ਜੰਮੂ ਕਸ਼ਮੀਰ ਦੀ ਸਿਆਸਤ: ਕਸ਼ਮੀਰੀ ਇਕਜੁੱਟ, ਭਾਜਪਾ ਹਮਲਾਵਰ, ਕਾਂਗਰਸ ਬੌਂਦਲੀ 

ਜੰਮੂ ਕਸ਼ਮੀਰ ਦੀ ਸਿਆਸਤ: ਕਸ਼ਮੀਰੀ ਇਕਜੁੱਟ, ਭਾਜਪਾ ਹਮਲਾਵਰ, ਕਾਂਗਰਸ ਬੌਂਦਲੀ 

ਅੰਮ੍ਰਿਤਸਰ ਟਾਈਮਜ਼ ਬਿਊਰੋ
ਜੰਮੂ ਕਸ਼ਮੀਰ ਦੀਆਂ ਖੇਤਰੀ ਪਾਰਟੀਆਂ ਵੱਲੋਂ ਸੂਬੇ ਦੇ ਖਾਸ ਹੱਕਾਂ ਨੂੰ ਮੁੜ ਬਹਾਲ ਕਰਾਉਣ ਲਈ ਬਣਾਏ ਗਏ ਸਿਆਸੀ ਗਠਜੋੜ 'ਗੁਪਕਾਰ' ਨੂੰ ਭਾਰਤ ਦੀ ਕੇਂਦਰੀ ਸਿਆਸਤ ਨੇ ਦੇਸ਼ ਧ੍ਰੋਹੀ ਐਲਾਨਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਗੁਪਕਾਰ ਗਠਜੋੜ ਦੀਆਂ ਮੁੱਖ ਧਿਰਾਂ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਉਹ ਪਾਰਟੀਆਂ ਹਨ ਜਿਹਨਾਂ ਨੂੰ ਕਸ਼ਮੀਰ ਵਿਚ 'ਹਿੰਦ ਨਵਾਜ਼' ਪਾਰਟੀਆਂ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਪਾਰਟੀਆਂ ਪਿਛਲੇ ਕਈ ਦਹਾਕਿਆਂ ਤੋਂ ਕਸ਼ਮੀਰ ਵਿਚ ਭਾਰਤੀ ਸਿਆਸਤ ਨੂੰ ਪੱਕੇਂ ਪੈਰੀਂ ਕਰਨ ਦਾ ਕੰਮ ਕਰਦੀਆਂ ਰਹੀਆਂ। 

ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ (ਪੀਏਜੀਡੀ) ਨੂੰ ‘ਨਾਪਾਕ ਆਲਮੀ ਗੱਠਜੋੜ’ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਦੀ ਸ਼ਮੂਲੀਅਤ ਵਾਲਾ ਇਹ ਗੱਠਜੋੜ ਜੰਮੂ ਤੇ ਕਸ਼ਮੀਰ ਨੂੰ ਕਥਿਤ ਮੁੜ ‘ਖੌਫ਼ ਤੇ ਅਸ਼ਾਂਤੀ’ ਦੇ ਯੁੱਗ ਵਿੱਚ ਲਿਜਾਣਾ ਚਾਹੁੰਦਾ ਹੈ। ਸ਼ਾਹ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ ‘ਗੁਪਕਾਰ ਗੈਂਗ ਆਲਮੀ ਪੱਧਰ ’ਤੇ ਪੈਰ ਪਸਾਰ ਰਿਹੈ’ ਤੇ ਚਾਹੁੰਦਾ ਹੈ ਕਿ ਵਿਦੇਸ਼ੀ ਤਾਕਤਾਂ ਜੰਮੂ ਤੇ ਕਸ਼ਮੀਰ ਵਿੱਚ ਦਖ਼ਲ ਦੇਣ। ਖੇਤਰੀ ਤੇ ਕੌਮੀ ਸਿਆਸੀ ਪਾਰਟੀਆਂ ਦੀ ਸ਼ਮੂਲੀਅਤ ਵਾਲਾ ਇਹ ਗੱਠਜੋੜ (ਪੀਏਜੀਡੀ) ਜੰਮੂ ਤੇ ਕਸ਼ਮੀਰ ਵਿੱਚ ਧਾਰਾ 370, ਜਿਸ ਨੂੰ ਪਿਛਲੇ ਸਾਲ ਮਨਸੂਖ ਕਰ ਦਿੱਤਾ ਗਿਆ ਸੀ, ਦੀ ਬਹਾਲੀ ਲਈ ਹੋਂਦ ਵਿੱਚ ਆਇਆ ਸੀ।

ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਦੀ ਪਾਰਟੀ ਭਾਜਪਾ ਨੇ ਪੀਡੀਪੀ ਨਾਲ ਕੁੱਝ ਸਮਾਂ ਪਹਿਲਾਂ ਹੀ ਜੰਮੂ ਕਸ਼ਮੀਰ ਵਿਚ ਇਕੱਠਿਆਂ ਮਿਲ ਕੇ ਸਰਕਾਰ ਬਣਾਈ ਸੀ। ਪਰ 2019 ਵਿਚ ਜੰਮੂ ਕਸ਼ਮੀਰ ਨੂੰ ਸਥਾਨਕ ਖੁਦਮੁਖਤਿਆਰੀ ਦਿੰਦੀ ਧਾਰਾ 370 ਖਤਮ ਕਰਨ ਤੋਂ ਬਾਅਦ ਭਾਰਤ ਦੀ ਸਿਆਸਤ ਲਈ ਹੁਣ ਕਸ਼ਮੀਰ ਦੀਆਂ ਹਿੰਦ ਨਵਾਜ਼ ਪਾਰਟੀਆਂ ਵੀ ਦੇਸ਼ ਧ੍ਰੋਹੀ ਹੋ ਗਈਆਂ ਹਨ।

ਜੇ ਕਾਂਗਰਸ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿਚ ਵੀ ਕਾਂਗਰਸ ਦੀ ਨੀਤੀ ਸਪਸ਼ਟ ਨਹੀਂ ਹੈ। ਜਿੱਥੇ ਪਹਿਲਾਂ ਕਾਂਗਰਸ ਨੇ ਅਗਸਤ ਮਹੀਨੇ ਵਿਚ ਗੁਪਕਾਰ ਗਠਜੋੜ ਵਿਚ ਸ਼ਾਮਲ ਪਾਰਟੀਆਂ ਨਾਲ ਮਿਲ ਕੇ ਬਿਆਨ ਜਾਰੀ ਕੀਤਾ ਸੀ ਕਿ ਧਾਰਾ 370 ਮੁੜ ਬਹਾਲ ਹੋਣੀ ਚਾਹੀਦੀ ਹੈ ਉੱਥੇ ਹੁਣ ਕਾਂਗਰਸ ਭਾਜਪਾ ਦੇ ਥੋੜੇ ਜਿਹੇ ਹਮਲੇ ਦੀ ਝੇਪ ਮੰਨਦਿਆਂ ਖੁਦ ਨੂੰ ਗੁਪਕਾਰ ਗਠਜੋੜ ਨਾਲੋਂ ਅਲਹਿਦਾ ਸਾਬਤ ਕਰਨ ਵਿਚ ਲੱਗੀ ਹੋਈ ਹੈ। 

ਅਮਿਤ ਸ਼ਾਹ ਨੇ ਕਾਂਗਰਸ 'ਤੇ ਦੋਸ਼ ਲਾਉਂਦਿਆਂ ਕਿਹਾ, "ਕਾਂਗਰਸ ਤੇ ਗੁਪਕਾਰ ਗੈਂਗ ਜੰਮੂ ਤੇ ਕਸ਼ਮੀਰ ਨੂੰ ਮੁੜ ਖੌਫ਼ ਤੇ ਅਸ਼ਾਂਤੀ ਦੇ ਯੁੱਗ ਵਿੱਚ ਲਿਜਾਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਦਲਿਤਾਂ, ਔਰਤਾਂ ਤੇ ਕਬਾਇਲੀ ਲੋਕਾਂ ਨੂੰ ਦਿੱਤੇ ਹੱਕਾਂ, ਜੋ ਅਸੀਂ ਧਾਰਾ 370 ਨੂੰ ਮਨਸੂਖ਼ ਕਰਕੇ ਯਕੀਨੀ ਬਣਾਏ ਸੀ, ਨੂੰ ਖੋਹ ਲਿਆ ਜਾਵੇ। ਇਹੀ ਵਜ੍ਹਾ ਹੈ ਕਿ ਲੋਕ ਹਰ ਥਾਂ ’ਤੇ ਉਨ੍ਹਾਂ ਨੂੰ ਨਕਾਰ ਕਰ ਰਹੇ ਹਨ।" 

ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ ਤੇ ਰਹੇਗਾ ਅਤੇ ਦੇਸ਼ ਦੇ ਲੋਕ ਭਾਰਤ ਦੇ ਕੌਮੀ ਹਿੱਤ ਖ਼ਿਲਾਫ਼ ਬਣਾਏ ਇਸ ਨਾਪਾਕ ‘ਆਲਮੀ ਗੱਠਜੋੜ’ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ। 

ਸ਼ਾਹ ਨੇ ਕਿਹਾ, "ਗੁਪਕਾਰ ਗੈਂਗ ਦੇਸ਼ ਦੇ ਮਿਜ਼ਾਜ ਮੁਤਾਬਕ ਤਰੇ ਜਾਂ ਫਿਰ ਲੋਕ ਇਸ ਨੂੰ ਡੋਬ ਦੇਣਗੇ।" ਗ੍ਰਹਿ ਮੰਤਰੀ ਨੇ ਕਾਂਗਰਸ ਆਗੂਆਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਪੀਏਜੀਡੀ ਦੀ ਹਮਾਇਤ ਬਾਰੇ ਵੀ ਸਵਾਲ ਕੀਤੇ। ਉਨ੍ਹਾਂ ਕਿਹਾ, "ਗੁਪਕਾਰ ਗੈਂਗ ਨੇ ਭਾਰਤ ਦੇ ਤਿਰੰਗੇ ਦਾ ਵੀ ਨਿਰਾਦਰ ਕੀਤਾ ਹੈ। ਕੀ ਸੋਨੀਆ ਜੀ ਤੇ ਰਾਹੁਲ ਜੀ ਗੁਪਕਾਰ ਗੈਂਗ ਦੀ ਅਜਿਹੀ ਪੇਸ਼ਕਦਮੀ ਦੀ ਹਮਾਇਤ ਕਰਦੇ ਹਨ? ਉਨ੍ਹਾਂ ਨੂੰ ਭਾਰਤ ਦੇ ਲੋਕਾਂ ਮੂਹਰੇ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ।"

ਕਾਂਗਰਸ ਨੇ ਅਮਿਤ ਸ਼ਾਹ ਦੇ ਦਾਅਵਿਆਂ ਨੂੰ ‘ਮਨਘੜਤ ਤੇ ਬੇਬੁਨਿਆਦ’ ਕਰਾਰ ਦਿੱਤਾ ਹੈ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਟਵਿੱਟਰ ’ਤੇ ਦੋ ਸਫ਼ਿਆਂ ਦਾ ਇਕ ਬਿਆਨ ਪੋਸਟ ਕਰਦਿਆਂ ਸ਼ਾਹ ’ਤੇ ਜੰਮੂ ਤੇ ਕਸ਼ਮੀਰ ਬਾਰੇ ਸ਼ਰਾਰਤੀ ਬਿਆਨ ਦੇਣ ਦਾ ਦੋਸ਼ ਲਾਇਆ ਹੈ। ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਕਸ਼ਮੀਰ ਮੁੱਦੇ ’ਤੇ ਵਿਦੇਸ਼ੀ ਦਖ਼ਲ ਦੀ ਕਦੇ ਵੀ ਹਾਮੀ ਨਹੀਂ ਰਹੀ ਤੇ ਪਾਰਟੀ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਤੇ ਤਿਰੰਗੇ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ, ‘ਸ਼ਾਇਦ ਅਮਿਤ ਸ਼ਾਹ ਤੇ ਮੋਦੀ ਸਰਕਾਰ ਨੂੰ ਰਾਸ਼ਟਰਵਾਦ ’ਤੇ ਨਵੇਂ ਸਬਕ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀ ਪਿੱਤਰੀ ਸੰਸਥਾ ਆਰਐੱਸਐੱਸ ਨੇ ਆਜ਼ਾਦੀ ਤੋਂ 52 ਸਾਲਾਂ ਮਗਰੋਂ ਵੀ ਆਪਣੇ ਹੈੱਡਕੁਆਰਟਰ ’ਤੇ ਤਿਰੰਗਾ ਨਹੀਂ ਫਹਿਰਾਇਆ।’ ਉਧਰ ਸ੍ਰੀਨਗਰ ਵਿੱਚ ਜੰਮੂ ਤੇ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ਪਾਰਟੀ ਨਾ ਤਾਂ ‘ਪੀਏਜੀਡੀ’ ਦਾ ਹਿੱਸਾ ਹੈ ਤੇ ਨਾ ਹੀ ਉਸ ਨੇ ਗੱਠਜੋੜ ਦੀ ਕਿਸੇ ਮੀਟਿੰਗ ’ਚ ਸ਼ਮੂਲੀਅਤ ਕੀਤੀ ਹੈ।

ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ਾਹ ਵੱਲੋਂ ਕੀਤੀਆਂ ਟਿੱਪਣੀਆਂ ਦੇ ਪ੍ਰਤੀਕ੍ਰਮ ਵਿੱਚ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਦੀ ਨਿਰਾਸ਼ਾ ਨੂੰ ਸਮਝ ਸਕਦੇ ਹਨ। ਉਮਰ ਨੇ ਕਿਹਾ, ‘ਅਮਿਤ ਸ਼ਾਹ ਜੀ ਅਸੀਂ ਗੈਂਗ ਨਹੀਂ ਹਾਂ। ਅਸੀਂ ਕਾਨੂੰਨੀ ਤੌਰ ’ਤੇ ਜਾਇਜ਼ ਸਿਆਸੀ ਗੱਠਜੋੜ ਹਾਂ, ਜੋ ਪਹਿਲਾਂ ਵੀ ਚੋਣਾਂ ਲੜਦਾ ਰਿਹਾ ਹੈ ਤੇ ਅੱਗੋਂ ਵੀ ਜਾਰੀ ਰੱਖੇਗਾ।’ ਉਮਰ ਨੇ ਕਿਹਾ, ‘ਮੈਂ ਸਤਿਕਾਰਯੋਗ ਗ੍ਰਹਿ ਮੰਤਰੀ ਦੇ ਇਸ ਹਮਲੇ ਪਿਛਲੀ ਨਿਰਾਸ਼ਾ ਨੂੰ ਸਮਝ ਸਕਦਾ ਹਾਂ। ਨਿਰਾਸ਼ਾ ਦੀ ਅਸਲ ਵਜ੍ਹਾ ਸਿਆਸੀ ਗੱਠਜੋੜ (ਪੀਏਜੀਡੀ) ਵੱਲੋਂ ਅਗਾਮੀ ਸਥਾਨਕ ਚੋਣਾਂ ਲੜਨ ਲਈ ਕੀਤਾ ਗਿਆ ਫੈਸਲਾ ਹੈ ਕਿਊਂਕਿ ਇਸ ਨਾਲ ਭਾਜਪਾ ਤੇ ਉਹਦੇ ਭਾਈਵਾਲਾਂ ਨੂੰ ਖੁੱਲ੍ਹੀ ਖੇਡ ਦਾ ਮੌਕਾ ਨਹੀਂ ਮਿਲੇਗਾ।’

ਪੀਡੀਪੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਬੇਰੁਜ਼ਗਾਰੀ ਤੇ ਮਹਿੰਗਾਈ ਜਿਹੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਵੱਲ ਸੇਧਤ ਹਨ। ਉਨ੍ਹਾਂ ਕਿਹਾ, ‘ਭਾਰਤ ਵਿੱਚ ਵੰਡੀਆਂ ਪਾ ਕੇ ਖ਼ੁਦ ਨੂੰ ਰੱਖਿਅਕ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਅੰਦਰਲੇ ਤੇ ਕਲਪਿਤ ਦੁਸ਼ਮਣ ਦੱਸਣ ਦੀ ਭਾਜਪਾ ਦੀ ਇਹ ਜੁਗਤ ਕਾਫ਼ੀ ਬੇਹੀ ਤੇ ਪੁਰਾਣੀ ਹੈ। ਵਧਦੀ ਬੇਰੁਜ਼ਗਾਰੀ ਤੇ ਮਹਿੰਗਾਈ ਜਿਹੇ ਮੁੱਦਿਆਂ ਦੀ ਥਾਂ ਲਵ ਜੇਹਾਦ, ਟੁਕੜੇ ਟੁਕੜੇ ਤੇ ਹੁਣ ਗੁਪਕਾਰ ਗੈਂਗ ਜਿਹੇ ਸਿਆਸੀ ਮੁੱਦੇ ਭਾਰੂ ਹਨ।’