ਵਿਦਿਆਰਥੀ ਜਥੇਬੰਦੀ 'ਸੱਥ' ਵੱਲੋਂ ਸ਼ਹੀਦ ਸਿੱਖ ਵਿਦਿਆਰਥੀਆਂ ਦੇ ਇਨਸਾਫ ਲਈ 4 ਫਰਵਰੀ ਨੂੰ ਕੀਤੇ ਜਾਣਗੇ ਪ੍ਰਦਰਸ਼ਨ

ਵਿਦਿਆਰਥੀ ਜਥੇਬੰਦੀ 'ਸੱਥ' ਵੱਲੋਂ ਸ਼ਹੀਦ ਸਿੱਖ ਵਿਦਿਆਰਥੀਆਂ ਦੇ ਇਨਸਾਫ ਲਈ 4 ਫਰਵਰੀ ਨੂੰ ਕੀਤੇ ਜਾਣਗੇ ਪ੍ਰਦਰਸ਼ਨ

ਚੰਡੀਗੜ੍ਹ: ਨਕੋਦਰ ਵਿਚ 4 ਫਰਵਰੀ 1986 ਨੂੰ ਪੰਜਾਬ ਪੁਲਸ ਅਤੇ ਭਾਰਤੀ ਸੁਰੱਖਿਆ ਬਲਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਰੋਸ ਕਰ ਰਹੀਆਂ ਸਿੱਖ ਸੰਗਤਾਂ 'ਤੇ ਹਮਲਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਿਤ ਚਾਰ ਸਿੱਖ ਵਿਦਿਆਰਥੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਇਹਨਾਂ ਸ਼ਹਾਦਤਾਂ ਦਾ ਇਨਸਾਫ ਅੱਜ ਤਕ ਸਿੱਖਾਂ ਨੂੰ ਨਹੀਂ ਮਿਲਿਆ ਤੇ ਵਿਦਿਆਰਥੀ ਜਥੇਬੰਦੀ 'ਸੱਥ' ਵੱਲੋਂ ਸਿੱਖ ਯੂਥ ਆਫ ਪੰਜਾਬ ਅਤੇ ਹੋਰ ਮਨੁੱਖੀ ਅਧਿਕਾਰ ਜਥੇਬੰਦੀਆਂ ਨਾਲ ਮਿਲ ਕੇ 4 ਫਰਵਰੀ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਇਹਨਾਂ ਸ਼ਹੀਦ ਵਿਦਿਆਰਥੀਆਂ ਨੂੰ ਯਾਦ ਕਰਦਿਆਂ ਅੱਜ ਤਕ ਦੋਸ਼ੀ ਅਫਸਰਾਂ ਨੂੰ ਸਜ਼ਾਵਾਂ ਨਾ ਦੇਣ ਵਾਲੀ ਪੰਜਾਬ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਥ ਦੇ ਬੁਲਾਰੇ ਸੁਖਮਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਗੋਲੀ ਨਾਲ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਲਮਣ ਸਿੰਘ ਗੋਰਸੀਆਂ, ਭਾਈ ਹਰਮਿੰਦਰ ਸਿੰਘ ਚਲੂਪਰ ਦੀ ਸ਼ਹਾਦਤ ਹੋਈ ਸੀ। ਸਰਕਾਰ ਨੇ ਹੋਰ ਜ਼ੁਲਮ ਕਰਦਿਆਂ ਇਹਨਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਵੀ ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਨਹੀਂ ਦਿੱਤੀਆਂ ਸਨ। ਉਸ ਸਮੇਂ ਸਿੱਖ ਜਗਤ ਦੇ ਵਿਰੋਧ ਕਾਰਨ ਸਰਕਾਰ ਵੱਲੋਂ ਇਸ ਘਟਨਾ ਦੀ ਜਾਂਚ ਲਈ ਜੱਜ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ ਸੀ ਜਿਸ ਦੀ ਨੇ ਸਮਾਂ-ਬੱਧ ਜਾਂਚ ਕਰਕੇ ਸਰਕਾਰ ਨੂੰ ਰਿਪੋਰਟ ਦੇ ਦਿੱਤੀ ਸੀ, ਪਰ ਅੱਜ ਤਕ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਗਈ। ਬਲਕਿ ਇਹਨਾਂ ਕਤਲਾਂ ਦੇ ਜ਼ਿੰਮੇਵਾਰ ਅਫਸਰਾਂ ਨੂੰ ਉੱਚ ਅਹੁਦਿਆਂ ਨਾਲ ਨਵਾਜਿਆ ਗਿਆ। 

ਉਹਨਾਂ ਕਿਹਾ ਕਿ ਮੁੱਖ ਮੰਤਰੀ ਬਣਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ ਨਕੋਦਰ ਸਾਕੇ ਦੀ ਵਿਆਪਕ ਜਾਂਚ ਕਰਾਉਣਗੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਯਕੀਨੀ ਬਣਾਈਆਂ ਜਾਣਗੀਆਂ। ਪਰ ਕਈ ਮਹੀਨੇ ਲੰਘ ਜਾਣ ਮਗਰੋਂ ਵੀ ਇਸ ਮਾਮਲੇ ਦੀ ਜਾਂਚ ਲਈ ਕੋਈ ਸਿੱਟ ਨਹੀਂ ਬਣਾਈ ਗਈ। ਉਹਨਾਂ ਕਿਹਾ ਕਿ 4 ਫਰਵਰੀ ਨੂੰ ਪੰਜਾਬ ਦੇ ਸਿੱਖਿਆ ਅਦਾਰਿਆਂ ਵਿਚ ਪ੍ਰਦਰਸ਼ਨ ਕਰਕੇ ਉਹ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਪੰਜਾਬ ਦਾ ਨੌਜਵਾਨ ਸਰਕਾਰਾਂ ਦੇ ਹਰ ਜ਼ੁਲਮ ਨੂੰ ਯਾਦ ਰੱਖ ਰਿਹਾ ਹੈ ਅਤੇ ਉਸ ਦੇ ਦਿਲ ਵਿਚ ਇਨਸਾਫ ਲੈਣ ਦੀ ਇੱਛਾ ਜਿਉਂਦੀ ਹੈ। ਉਹਨਾਂ ਪੰਜਾਬ ਦੇ ਵਿਦਿਆਰਥੀਆਂ ਨੂੰ ਇਹਨਾਂ ਵਿਰੋਧ ਪ੍ਰਦਰਸ਼ਨਾਂ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।