ਜੇ ਰਾਸ਼ਟਰਪਤੀ ਬਣਿਆ ਤਾਂ ਅਫਗਾਨੀ ਸਿੱਖਾਂ ਨੂੰ ਅਮਰੀਕਾ ਵਿਚ ਸ਼ਰਨ ਦਵਾਂਗਾ: ਜੋਇ ਬਿਡਨ

ਜੇ ਰਾਸ਼ਟਰਪਤੀ ਬਣਿਆ ਤਾਂ ਅਫਗਾਨੀ ਸਿੱਖਾਂ ਨੂੰ ਅਮਰੀਕਾ ਵਿਚ ਸ਼ਰਨ ਦਵਾਂਗਾ: ਜੋਇ ਬਿਡਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋਇ ਬਿਡਨ ਨੇ ਅਫਗਾਨਿਸਤਾਨ ਵਿਚ ਸਿੱਖ ਅਤੇ ਹਿੰਦੂ ਘੱਟਗਿਣਤੀਆਂ ਖਿਲਾਫ ਹੋਏ ਹਮਲਿਆਂ 'ਤੇ ਫਿਕਰ ਪ੍ਰਗਟ ਕਰਦਿਆਂ ਇਹਨਾਂ ਨੂੰ ਅਮਰੀਕਾ ਵਿਚ ਸ਼ਰਨਾਰਥੀ ਵਜੋਂ ਲਿਆਉਣ ਦਾ ਸੁਝਾਅ ਦਿੱਤਾ ਹੈ। ਉਹਨਾਂ ਕਿਹਾ ਕਿ ਜੇ ਉਹ ਚੋਣ ਜਿੱਤ ਕੇ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਇਹਨਾਂ ਸਿੱਖਾਂ ਅਤੇ ਹਿੰਦੂਆਂ ਨੂੰ ਸ਼ਰਨਾਰਥੀ ਦਰਜਾ ਦੇਣਗੇ।

ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਕਾਬਲ ਸਥਿਤ ਗੁਰਦੁਆਰਾ ਗੁਰੂ ਹਰਿ ਰਾਏ ਸਾਹਿਬ 'ਤੇ ਵੱਡਾ ਹਮਲਾ ਹੋਇਆ ਸੀ, ਜਿਸ ਵਿਚ ਦੋ ਦਰਜਨ ਤੋਂ ਵੱਧ ਸਿੱਖ ਕਤਲ ਹੋਏ ਸਨ। 

ਬਿਡਨ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਉਹਨਾਂ ਦੀ ਸਰਕਾਰ ਸ਼ਰਨਾਰਥੀ ਨੀਤੀ ਵਿਚ ਤਬਦੀਲੀ ਲਿਆਵੇਗੀ ਤੇ ਉਹ ਸ਼ਰਨਾਰਥੀ ਲੋਕਾਂ ਨੂੰ ਅਮਰੀਕਾ ਵਿਚ ਸ਼ਰਨ ਦੇਣ ਦੀ ਦਰ ਵਧਾਉਣਗੇ। 

ਕੌਮਾਂਤਰੀ ਧਾਰਮਿਕ ਅਜ਼ਾਦੀਆਂ ਬਾਰੇ ਅਮਰੀਕੀ ਕਮਿਸ਼ਨ ਦੇ ਮੁਖੀ ਸੈਮ ਬਰੌਨਬੈਕ ਨੇ ਸਿੱਖਾਂ ਨੂੰ ਸ਼ਾਨਦਾਰ, ਸ਼ਾਂਤਮਈ ਅਤੇ ਧਾਰਮਿਕ ਲੋਕਾਂ ਦਾ ਸਮੂਹ ਦਸਦਿਆਂ ਸਿੱਖਾਂ 'ਤੇ ਹੋਏ ਹਮਲੇ ਨੂੰ ਬੇਹੱਦ ਦੁਖਦਾਈ ਘਟਨਾ ਦੱਸਿਆ।

ਬਰੌਨਬੈਕ ਨੇ ਕਿਹਾ ਕਿ ਅਫਗਾਨਿਸਤਾਨ ਦੇ ਸਿੱਖਾਂ ਨੂੰ ਅਮਰੀਕਾ, ਕੈਨੇਡਾ, ਪਾਕਿਸਤਾਨ ਅਤੇ ਭਾਰਤ ਵਿਚ ਵਸਾਉਣ ਲਈ ਗੱਲਾਂ ਚੱਲ ਰਹੀਆਂ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।