ਪੂਰਾ ਹੋਇਆ ਪੀੜੀਆਂ ਦਾ ਸਫਰ

ਪੂਰਾ ਹੋਇਆ ਪੀੜੀਆਂ ਦਾ ਸਫਰ
ਪਿੰਡ ਧਨੂਆਣਾ ਦੇ ਲੋਕਾਂ 'ਚ ਬੈਠਿਆ ਹੋਇਆ ਨਿੱਝਰ ਪਰਿਵਾਰ

ਸਿਡਨੀ, (ਸਰਵਰਿੰਦਰ ਸਿੰਘ ਰੂਮੀ): ਆਸਟ੍ਰੇਲੀਅਨ ਸਿੱਖ ਆਗੂ ਅਜੀਤ ਸਿੰਘ ਨਿੱਝਰ ਲਹਿੰਦੇ ਪੰਜਾਬ ਵਿੱਚ ਪੈਂਦੇ ਆਪਣੇ ਮਾਪਿਆਂ ਦੇ ਜੱਦੀ ਪਿੰਡ ਧੰਨੂਆਣਾ ਚੱਕ 91 ਤਹਿਸੀਲ ਜੜਾਂਵਾਲਾ ਜ਼ਿਲਾ ਫੈਸਲਾਬਾਦ ( ਪੁਰਾਣਾ ਨਾਂ ਲਾਇਲਪੁਰ ) ਦੇਖਣ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਬੜੇ ਚਾਅ ਨਾਲ ਉਨ੍ਹਾਂ ਨੂੰ ਜੀ ਆਇਆਂ ਆਖਿਆ। ਧਨੂਆਣਾ ਪਹੁੰਚਣ ਤੇ ਸਭ ਤੋਂ ਪਹਿਲਾਂ ਉਹ ਆਪਣੇ ਪਿੰਡ ਦਾ ਇਤਿਹਾਸਿਕ ਗੁਰਦੁਆਰਾ ਸ਼ਹੀਦਗੰਜ ਵੇਖਣ ਗਏ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਿਤ ਦੀ ਮੌਜੂਦਾ ਸਥਿਤੀ ਵੇਖ ਕੇ ਭਾਵੁਕ ਹੋ ਗਏ। ਗੁਰਦੁਆਰਾ ਸਾਹਿਬ ਦਾ ਗੁੰਬਦ ਭਾਵੇਂ ਕਿ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਪਰ ਅੰਦਰ ਆਟਾ ਚੱਕੀ ਤੇ ਰੂੰ ਵਾਲਾ ਪੇਂਜਾ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਤੋਂ ਕੁਝ ਕੁ ਮੀਲ ਦੂਰ ਪੈਂਦੇ ਪਿੰਡ ਧੰਨੂਆਣਾ ਚੱਕ 91 ਦੇ 9 ਸਿੰਘ 20 ਫ਼ਰਵਰੀ 1921 ਨੂੰ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦਾਆਰਾ ਸ਼ਹੀਦਗੰਜ ਬਣਾਇਆ ਗਿਆ ਸੀ। 

ਗੁਰਦੁਆਰਾ ਸਾਹਿਬ ਦਾ ਗੁੰਬਦ

ਉਸ ਸਮੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਫਾਰੰਗੀਆਂ ਦੀ ਹਮਾਇਤ ਪ੍ਰਾਪਤ ਮਹੰਤ ਨਰਾਇਣ ਦਾਸ ਦਾ ਕਬਜ਼ਾ ਸੀ ਤੇ ਉਸ ਵੱਲੋਂ ਸ਼ਰੇਆਮ ਮਰਿਯਾਦਾ ਦੀਆਂ ਧੱਜੀਆਂ ਉਡਾ ਕੇ ਸਿੱਖ ਕੌਮ ਨੂੰ ਜ਼ਲ਼ੀਲ ਕੀਤਾ ਜਾਂਦਾ ਸੀ। ਕੰਜਰੀਆਂ ਨਚਾਈਆਂ ਜਾਂਦੀਆਂ ਸਨ ਤੇ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਆਉਦੀਆਂ ਸਿੱਖ ਬੱਚੀਆਂ ਤੇ ਨੌਜਵਾਨ ਸਿੱਖ ਬੀਬੀਆਂ ਨੂੰ ਮਹੰਤ ਤੇ ਉਸਦੇ ਗੁੰਡੇ ਆਪਣੀ ਹਬਸ ਦਾ ਸ਼ਿਕਾਰ ਬਣਾਉਂਦੇ ਸਨ। ਮਹੰਤ ਤੋਂ ਗੁਰਦੁਆਰਾ ਸਾਹਿਬ ਅਜ਼ਾਦ ਕਰਵਾਉਣ ਲਈ ਅਕਾਲ਼ੀਆਂ ਨੇ ਸੰਘਰਸ਼  ਸ਼ੁਰੂ ਕੀਤਾ ਸੀ ਜਿਸ ਵਿੱਚ ਪਿੰਡ ਦੇ 9 ਸਿੰਘ ਸ਼ਹੀਦ ਹੋ ਗਏ ਸਨ। 

ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅਜੀਤ ਸਿੰਘ ਨਿੱਝਰ ਨੇ ਦਸਿਆ ਕਿ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਧੰਨੂਆਣਾ ਚੱਕ 91 ਵਿੱਚ ਰਹਿੰਦਾ ਸੀ ਤੇ ਪਿੰਡ ਤੋਂ ਨਜ਼ਦੀਕ ਹੀ ਉਨ੍ਹਾਂ ਦਾ ਮੁਰੱਬਾ ਸੀ। ਭਾਈ ਨਿੱਝਰ ਨੇ ਦਸਿਆ ਕਿ 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਲੰਧਰ ਜ਼ਿਲੇ ਵਿੱਚ ਆਦਮਪੁਰ ਨਜ਼ਦੀਕ ਮਹਿਮਦਪੁਰ ਵਿੱਚ ਆ ਵੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾ ਦੇ ਦਾਦਾ ਸ. ਦੀਦਾਰ ਸਿੰਘ, ਪਿਤਾ ਪਰਗਾਸ਼ਾ ਸਿੰਘ, ਚਾਚਾ ਮਲਕੀਤ ਸਿੰਘ ਤੇ ਚਾਚਾ ਸ਼ਿੰਗਾਰਾ ਸਿੰਘ ਅਕਸਰ ਧਨੂੰਆਣੇ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਖ਼ਾਸਕਰ  ਦਾਦਾ ਦੀਦਾਰ ਸਿੰਘ ਤਾਂ ਅਕਸਰ ਉਦਾਸ ਹੋ ਜਾਇਆ ਕਰਦੇ ਸਨ ਤੇ ਕਿਹਾ ਕਰਦੇ ਸਨ ਕਿ ਵੰਡ ਨੇ ਸਭ ਕੁਝ ਉਜਾੜ ਦਿੱਤਾ। ਉਹ ਬਹੁਤ ਹੀ ਉਪਜਾਊ ਜ਼ਮੀਨ  ਦੇ ਮਾਲਕ ਸਨ। ਭਾਈ ਅਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਉਹ ਪਰਵਾਸ ਕਰਕੇ ਮਹਿਮਦਪੁਰ ਤੋਂ ਆਸਟ੍ਰੇਲੀਆ ਆ ਗਏ ਪਰ ਬਜ਼ੁਰਗਾਂ ਦਾ ਜੱਦੀ ਪਿੰਡ ਵੇਖਣ ਦੀ ਇੱਛਾ ਸਦਾ ਉਨ੍ਹਾਂ ਨੂੰ ਸਤਾਉਂਦੀ ਰਹੀ। ਇਸ ਵਾਰ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਗੁਰਪੁਰਬ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਵੱਲੋਂ ਸਿੱਖਾਂ ਦੀ ਚਿਰੋਕਣੀ ਮੰਗ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਐਲਾਨ ਕੀਤਾ ਗਿਆ ਤਾਂ ਦੁਨੀਆ ਭਰ ਤੋਂ ਸਿੱਖਾਂ ਨੇ ਪਾਕਿਸਤਾਨ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਆਸਟ੍ਰੇਲੀਆ ਤੋਂ ਪਾਕਿਸਤਾਨ ਗਏ ਜਥੇ ਵਿੱਚ ਭਾਈ ਅਜੀਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਤਰਨਜੀਤ ਕੌਰ ਨੂੰ ਪਾਕਿਸਤਾਨ ਆਉਣ ਦਾ ਮੌਕਾ ਮਿਲਿਆ। ਭਾਈ ਅਜੀਤ ਸਿੰਘ ਨੇ ਲਹਿੰਦੇ ਪੰਜਾਬ ਦੇ ਬ੍ਰਾਡਕਾਸਟਰ ਮਸੂਦ ਮੱਲੀ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾ ਦੀ ਧੰਨੂਆਣਾ ਫੇਰੀ ਦਾ ਸਾਰਾ ਸਿਹਰਾ ਮੱਲੀ ਨੂੰ ਜਾਂਦਾ ਹੈ ਜਿਸ ਦੇ ਯਤਨਾਂ ਕਾਰਨ ਉਨ੍ਹਾ ਦੀ ਬਚਪਨ ਦੀ ਇੱਛਾ ਪੂਰੀ ਹੋ ਸਕੀ ਹੈ। 


ਬੀਬੀਆਂ ਗਲਵੱਕੜੀ ਪਾ ਕੇ ਆਪਸੀ ਸਾਂਝ ਦਾ ਪ੍ਰਗਟਾਵਾ ਕਰਦੀਆਂ ਹੋਈਆਂ

ਜ਼ਿਕਰਯੋਗ ਹੈ ਕਿ ਅਜੀਤ ਸਿੰਘ ਦਾ ਨਿੱਝਰ ਪਰਵਾਰ ਸਿੱਖ ਰਾਜਨੀਤੀ ਵਿੱਚ ਪੰਜਾਬ ਤੇ ਆਸਟ੍ਰੇਲੀਆ ਦੋਵੇਂ ਜਗ੍ਹਾ ਸਰਗਰਮ ਹੈ। ਜਿੱਥੇ ਅਜੀਤ ਸਿੰਘ ਨਿੱਝਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਮੋਢੀ ਪ੍ਰਧਾਨ ਰਹੇ ਹਨ ਉਥੇ ਉਨ੍ਹਾਂ ਦੇ ਵੱਡੇ ਭਰਾ ਸ. ਤੀਰਥ ਸਿੰਘ ਨਿੱਝਰ ਆਸਟ੍ਰੇਲੀਆ ਦੇ ਸ਼ਹੀਦੀ ਟੂਰਨਾਮੈਂਟ ਗ੍ਰਿਫ਼ਤ ਦੇ ਮੋਢੀਆਂ ਚੋਂ ਹਨ ਤੇ ਕਈ ਵਾਰ ਗ੍ਰਿਫ਼ਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਦੇ ਮਹਿਮਦਪੁਰ ਰਹਿੰਦੇ  ਭਰਾ ਗੁਰਦਿਆਲ ਸਿੰਘ ਨਿੱਝਰ ਸ਼੍ਰੋਮਣੀ ਅਕਾਲੀ ਦਲ ਦੀ ਪੁਲੀਟਕਲ ਅਫੇਅਰਜ਼ ਕਮੇਟੀ ਦੇ ਮੈਂਬਰ ਹਨ ਅਤੇ ਪੰਜਾਬ ਐਗਰੋ ਇੰਡਸਟਰੀ ਦੇ ਡਿਪਟੀ ਚੇਅਰਮੈਨ ਰਹੇ ਹਨ।


ਨਿੱਝਰ ਪਰਿਵਾਰ ਨੂੰ ਇੱਟ ਯਾਦਗਾਰ ਵਜੋਂ ਦਿੰਦੇ ਹੋਏ

ਧਨੂਆਣਾ ਵਿੱਚ ਭਾਈ ਅਜੀਤ ਸਿੰਘ ਹੋਰਾਂ ਨੂੰ ਪਿੰਡ 'ਚ ਵੰਡ ਤੋਂ ਪਹਿਲਾਂ ਦੇ ਰਹਿੰਦੇ ਬਜ਼ੁਰਗ ਮਹੁੰਮਦ ਅਰਸ਼ , ਜ਼ਹੂਰ ਮਿਲੇ ਜਿਨ੍ਹਾਂ ਨੇ ਵੰਡ ਤੋਂ ਪਹਿਲਾਂ ਪਿੰਡ ਰਹਿੰਦੇ ਸਿੱਖ ਪਰਵਾਰਾਂ ਨਾਲ ਯਾਦਾਂ ਸਾਂਝੀਆਂ ਕੀਤੀਆਂ। ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਤੋਂ ਧਨੂਆਣੇ ਆ ਕੇ ਵੱਸੇ ਬਜ਼ੁਰਗ ਮਹਿਬੂਬ, ਅਬਦੁਲ ਹਮੀਦ ਤੇ ਅਬਦੁਲ ਰਹਿਮਾਨ ਮਿਲੇ। ਜਿੰਨ੍ਹਾ ਨੇ ਚੜ੍ਹਦੇ ਪੰਜਾਬ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਪਿੰਡ ਵਾਸੀਆਂ ਵੱਲੋਂ ਭਾਈ ਅਜੀਤ ਸਿੰਘ ਨਿੱਝਰ ਨੂੰ ਗੁਰਦੁਆਰਾ ਸਾਹਿਬ ਦੀ ਇਕ ਇੱਟ ਯਾਦਗਾਰੀ ਚਿੰਨ੍ਹ ਵਜੋਂ ਭੇਟ ਕੀਤੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।