ਕੁਦਰਤ ਦਾ ਸਕਾ ਪਿੰਡ ਤਾਸ਼ੀਗੰਗ

ਵੈਸੇ ਤਾਂ ਪੂਰੀ ਸਪਿਤੀ ਘਾਟੀ ਹੀ ਇਉਂ ਹੈ ਜਿਵੇਂ ਕੁਦਰਤ ਦੀ ਆਪਣੀ ਸਕੀ ਹੋਵੇ, ਸਕੇ ਤੇ ਮਤਰੇਏ ਵਿੱਚ ਇੱਕ ਵੱਡਾ ਫਰਕ ਹਰੇਕ ਰਿਸ਼ਤਾ ਸੁਭਾਵਕ ਹੀ ਕਰਦਾ। ਸਪਿਤੀ ਨੂੰ ਕੁਦਰਤ ਨੇ ਸ਼ਾਇਦ ਆਪਣੀ ਸਕੀ ਮੰਨਿਆਂ ਹੋਵੇ। ਇਸੇ ਲਈ ਉਸ ਦਾ ਸੁਹੱਪਣ ਤੇ ਉੱਥੋਂ ਦੇ ਲੋਕ ਦੋਵੇਂ ਕਮਾਲ ਨੇ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਹਜੇ ਮੰਡੀ ਨੇ ਉੱਥੇ ਘੁਸਪੈਠ ਜਿਆਦਾ ਨਹੀਂ ਕੀਤੀ। ਜਿਸ ਕਰਕੇ ਉੱਥੋਂ ਦਾ ਵਾਤਾਵਰਣ ਤੇ ਉਥੋਂ ਦੇ ਲੋਕ ਹਜੇ ਕੁਦਰਤੀ ਜਿਹੇ ਹੀ ਨੇ। ਸਾਡਾ ਦੋ ਜਣਿਆਂ ਦਾ ਜੂਨ ਦੇ ਮਹੀਨੇ ਵਿੱਚ ਸਪਿਤੀ ਜਾਣ ਦਾ ਸਬੱਬ ਬਣਿਆ ਸੀ। ਵੈਸੇ ਤਾਂ ਸਾਰਾ ਸਫਰ ਹੀ ਸਪਿਤੀ ਦਾ ਸੋਹਣਾ ਹੁੰਦਾ ਹੈ, ਕਿਨੌਰ ਤੋਂ ਹੀ ਨਦੀਆਂ ਤੁਹਾਡੇ ਨਾਲ ਵਹਿਣ ਲੱਗਦੀਆਂ ਹਨ, ਪਹਾੜਾਂ ਦੇ ਰੰਗ ਬਦਲਣ ਲੱਗਦੇ ਹਨ। ਪਹਾੜ ਹਰੇ ਤੋਂ ਭੂਰੇ ਜਿਹੇ ਹੋਣ ਲੱਗਦੇ ਹਨ ਤੇ ਨਦੀਆਂ ਸੁਰਮਈ। ਸੁਰਮਈ ਨਦੀਆਂ ਸ਼ਾਂਤੀ ਨਾਲ ਮੇਲਦੀਆਂ ਕਦੇ ਵਿਛੜਦੀਆਂ ਹਨ, ਕਦੇ ਮਿਲਦੀਆਂ ਹਨ, ਕਦੇ ਜੋਰ ਜੋਰ ਦੀ ਛੱਲਾਂ ਮਾਰਦੀਆਂ ਸ਼ੋਰ ਮਚਾਉਂਦੀਆਂ ਹਨ ਤੇ ਕਿਤੇ ਜਮ੍ਹਾਂ ਸ਼ਾਂਤ ਜਿਵੇਂ ਅੱਜ ਹੀ ਸਿਆਣੀਆਂ ਹੋਈਆਂ ਹੋਣ। ਇਸ ਸਭ ਨੂੰ ਦੇਖਦਿਆਂ ਮਨੁੱਖ ਅੰਦਰੋ ਅੰਦਰੀਂ ਬਹੁਤ ਕੁਝ ਸਿਰਜਦਾ ਹੈ, ਪੁਰਾਣੇ ਕਵੀਆਂ ਦੀਆਂ ਕਵਿਤਾਵਾਂ ਸੋਚਦਾ ਹੈ ਖੁਸ਼ ਹੁੰਦਾ ਹੈ। ਤੇ ਭੀੜ ਭਰੀ ਜਿੰਦਗੀ ਵਿੱਚੋਂ ਪਲ ਦੋ ਪਲ ਨਿੱਕਲਣ ਦੀ ਜੋ ਖੁਸ਼ੀ ਹੁੰਦੀ ਹੈ ਉਹ ਵੱਖਰੀ।ਕਾਜਾ ਅਸੀਂ ਦੁਪਹਿਰੇ ਜਿਹੇ ਪਹੁੰਚ ਗਏ ਅਸੀਂ ਦੋਵਾਂ ਨੇ ਉੱਥੋਂ ਦੇ ਬਾਜ਼ਾਰ ਦੀ ਗਸ਼ਤ ਕੀਤੀ, ਕਾਜਾ ਦੀ ਮਸ਼ਹੂਰੀ ਭਾਵੇਂ ਹਰ ਥਾਂਈਂ ਬਹੁਤ ਆ ਪਰ ਬਾਜ਼ਾਰ ਮੁੱਲਾਂਪੁਰ ਤੋਂ ਵੀ ਛੋਟਾ। ਖੈਰ ਅਸੀਂ ਉੱਥੇ ਬਾਜ਼ਾਰ ਦੇਖਣ ਤਾਂ ਗਏ ਨਹੀਂ ਸੀ। ਕਈ ਥਾਈ ਫਿਰ ਫਿਰਾ ਕੇ ਅਸੀਂ ਸੋਚਿਆ ਵੀ ਮਨਾ ਕਾਜਾ ਤਾਂ ਕੁਝ ਹੈਨੀ ਉਰੇ ਪਰੇ ਜਾਇਆ ਜਾਵੇ। ਕਾਜਾ ਕੋਈ ਵੀ ਨੈੱਟਵਰਕ ਨਹੀਂ ਹੁੰਦਾ ਸਿਰਫ ਬੀ.ਐੱਸ.ਐਨ.ਐੱਲ ਚੱਲਦਾ ਉਹ ਵੀ ਮਾੜਾ ਮੋਟਾ ਤੇ ਅਸੀਂ ਦੋਵੇਂ ਹੀ ਇਸ ਗੱਲੋਂ ਨਲਾਇਕ ਸੀ। ਪਤਾ ਹੁੰਦਿਆਂ ਸੁੰਦਿਆਂ ਵੀ ਸਿਮ ਨਹੀਂ ਸੀ ਖਰੀਦੀ। ਖੈਰ ਸੁੱਖ ਦਾ ਸੁਨੇਹਾ ਦੇਣ ਲਈ ਅਸੀਂ ਪਿੱਛੇ ਫੋਨ ਮਿਲਾਉਣਾ ਸੀ। ਏਸ ਲਈ ਇੱਕ ਦੁਕਾਨ ਜਾ ਵੜੇ। ਸਾਡੇ ਮੂਹਰੇ ਇੱਕ ਗੋਰਾ ਖੜਾ ਸੀ, ਦੁਕਾਨ ਵਾਲੇ ਨਾਲ ਗਰਾਰੀ ਫਸਾਈ। ਦੁਕਾਨ ਵਾਲਾ ਕੁਝ ਬੋਲੇ ਤੇ ਗੋਰਾ ਕੁਝ। ਦੁਕਾਨ ਵਾਲੇ ਖਰੀਦਣ ਵੇਚਣ ਤੱਕ ਦੀ ਅੰਗਰੇਜੀ ਤਾਂ ਸਿੱਖ ਲੈਂਦੇ ਨੇ ਪਰ ਲੜਣ ਜੋਗੀ ਨਹੀਂ ਸਿੱਖ ਪਾਉਂਦੇ। ਮਾੜਾ ਮੋਟਾ ਅੰਗਰੇਜੀ ਨੂੰ ਮੂੰਹ ਮੈਨੂੰ ਮਾਰਨਾ ਆਉਂਦਾ ਸੀ, ਏਸ ਲਈ ਇਹ ਕੰਮ ਉਹਨਾਂ ਦਾ ਮੈਂ ਕਰਵਾ ਦਿੱਤਾ। ਉਹਨਾਂ ਦਾ ਨਬੇੜਾ ਕਰਵਾ ਕੇ ਗੋਰੇ ਨਾਲ ਯਾਰੀ ਪਾ ਲਈ। ਪਤਾ ਲੱਗਿਆ ਕਿ ਯੂ.ਕੇ ਦਾ ਇਹ ਗੋਰਾ ਤੀਜੀ ਵਾਰ ਭਾਰਤ ਘੁੰਮਣ ਆਇਆ ਹੈ ਤੇ ਖਰਚਾ ਚਲਾਉਣ ਲਈ ਇਸਨੇ ਆਪਣਾ ਜੱਦੀ ਘਰ ਕਿਰਾਏ ਤੇ ਚਾੜਿਆ ਹੋਇਆ ਹੈ। ਸੁਭਾਵਿਕ ਹੀ ਗੋਰੇ ਦੀ ਇਸ ਹਰਕਤ ਤੇ ਹਾਸਾ ਆਇਆ ਕਿ ਹੁਣ ਤੱਕ ਤਾਂ ਆਪਾਂ ਦੋ ਘਰ ਹੋਰ ਪਾ ਲੈਣੇ ਸੀ। ਪਰ ਚਲੋ ਫਰਕ ਵੀ ਸੀ ਸਾਡਾ। ਮੈਂ ਉਸ ਨੂੰ ਘੁੰਮਣ ਦੀਆਂ ਥਾਂਵਾਂ ਪੁੱਛਣ ਲੱਗਾ ਤਾਂ ਉਸ ਨੇ ਦੋ ਪਿੰਡ ਤਾਸ਼ੀਗੰਗ ਤੇ ਤਾਬੋ ਦਾ ਨਾਮ ਲੈ ਕੇ ਕਿਹਾ ਕਿ, “ਭਾਈ ਇਹਨਾਂ ਦੋ ਥਾਵਾਂ ਤੇ ਜਾ ਇਹ ਤੇਰਾ ਦਿਮਾਗ ਹਿਲਾ ਦੇਣਗੀਆਂ”।”  ਤੇ ਦਿਮਾਗ ਹਿਲਾਉਣ ਹੀ ਤਾਂ ਆਏ ਸਾਂ ਇੰਨੀ ਦੂਰੋਂ। ਕਾਜਾ ਤੋਂ ਮੋਟਰਸਾਈਕਲ ਕਿਰਾਏ ਤੇ ਲਿਆ ਤੇ ਭਾਰਤ ਦੇ ਸਭ ਤੋਂ ਉੱਚੇ ਪੰਪ ਤੋਂ ਪੈਟਰੋਲ ਪਵਾ ਕੇ, ਚੱਲ ਪਏ ਉੱਚੇ ਪਿੰਡ ਨੂੰ। ਤਾਸ਼ੀਗੰਗ ਜਾਣ ਲਈ ਸੜਕ ਵਾਇਆ ਕਿੱਬਰ ਜਾਂਦੀ ਹੈ, ਤੇ ਉਹ ਰਾਹ ਬਹੁਤ ਸੋਹਣਾ ਹੈ। ਭੁਰਭੁਰੇ ਜਿਹੇ ਪਹਾੜ ਇੰਨੇ ਉੱਚੇ ਨੇ ਕਿ ਲੱਗਦਾ ਬੱਸ ਸਾਡੇ ਤੇ ਆ ਡਿੱਗਣਗੇ। ਕਿਤੇ ਕਿਤੇ ਤਾਂ ਪੁਰਾਣੇ ਖੰਡਰਾਂ ਜਿਹੇ ਲੱਗਦੇ ਨੇ। ਪੱਥਰ ਹੀ ਪੱਥਰ ਨਾਂ ਰੁੱਖ ਨਾਂ ਫੁੱਲ ਬੱਸ ਜੇ ਕਿਤੇ ਸੀ ਵੀ ਤਾਂ ਸੁੱਕਾ ਜਿਹਾ ਘਾਹ ਤੇ ਰੁੰਡ ਮਰੁੰਡ ਜਿਹੇ ਪੌਦੇ, ਪਰ ਤਾਂ ਵੀ ਸੁੰਦਰ ਨੀਲਾ ਨੀਲਾ ਅਸਮਾਨ ਬਿਲਕੁਲ ਨੇੜੇ ਬੱਦਲ। ਇਉਂ ਲੱਗਦਾ ਸੀ ਕਿ ਉੱਚੇ ਚੜੇ ਜਾ ਰਹੇ ਅਸੀਂ ਸ਼ਾਮ ਤੱਕ ਅਸਮਾਨ ਪਾਰ ਕਰ ਜਾਵਾਂਗੇ। ਕਿਤੇ ਕਿਤੇ ਇੱਕਦਮ ਪੱਧਰਾ ਆ ਜਾਣਾ ਤੇ ਰੇਗਿਸਤਾਨ ਦੇ ਵਿੱਚ ਹਰੇ ਕਚੂਚ ਖੇਤ ਲੋਕਾਂ ਦੇ ਵਸੇ ਹੋਣ ਦੀ ਨਿਸ਼ਾਨੀ ਵਜੋਂ ਸਨ। ਸ਼ਾਮ ਪੈਣ ਵਾਲੀ  ਸੀ ਤਾਂ ਅਸੀਂ ਕਿੱਬਰ ਰੁਕਣ ਦੀ ਸਲਾਹ ਬਣਾ ਲਈ, ਪਰ ਕਿੱਬਰ ਵਿੱਚ ਸੈਲਾਨੀਆਂ ਦੀ ਭਰਮਾਰ ਸੀ। ਹੋਟਲ ਤੇ ਹੋਟਲ ਚੜਿਆ ਪਿਆ, ਜਿੱਥੋਂ ਕੁਝ ਦੇਖਣ ਲਈ ਬੰਦਾ ਘੁੰਮੇ ਕਿਤੇ ਕੁਝ ਬਣਿਆ ਹੋਇਆ ਤੇ ਜਾਂ ਬਣ ਰਿਹਾ। ਅਸੀਂ ਤਾਸ਼ੀਗੰਗ ਵਾਲੇ ਫੈਸਲੇ ਤੇ ਹੋਰ ਦ੍ਰਿੜ ਹੋ ਗਏ। ਰੋਚਕ ਗੱਲ ਇਹ ਹੈ ਕਿ ਜਦ ਆਪਾਂ ਕਿੱਬਰ ਦਾਖਿਲ ਹੁੰਦੇ ਹਾਂ ਤਾਂ ਜੰਗਲਾਤ ਵਿਭਾਗ ਤੁਹਾਡਾ ਸਵਾਗਤ 'ਬਰਫੀਲੇ ਤੇਂਦੂਏ' ਤੇ 'ਲਾਲ ਲੂੰਬੜੀ' ਦੀਆਂ ਫੋਟੋਆਂ ਨਾਲ ਕਰਦਾ ਹੈ।ਅਸੀਂ ਕਿੱਬਰ ਤੋਂ ਵਾਪਿਸ ਜਾ ਕੇ ਫੇਰ ਅਖੌਤੀ ਸੜਕ ਉੱਤੇ ਜਾ ਚੜੇ ਜੋ ਤਾਸ਼ੀਗੰਗ ਜਾਂਦੀ ਸੀ। ਅਖੋਤੀ ਤਾਂ ਕਿਉਂਕਿ ਉਹ ਨਾਂ ਦੀ ਹੀ ਸੜਕ ਸੀ। ਕੱਚੀ ਜਿਹੀ ਪਹੀ ਪਰ ਹੁਣ ਤਾਂ ਜਿਵੇਂ ਤੁਹਾਡੇ ਸਾਹਮਣੇ ਸਵਰਗਾਂ ਦੇ ਦੁਆਰ ਖੋਲ ਦਿੱਤੇ ਹੋਣ। ਸਾਹਮਣੇ ਘਾਹ ਦੇ ਮੈਦਾਨ ਤੇ ਬਰਫ ਨਾਲ ਕੱਜੀਆਂ ਪਹਾੜੀ ਚੋਟੀਆਂ। ਭਲਾ ਹੋਵੇ ਵਿਗਿਆਨ ਦਾ ਜੀਹਨੇ ਇਹੋ ਜਿਹੀਆਂ ਯਾਦਾਂ ਸਾਂਭਣ ਲਈ ਮੋਬਾਈਲ ਕੈਮਰਾ ਹਰੇਕ ਤੱਕ ਪਹੁੰਚਾ ਤਾ। ਫੋਟੋਆਂ ਵੀਡੀਉ ਪਹਿਲੇ 5-6 ਕਿ.ਮੀ ਲਹਾਉਂਦੇ ਹੋਏ ਅਗਾਊਂ ਹਨੇਰੇ ਤੋਂ ਬੇਖਬਰ ਜਿਹੇ ਸੀ। ਸਾਢੇ ਕੁ ਪੰਜ ਵੱਜ ਗਏ ਹੋਣੇ ਤੇ ਸੁਰਜ ਛਿਪਣ ਨੂੰ ਹੋ ਗਿਆ। ਅਸੀਂ ਕਰੀਬ ਵੀਹ ਮਿੰਟ ਤੋਂ ਚੱਲਦੇ ਹੀ ਜਾ ਰਹੇ ਸਾਂ। ਕਿੱਬਰ ਦੇ ਉਦਘਾਟਨੀ ਗੇਟ ਯਾਦ ਆ ਗਏ। ਬੱਸ ਫੇਰ ਕੀ ਸੀ ਪਹੁੰਚਣ ਦੀ ਕਾਹਲ ਪੈਣ ਲੱਗੀ, ਪਰ ਪਹੁੰਚੀਏ ਤੇ ਤਾਂ ਜੇ ਰਾਹ ਮੁੱਕੇ। ਤੇ ਰਾਹ ਵੀ ਬੱਸ ਨਾਮ ਦਾ ਤੁੱਕੇ ਜਿਹੇ ਨਾਲ ਜਾਈ ਜਾ ਰਹੇ ਸਾਂ ਸਿੱਧਾ ਸਿੱਧਾ। ਨਾਂ ਰਾਹ ਤੇ ਨਾਂ ਸਾਡੇ ਬਿਨ੍ਹਾਂ ਕੋਈ ਰਾਹੀ। ਨਾਂ ਪਿੱਛੇ ਮੁੜਣ ਜੋਗੇ ਰਹੇ। ਮੇਰੇ ਨਾਲਦੇ ਨੇ ਪਿੱਛੇ ਬੈਠੇ ਨੇ ਬੈਗ ਵਿੱਚੋਂ ਹੱਥ ਪੱਲਾ ਮਾਰ ਗਿੱਠ ਕੁ ਦਾ ਚਾਕੂ ਕੱਢ ਲਿਆ। ਊਂ ਤਾਂ 'ਇੱਕ ਤੇ ਇੱਕ ਗਿਆਰਾਂ ਕਹਿੰਦੇ ਨੇ' ਪਰ ਜੇ ਗਿਆਰਾਂ ਨਿਹੱਥੇ ਹੋਣ ਉਹ ਵੀ ਕੀ ਕਰਨ। ਏਸ ਲਈ ਅਸੀਂ ਸੋਚਿਆ ਕਿ ਚਲੋ 'ਡੁੱਬਦੇ ਤਾਂ ਤੀਲੇ ਦਾ ਸਹਾਰਾ ਵੀ ਲੈਂਦੇ' ਚਾਕੂ ਤਾਂ ਫੇਰ ਤੀਲੇ ਤੋਂ ਵੱਡਾ ਤੇ ਮਜਬੂਤ। ਤੇ ਹੁਣ ਤਾਂ ਧੁੱਪ ਵੀ ਸਿਰਫ ਬਰਫੀਲੀਆਂ ਚੋਟੀਆਂ ਤੇ ਰਹਿ ਗਈ ਸੀ, ਏਸ ਲਈ ਠੰਡ ਵੀ ਲੱਗਣ ਲੱਗ ਪਈ। ਤੇ ਸਮੁੰਦਰੀ ਤਲ ਤੋਂ ਉਚਾਈ ਕਾਰਨ ਸਾਹ ਲੈਣ ਦੀ ਵੀ ਸਮੱਸਿਆ ਹੁੰਦੀ ਹੈ ਉੱਥੇ। ਬੱਸ ਇਹ ਸੌਖ ਸੀ ਕਿ ਦੂਰ ਤੱਕ ਦਿਖਦਾ ਸੀ, ਇਸ ਲਈ ਜੇ ਕੋਈ ਖਤਰਾ ਹੁੰਦਾ ਤਾਂ ਦੂਰੋਂ ਭਾਂਪਿਆ ਜਾਂਦਾ। ਕਾਫੀ ਅੱਗੇ ਜਾ ਕੇ ਸਾਨੂੰ ਇੱਕ ਜੰਗਾਲੀ  ਜਿਹੀ ਸੂਚਨਾ ਫੱਟੀ ਦਿਖੀ ਜਿਸ ਤੇ ਸੜਕ ਨਿਰਮਾਣ ਯੋਜਨਾ ਬਾਰੇ ਲਿਖਿਆ ਸੀ। ਸਾਡੇ ਸਾਹ ਵਿੱਚ ਸਾਹ ਮੁੜੇ ਕਿ ਕਿਤੇ ਤਾਂ ਜਾ ਹੀ ਰਹੇ ਹਾਂ ਤੇ ਲਿਖਿਆ ਹਿੰਦੀ ਵਿੱਚ ਹੈ ਇਸ ਲਈ ਹੈਗੇ ਵੀ ਭਾਰਤ 'ਚ ਹੀ ਹਾਂ। ਨਹੀਂ ਤਾਂ ਸਾਨੂੰ ਡਰ ਸੀ ਕਿ ਹੋਰ ਪਤਾ ਹੀ ਨਾਂ ਲੱਗੇ ਤੇ ਬਾਰਡਰ ਲੰਘ ਜਾਈਏ ਤਿੱਬਤ ਆਲਾ। ਤੇ ਅੱਗੇ ਨਾਲ ਹੀ ਸਾਨੂੰ ਤਿੰਨ ਚਾਰ ਘਰ ਜਿਹੇ ਦਿਸਣ ਲੱਗ ਗਏ। ਸਾਡੇ ਸਾਰੇ ਸਾਹ ਮੁੜ ਆਏ। ਹੁਣ ਉੱਥੋਂ ਦਾ ਦ੍ਰਿਸ਼ ਦੇਖਣ ਵਾਲਾ ਸੀ, ਜਾਂਦੀ ਜਾਂਦੀ ਧੁੱਪ ਬਰਫੀਲੀਆਂ ਚੋਟੀਆਂ ਦੀ ਚਾਂਦੀ ਹੋਰ ਉਭਾਰ ਰਹੀ ਸੀ, ਦੂਰ ਤੱਕ ਘਾਹ ਤੇ ਵਿੱਚ ਪਗਡੰਡੀ। ਉੱਥੇ ਮੋਟਰਸਾਈਕਲ ਲਾਇਆ ਤੇ ਆਵਾਜਾਂ ਮਾਰ ਕੇ ਇੱਕ ਬੰਦਾ ਲੱਭਾ। ਤਾਸ਼ੀਗੰਗ ਪਿੰਡ ਡੂੰਘ ਜਿਹੀ 'ਚ ਸੀ। ਉੱਥੇ ਕੁੱਲ ਤਿੰਨ ਘਰ ਅਤੇ ਸਿਰਫ 15 ਲੋਕ ਸਨ। ਇੱਕ ਸਕੂਲ ਦੀ ਇਮਾਰਤ ਸੀ, ਜਿਸ ਨੂੰ ਪੋਲਿੰਗ ਬੂਥ ਬਣਾਇਆ ਹੋਇਆ ਸੀ। ਬਾਕੀ ਉਹਨਾਂ ਦੇ ਧਾਰਮਿਕ ਚਿੰਨ ਸਨ। ਉੱਥੇ ਰਹਿਣ ਦਾ ਹੀਲਾ ਇੱਕ ਰਵਾਇਤੀ ਘਰ ਵਿੱਚ ਹੋ ਗਿਆ ਸੀ। ਕੱਚਾ ਘਰ ਨਾਂ ਕੁੰਡਾ ਨਾਂ ਜਿੰਦਾ ਹੇਠਾਂ ਭੀੜੇ ਜਿਹੇ ਕਮਰਿਆਂ ਵਿੱਚ ਬਾਲਣ ਵਗੈਰਾ ਪਿਆ ਸੀ ਤੇ ਰਹਿਣ ਸਹਿਣ ਦਾ ਉੱਪਰ ਸੀ। ਅਸੀਂ ਜਾਂਦਿਆਂ ਰਸੋਈ ਵਿੱਚ ਜਾ ਬੈਠੇ। ਉਹਨਾਂ ਦੀ ਰਸੋਈ ਦਾ ਸੱਭਿਆਚਾਰ ਬਹੁਤ ਚੰਗਾ ਹੈ। ਸਾਰਾ ਟੱਬਰ ਕਤਾਰ ਵਿੱਚ ਬੈਠ ਕੇ ਖਾਂਦਾ ਹੈ। ਦੋ ਮਰਦ ਰਸੋਈ ਦਾ ਕੰਮ ਕਰਨ ਵਿੱਚ ਲੱਗੇ ਹੋਏ ਸਨ ਤੇ ਔਰਤਾਂ ਖੇਤ ਗਈਆਂ ਹੋਈਆਂ ਸਨ। ਅੱਛਾ, ਉਹਨਾਂ ਦੇ ਕੰਮ ਵਿੱਚ ਠਰੰਮਾਂ ਬਹੁਤ ਹੈ, ਅਸੀਂ ਕਾਹਲੀ ਦੇ ਮਾਰੇ ਲੋਕ ਹਰ ਚੀਜ਼ ਲਈ ਮਸ਼ੀਨ ਬਣਾ ਲਈ ਹੈ। ਉਸ ਭਲੇ ਮਾਣਸ ਨੇ ਚੱਟਣੀ ਬਣਾਈ 'ਮੋਮੋਸ'(ਰਾਤ ਦਾ ਖਾਣਾ ਮੋਮੋਸ ਸੀ) ਲਈ ਤੇ ਕਰੀਬ ਘੰਟਾ ਉਸ ਚਾਕੂ ਨਾਲ ਚੱਟਣੀ ਬਣਾਉਣ ਤੇ ਬਿਤਾਇਆ। ਗੱਲ਼ਾਂ ਕਰਦਿਆਂ ਅਸੀਂ ਉਹਨਾਂ ਨੂੰ ਸਾਡੇ ਬਾਰੇ ਦੱਸਿਆ ਤੇ ਬਹੁਤਾ ਪੁੱਛਿਆ। ਜਦ ਅਸੀਂ ਉਹਨਾਂ ਨੂੰ ਬੱਚੇ ਪੜਾਉਣ ਬਾਰੇ ਪੁੱਛਿਆ ਉਹਨਾਂ ਦਾ ਮੂੰਹ ਮਸੋਸਿਆ ਗਿਆ, ਕਿਉਂਕਿ ਬੱਚੇ ਪੜਾਉਣਾ ਉੱਥੇ ਹੁਣ ਬਹੁਤ ਵੱਡਾ ਮਸਲਾ ਹੈ। ਨਵੀਂ ਪੀੜੀ ਪੜਾਉਣਾ ਚਾਹੁੰਦੀ ਹੈ ਪਰ ਸਕੂਲ 20 ਕਿ.ਮੀ ਦੂਰ ਹੈ। ਤੇ ਕਾਲਜ ਤਾਂ ਬੱਸ ਸੁਪਨਾ ਹੀ ਹੈ ਬਹੁਤ ਸਰਦਾ ਪੁਰਦਾ ਬੰਦਾ ਹੀ ਕਾਲਜ ਪਹੁੰਚ ਸਕਦਾ ਹੈ। ਉਹ ਬੰਦੇ ਕਈ ਮਾਮਲਿਆਂ ਵਿੱਚ ਕਾਫੀ ਭੋਲੇ ਸਨ।ਡੰਗਰਾਂ ਬਾਰੇ ਗੱਲ਼ਾਂ ਚੱਲ ਰਹੀਆਂ ਸਨ ਮੈਨੂੰ ਬਜ਼ੁਰਗ ਨੇ ਪੁੱਛਿਆ, “ਕਿ ਤੁਹਾਡੇ ਲੋਕ ਭੇਡਾਂ ਰੱਖਦੇ ਹਨ”। ਮੈਂ ਕਿਹਾ ਨਾਂਹ ਉੱਥੇ ਥਾਵਾਂ ਹੀ ਨਹੀਂ ਇੰਨੀਆਂ ਕਿ ਡੰਗਰ ਰੱਖੇ ਜਾਣ। ਕਹਿੰਦਾ, “ਖੱਚਰ ਤਾਂ ਜਰੂਰ ਰੱਖਦੇ ਹੋਣੇ, ਢੋਆ ਢੁਆਈ ਲਈ”। ਉਹ ਕੀ ਜਾਣੇ ਕਿ ਅਸੀਂ ਤਾਂ ਜੇ ਡੰਗਰ ਰੱਖੀਏ ਤਾਂ ਪੱਠੇ ਵੀ ਸਕੂਟਰਾਂ ਤੇ ਲੈ ਆਉਂਦੇ ਹਾਂ। ਗੱਲ਼ਾਂ ਮਾਰ ਕੇ ਅਸੀਂ ਰਾਤ ਨੂੰ ਛੱਤ ਤੇ ਤਾਰੇ ਦੇਖਣ ਚੜੇ, ਹਵਾ ਬਹੁਤ ਤੇਜ਼ ਚੱਲਦੀ ਹੋਣ ਕਰਕੇ ਉੱਥੇ ਲੱਕੜਾਂ ਤਾਂ ਤੁਸੀਂ ਬਾਲ ਨਹੀਂ ਸਕਦੇ ਖੁੱਲੇ ਵਿੱਚ, ਏਸ ਲਈ ਅਸੀਂ ਚਾਹ ਲੈ ਕੇ ਛੱਤ ਤੇ ਜਾ ਚੜੇ। ਤੇ ਅਸਮਾਨ ਵੱਲ ਜੋ ਨਜ਼ਾਰਾ ਹੁੰਦਾ ਉਹ ਸ਼ਾਇਦ ਕਿਤੇ ਹੋਰ ਹੋਵੇ, ਤਾਰਿਆਂ ਨਾਲ ਅਸਮਾਨ ਇਉਂ ਕੱਜਿਆ ਹੁੰਦਾ ਜਿਵੇਂ ਸੱਜ ਵਿਆਹੀ ਦੀ ਚੁੰਨੀ ਤੇ ਮੋਤੀ। ਤੇ ਵਿੱਚ ਵਿੱਚ ਤਾਂ ਤਾਰਿਆਂ ਦੀ ਧੂੜ ਵੀ ਦਿਖਦੀ ਸੀ। ਸਾਨੂੰ ਉਸ ਗੋਰੇ ਨੇ ਦੱਸਿਆ ਸੀ ਕਿ ਇੱਥੇ ਕੋਈ ਚੋਟੀ ਹੈ, ਜਿਸ ਦੇ ਇੱਕ ਪਾਸੇ ਸੂਰਜ ਛਿਪਦਾ ਹੈ ਤੇ ਨਾਲ ਹੀ ਚੰਨ ਚੜਦਾ ਹੈ। ਦੇਰੀ ਨਾਲ ਪਹੁੰਚਣ ਕਾਰਨ ਉਹ ਨਜ਼ਾਰਾ ਤਾਂ ਨਹੀਂ ਵੇਖ ਸਕੇ ਸੀ, ਪਰ ਤਾਰਿਆਂ ਨੇ ਸਾਰੀਆਂ ਕਸਰਾਂ ਪੂਰੀਆਂ ਕੀਤੀਆਂ ਹੋਈਆਂ ਸਨ। ਜੇ ਤੁਸੀਂ ਅਸਮਾਨ ਦੇਖੀ ਜਾਉ ਤਾਂ ਠੀਕ ਹੈ, ਪਰ ਜੇ ਆਲੇ ਦੁਆਲੇ ਵੇਖੋ ਤਾਂ ਸ਼ਾਇਦ ਤ੍ਰਾਹ ਕੇ ਮਰ ਜਾਉ। ਕਿਉਂਕਿ ਪਹਾੜਾਂ ਦਾ ਹਨੇਰਾ ਨਿਗਲ ਲੈਣ ਵਾਲਾ ਹੁੰਦਾ, ਇੰਝ ਲੱਗਦਾ ਸੀ ਕਿ ਇਸੇ ਵਿੱਚ ਸਮਾ ਜਾਵਾਂਗੇ। ਅਸੀਂ ਦੋਵੇਂ ਛੱਤ ਤੇ ਖੜੇ ਬੀਤੇ ਦਿਨ ਦੀਆਂ ਗੱਲ਼ਾਂ ਕਰ ਕੇ ਹੱਸਣ ਲੱਗੇ, ਜਦ ਅਸੀਂ ਗੱਲ਼ਾਂ ਕਰਦਿਆਂ ਬਜ਼ੁਰਗ ਨੂੰ ਤੇਂਦੂਏ ਬਾਰੇ ਪੁੱਛਿਆ, ਤਾਂ ਉਹਦੇ ਲਈ ਉਹ ਤੇਂਦੂਆ ਵੱਡੀ ਸਾਰੀ ਬਿੱਲੀ ਸੀ ਬੱਸ। ਉੱਥੇ ਬਿਜਲੀ ਤੇ ਮੋਬਾਈਲ ਨੈੱਟਵਰਕ ਵੀ ਨਾਮ ਦੇ ਹੀ ਹਨ, ਖੇਤੀ ਸਿਰਫ ਮਟਰ ਦੀ ਹੀ ਹੋ ਸਕਦੀ ਹੈ। ਪਰ ਤਾਂ ਵੀ ਉਹ ਰੁੱਝੇ ਜਿਹੇ ਹੀ ਰਹਿੰਦੇ ਹਨ। ਪੱਥਰਾਂ ਦੀ ਵਾੜ ਵਿੱਚ, ਆਉਣ ਵਾਲੇ ਸਿਆਲਾਂ ਦੀ ਤਿਆਰੀ ਵਿੱਚ। ਸ਼ਹਿਰਾਂ ਦੀਆਂ ਸਹੂਲਤਾਂ ਦੀਆਂ ਗੱਲਾਂ ਉਹਨਾਂ ਲਈ ਪਰੀ ਲੋਕ ਦੀਆਂ ਕਹਾਣੀਆਂ ਵਰਗੀਆਂ ਹਨ, ਜਿੰਨ੍ਹਾਂ ਨੂੰ ਉਹਨਾਂ ਦੀ ਇਹ ਪੀੜੀ ਚਾਹ ਕੇ ਵੀ ਨੀ ਜੀਅ ਸਕਦੀ। ਪਰ ਤਾਂ ਵੀ ਉਹ ਸਿੱਖ ਰਹੇ ਨੇ ਜਿੰਦਗੀ ਦੇ ਵਰਕਿਆਂ ਤੇ ਸੱਜਰੀਆਂ ਪੈੜ੍ਹਾਂ ਪਾਉਣੀਆਂ ਤੇ ਧੂਹ ਰਹੇ ਨੇ ਜਿੰਦਗੀ ਨੂੰ ਆਪਣੇ ਨਿੱਗਰ ਮੌਰਾਂ ਦੇ ਦਮ 'ਤੇ। ਮੁੜਦੇ ਸਮੇਂ ਤੱਕ ਉਹਨਾਂ ਨਾਲ ਪਰਿਵਾਰਕ ਮੋਹ ਜਿਹਾ ਪੈ ਗਿਆ ਸੀ, ਉਹਨਾਂ ਦੇ ਜਵਾਕਾਂ ਨਾਲ ਹੱਸ ਖੇਡ ਅਸੀਂ ਕੁਝ ਪਲ ਉਹਨਾਂ ਲਈ ਛੱਡ ਆਏ ਤੇ ਬਹੁਤੇ ਆਪਣੇ ਲਈ ਇਕੱਠੇ ਕਰ ਤੁਰ ਆਏ।

ਬਲਤੇਜ
(9855022508)

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ