ਟਰੰਪ ਨੇ ਫੜੀ ਰਾਸ਼ਟਰਪਤੀ ਬਣੇ ਰਹਿਣ ਦੀ ਜ਼ਿੱਦ, ਸਮਰਥਕਾਂ ਨੇ ਸੜਕਾਂ ਮੱਲੀਆਂ

ਟਰੰਪ ਨੇ ਫੜੀ ਰਾਸ਼ਟਰਪਤੀ ਬਣੇ ਰਹਿਣ ਦੀ ਜ਼ਿੱਦ, ਸਮਰਥਕਾਂ ਨੇ ਸੜਕਾਂ ਮੱਲੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਵਿਚ ਭਾਵੇਂ ਕਿ ਡੈਮੋਕਰੈਟ ਉਮੀਦਵਾਰ ਜੋ ਬਾਇਡੇਨ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਅਤੇ ਦੁਨੀਆ ਦੇ ਕਈ ਮੁਲਕਾਂ ਦੇ ਪ੍ਰਮੁੱਖ ਆਗੂ ਜੋ ਨੂੰ ਰਾਸ਼ਟਰਪਤੀ ਚੋਣ ਜਿੱਤਣ ਦੀਆਂ ਮੁਬਾਰਕਾਂ ਵੀ ਦੇ ਚੁੱਕੇ ਹਨ ਪਰ ਰਿਪਬਲਿਕਨ ਉਮੀਦਵਾਰ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਅਹੁਦਾ ਛੱਡਣ ਲਈ ਤਿਆਰ ਨਹੀਂ ਹਨ। ਟਰੰਪ ਵੱਲੋਂ ਵੋਟਾਂ ਦੀ ਗਿਣਤੀ ਵਿਚ ਧਾਂਦਲੀ ਦਾ ਦੋਸ਼ ਲਾਇਆ ਜਾ ਰਿਹਾ ਹੈ ਅਤੇ ਟਰੰਪ ਦੇ ਸਮਰਥਕ ਹਜ਼ਾਰਾਂ ਦੀ ਗਿਣਤੀ ਵਿਚ ਇਸ ਦਾਅਵੇ ਦਾ ਸਮਰਥਨ ਕਰਦਿਆਂ ਸੜਕਾਂ 'ਤੇ ਵੀ ਉੱਤਰ ਰਹੇ ਹਨ। 

ਵਾਸ਼ਿੰਗਟਨ ਡੀਸੀ ਵਿਚ ਟਰੰਪ ਦੇ ਹਜ਼ਾਰਾਂ ਸਮਰਥਕ ਸੜਕਾਂ 'ਤੇ ਆਏ। ਇਹਨਾਂ ਵਿਚੋਂ ਕਈਆਂ ਨੇ ਸਿਰਾਂ 'ਤੇ ਲੋਹ ਟੋਪ ਅਤੇ ਗੋਲੀ ਤੋਂ ਬਚਾਅ ਕਰਨ ਵਾਲੀਆਂ ਜੈਕਟਾਂ ਪਾਈਆਂ ਹੋਈਆਂ ਸਨ। ਟਰੰਪ ਸਮਰਥਕਾਂ ਨਾਲ ਇਸ ਭੀੜ ਵਿਚ ਫਾਰ-ਰਾਈਟ ਧੜਿਆਂ ਦੇ ਲੋਕ ਵੀ ਦੇਖੇ ਗਏ ਜਿਹਨਾਂ ਨੂੰ ਅਮਰੀਕਾ ਦੇ ਰਾਜਨੀਤਕ ਢਾਂਚੇ ਲਈ ਖਤਰਾ ਮੰਨਿਆ ਜਾਂਦਾ ਹੈ।

ਟਰੰਪ ਸਮਰਥਕਾਂ ਦੀ ਇਸ ਭੀੜ ਦਾ ਟਰੰਪ ਵਿਰੋਧੀਆਂ ਨਾਲ ਹਿੰਸਕ ਟਕਰਾਅ ਹੋਇਆ ਜਿਸ ਵਿਚ ਮੁਜ਼ਾਹਰਾਕਾਰੀ ਅਤੇ ਪੁਲਸ ਮੁਲਾਜ਼ਮ ਫੱਟੜ ਹੋਏ। ਵਾਸ਼ਿੰਗਟਨ ਪੁਲੀਸ ਮੁਤਾਬਕ ਕਰੀਬ 20 ਜਣੇ ਜ਼ਖ਼ਮੀ ਹੋਏ ਹਨ। ਇਹ ਟਕਰਾਅ ਕਈ ਮਿੰਟ ਚੱਲਦਾ ਰਿਹਾ। 

ਸੀਐਨਐਨ ਦੀ ਰਿਪੋਰਟ ਮੁਤਾਬਕ ਦੋਵਾਂ ਗਰੁੱਪਾਂ ਨੇ ਹੱਥਾਂ ਵਿਚ ਡੰਡੇ ਫੜੇ ਹੋਏ ਸਨ ਤੇ ਇਕ-ਦੂਜੇ ਨਾਲ ਧੱਕਾ-ਮੁੱਕੀ ਕੀਤੀ। ਪੁਲੀਸ ਨੇ ਮਗਰੋਂ ਦੋਵਾਂ ਧੜਿਆਂ ਨੂੰ ਇਕ-ਦੂਜੇ ਤੋਂ ਦੂਰ ਕੀਤਾ। ‘ਮੇਕ ਅਮੈਰਿਕਾ ਗਰੇਟ ਅਗੇਨ’ (ਮਾਗਾ) ਰੈਲੀ ਵਿਚ ਲੋਕ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਵਾਸ਼ਿੰਗਟਨ ਡੀਸੀ ਪੁੱਜੇ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟਰੰਪ ਚੋਣ ਜਿੱਤਿਆ ਹੈ ਤੇ ਉਹ ਆਪਣੇ ਆਗੂ ਦੇ ਸਮਰਥਨ ਲਈ ਇੱਥੇ ਆਏ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਹਾਲੇ ਤੱਕ ਆਪਣੀ ਹਾਰ ਕਬੂਲੀ ਨਹੀਂ ਹੈ। ਬਿਨਾਂ ਕਿਸੇ ਸਬੂਤ ਡੋਨਲਡ ਟਰੰਪ ਦੋਸ਼ ਲਾ ਰਹੇ ਹਨ ਕਿ ਚੋਣਾਂ ਵਿਚ ਧੋਖਾ ਹੋਇਆ ਹੈ ਤੇ ਅਹਿਮ ਸੂਬਿਆਂ ਵਿਚ ਗਲਤ ਚੋਣ ਪ੍ਰਕਿਰਿਆ ਕਾਰਨ ਉਹ ਲੱਖਾਂ ਵੋਟਾਂ ਤੋਂ ਵਾਂਝੇ ਰਹਿ ਗਏ ਹਨ। 

ਦੱਸਣਯੋਗ ਹੈ ਕਿ ਟਰੰਪ ਵਰਜੀਨੀਆ ਉਪਨਗਰੀ ਗੋਲਫ਼ ਕੋਰਸ ਜਾਂਦੇ ਸਮੇਂ ਮੁਜ਼ਾਹਰਾਕਾਰੀਆਂ ਵੱਲ ਹੱਥ ਹਿਲਾ ਕੇ ਲੰਘੇ ਸਨ। ਬਾਅਦ ਵਿਚ ਟਰੰਪ ਨੇ ਟਵੀਟ ਕਰਦਿਆਂ ਦੋਸ਼ ਲਾਇਆ ਕਿ ਖ਼ਬਰ ਚੈਨਲ ਉਨ੍ਹਾਂ ਦੇ ਸਮਰਥਨ ਵਿਚ ਇਕੱਠੇ ਹਜ਼ਾਰਾਂ ਲੋਕਾਂ ਨੂੰ ਨਹੀਂ ਦਿਖਾ ਰਹੇ ਹਨ। ਰਾਸ਼ਟਰਪਤੀ ਨੇ ਮੀਡੀਆ ’ਤੇ ਵੀ ਨਿਸ਼ਾਨਾ ਸੇਧਿਆ ਤੇ ਕਿਹਾ ਕਿ ‘ਜਾਅਲੀ ਮੀਡੀਆ ਚੁੱਪ ਹੈ।’ ਡੋਨਲਡ ਟਰੰਪ ਨੇ ਮਗਰੋਂ ਵਿਰੋਧੀ ਮੁਜ਼ਾਹਰਾਕਾਰੀਆਂ ਦਾ ਮਜ਼ਾਕ ਵੀ ਉਡਾਇਆ ਤੇ ਕਿਹਾ ਕਿ ਹਿੰਸਾ ਮਗਰੋਂ ਉਹ ਮੌਕੇ ਤੋਂ ਦੌੜ ਗਏ।

ਮੈਰੀਕੋਪਾ ਕਾਊਂਟੀ ਦੀ ਅਦਾਲਤ ਵੱਲੋਂ ਵੋਟਾਂ ਦੀ ਮੁੜ ਪੜਤਾਲ ਬਾਰੇ ਟਰੰਪ ਦੀ ਚੋਣ ਪਟੀਸ਼ਨ ਰੱਦ
ਸੈਕਰਾਮੈਂਟੋ ਕੈਲੀਫੋਰਨੀਆ, (ਹੁਸਨ ਲੜੋਆ ਬੰਗਾ): ਰਿਪਬਲੀਕਨ ਅਧਿਕਾਰੀਆਂ ਦੀ ਐਰੀਜ਼ੋਨਾ ਦੀ ਮੈਰੀਕੋਪਾ ਕਾਊਂਟੀ ਦੀਆਂ ਵੋਟਾਂ ਦੀ ਮੁੜ ਪੜਤਾਲ ਕਰਵਾਉਣ ਦੀ ਕੋਸ਼ਿਸ਼ ਉਸ ਵੇਲੇ ਨਾਕਾਮ ਹੋ ਗਈ ਜਦੋਂ ਕਾਊਂਟੀ ਦੀ ਸੁਪੀਰੀਅਰ ਅਦਾਲਤ ਦੇ ਜੱਜ ਡੈਨੀਅਲ ਕਿਲੇ ਨੇ ਇਸ ਸਬੰਧੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰਫੋਂ ਰਿਪਬਲੀਕਨ ਨੈਸ਼ਨਲ ਕਮੇਟੀ ਤੇ ਐਰੀਜ਼ੋਨਾ ਰਿਪਬਲੀਕਨ ਪਾਰਟੀ ਵੱਲੋਂ ਦਾਇਰ ਚੋਣ ਪਟੀਸ਼ਨ ਰੱਦ ਕਰ ਦਿੱਤੀ। 

ਇਸ ਫੈਸਲੇ ਤੋਂ ਬਾਅਦ ਟਰੰਪ ਸਮਰਥਕਾਂ ਵੱਲੋਂ ਕਾਨੂੰਨੀ ਲੜਾਈ ਜਾਰੀ ਰਖਣ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਰਿਪਬਲੀਕਨ ਅਧਿਕਾਰੀਆਂ ਵੱਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ 3 ਨਵੰਬਰ ਨੂੰ ਮੱਤਦਾਨ ਵਾਲੇ ਦਿਨ ਹਜਾਰ ਲੋਕ ਵੋਟ ਪਾਉਣ ਤੋਂ ਰਹਿ ਗਏ ਹਨ। ਇਨ੍ਹਾਂ ਲੋਕਾਂ  ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵੰਚਿਤ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਜਾਅਲੀ ਵੋਟਾਂ ਪਈਆਂ ਹਨ। ਕਈ ਮੱਤਦਾਤਾ ਨੇ ਇਕ ਤੋਂ ਵਧ ਉਮੀਦਵਾਰਾਂ ਦੇ ਹੱਕ ਵਿਚ ਨਿਸ਼ਾਨ ਲਾਏ ਹਨ। ਪਟੀਸ਼ਨ ਵਿਚ ਮੰਗ ਕੀਤੀ ਗਈ ਸੀ ਕਿ ਚੋਣ ਅਧਿਕਾਰੀ ਮੈਰੀਕੋਪਾ ਕਾਊਂਟੀ ਵਿਚ ਅਜਿਹੀਆਂ ਵੋਟਾਂ ਦੀ ਪਛਾਣ ਕਰਨ ਜੋ ਜਾਇਜ਼ ਨਹੀਂ ਹਨ। 6 ਘੰਟਿਆਂ ਦੀ ਸੁਣਵਾਈ ਤੋਂ ਬਾਅਦ ਜੱਜ ਨੇ ਰਿਪਬਲੀਕਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ।