ਦੁਖੀ ਗੰਨਾ ਕਿਸਾਨਾਂ ਨੇ ਪਿੰਡਾਂ ਵਿਚੋਂ ਭਜਾਏ ਕਾਂਗਰਸੀਏ

ਦੁਖੀ ਗੰਨਾ ਕਿਸਾਨਾਂ ਨੇ ਪਿੰਡਾਂ ਵਿਚੋਂ ਭਜਾਏ ਕਾਂਗਰਸੀਏ

ਸੰਗਰੂਰ: ਪੰਜਾਬ ਵਿੱਚ ਵੋਟਾਂ ਮੰਗਣ ਆ ਰਹੇ ਸਿਆਸੀ ਆਗੂਆਂ ਨੂੰ ਦੁਖੀ ਪੰਜਾਬ ਦੇ ਲੋਕਾਂ ਦਾ ਗੁੱਸਾ ਝੱਲਣਾ ਪੈ ਰਿਹਾ ਹੈ। ਮੁੱਖ ਤੌਰ 'ਤੇ ਭਾਵੇਂ ਕਾਂਗਰਸੀ ਅਤੇ ਬਾਦਲ ਦਲ ਦੇ ਆਗੂਆਂ ਨਾਲ ਇਹ ਝਾੜਝੰਬ ਹੋ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸਥਿਤੀ ਵੀ ਕੁੱਝ ਠੀਕ ਨਹੀਂ ਹੈ। ਇਸ ਮਾਹੌਲ ਵਿੱਚ ਸੰਗਰੂਰ ਹਲਕੇ ਦੇ ਗੰਨਾ ਕਿਸਾਨਾਂ ਨੇ ਹੁਣ ਕਾਂਗਰਸੀ ਆਗੂਆਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ। ਸੰਗਰੂਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਇਸ ਦਾ ਵੱਡਾ ਨੁਕਸਾਨ ਹੋਣ ਦੀ ਆਸ ਹੈ। 

ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਵੋਟਾਂ ਮੰਗਣ ਆ ਰਹੇ ਕਾਂਗਰਸੀ ਆਗੂਆਂ ਨੂੰ ਗੰਨਾ ਕਿਸਾਨ ਪਿੰਡਾਂ ਵਿੱਚੋਂ ਭਜਾ ਰਹੇ ਹਨ। ਗੰਨਾ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਧੂਰੀ ਖੰਡ ਮਿਲ ਵਿੱਚ ਫਸੀ 74.76 ਕਰੋੜ ਰੁਪਏ ਦੀ ਰਕਮ ਕਢਵਾਉਣ ਵਿਚ ਕੋਈ ਮਦਦ ਨਹੀਂ ਕੀਤੀ। 

ਪਿੰਡਾਂ ਵਿੱਚ ਹੋ ਰਹੀ ਇਸ ਝਾੜ ਝੰਬ ਦੀ ਜਾਣਕਾਰੀ ਕਾਂਗਰਸੀ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੀ ਹੈ। 

ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਮਿਹਨਤ ਦੀ ਕਮਾਈ ਦਵਾਉਣ ਲਈ ਕੁੱਝ ਨਹੀਂ ਕੀਤਾ ਇਸ ਲਈ ਉਹ ਸੰਗਰੂਰ ਵਿੱਚ ਅੱਜ ਤੋਂ ਪੰਜਾਬ ਸਰਕਾਰ ਵਿਰੁੱਧ ਖੁੱਲ੍ਹੇ ਵਿਰੋਧ ਦੀ ਸ਼ੁਰੂਆਤ ਕਰ ਰਹੇ ਹਨ। 

ਗੰਨਾ ਕਿਸਾਨਾਂ ਨੇ ਪਹਿਲਾਂ ਸੰਗਰੂਰ-ਬਰਨਾਲਾ ਸੜਕ 'ਤੇ ਬਹਾਦਰਪੁਰ ਪਿੰਡ ਨਜ਼ਦੀਕ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਉਹ ਉਭਾਵਾਲ ਪਿੰਡ ਪਹੁੰਚੇ ਜਿੱਥੇ ਕਾਂਗਰਸ ਦਾ ਚੋਣ ਪ੍ਰਚਾਰ ਚੱਲ ਰਿਹਾ ਸੀ। ਇੱਥੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਿਸ ਕਾਰਨ ਮੌਕੇ 'ਤੇ ਮੋਜੂਦ ਕਾਂਗਰਸੀ ਆਗੂ ਰਫੂ ਚੱਕਰ ਹੋ ਗਏ। ਇਸ ਤੋਂ ਬਾਅਦ ਕਿਸਾਨ ਇਹਨਾਂ ਮਗਰ ਹੀ ਬਹਾਦਰਪੁਰ ਪਿੰਡ ਪਹੁੰਚ ਗਏ ਤੇ ਇਸੇ ਤਰ੍ਹਾਂ ਦੁੱਗਾਂ ਪਿੰਡ ਵਿਚ ਵੀ ਕਾਂਗਰਸੀਆਂ ਦਾ ਵਿਰੋਧ ਕੀਤਾ ਗਿਆ। 

ਗੰਨਾ ਕਿਸਾਨਾਂ ਦੀ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਤੋਂ ਇਲਾਵਾ ਉਹਨਾਂ ਕੋਲ ਕੋਈ ਹੋਰ ਰਾਹ ਨਹੀਂ ਬਚਿਆ ਹੈ। ਉਹਨਾਂ ਕਿਹਾ ਕਿ ਉਹ ਆਪਣਾ ਹੱਕ ਮੰਗ ਰਹੇ ਹਨ ਕੋਈ ਭੀਖ ਨਹੀਂ ਮੰਗ ਰਹੇ। 

ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਰਮਨ ਬਾਜਵਾ ਨੇ ਕਿਜਾ ਕਿ ਕਿਸਾਨਾਂ ਦੇ ਪੈਸੇ ਨਿੱਜੀ ਗੰਨਾ ਮਿਲ ਨੇ ਦੇਣੇ ਹਨ ਸਰਕਾਰ ਦਾ ਇਸ ਵਿੱਚ ਕੋਈ ਗੱਥ ਨਹੀਂ। ਉਹਨਾਂ ਕਿਸਾਨਾਂ 'ਤੇ ਦੋਸ਼ ਲਾਇਆ ਕਿ ਕਿਸਾਨ ਵਿਰੋਧੀ ਪਾਰਟੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ