕੇ ਸਰੋਤਿਆਂ ਦੀ ਭਰਵੀਂ ਸ਼ਮੂਲੀਅਤ ਸਿੱਖ ਇਤਿਹਾਸ ਦੇ ਸ਼ਹੀਦਾਂ ਦੀ ਸੂਰਬੀਰਤਾ ਪ੍ਰਤੀ ਕੌਮ ਦੀ ਪ੍ਰਤੀਬੱਧਤਾ ਦੀ ਗਵਾਹੀ ਭਰਦੀ ਸੀ।
ਅਖ਼ੀਰ ਵਿੱਚ ਸਭਨਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ।