ਇਜਰਾਈਲ ਉਪਰ ਲਗੇ ਦੋਸ਼ ਕਿ ਪੇਜਰ ਧਮਾਕਿਆਂ ਰਾਹੀਂ ਲੜਾਕੇ ਉਡਾਏ
8 ਲੋਕਾਂ ਦੀ ਮੌਤ , ਈਰਾਨ ਦੇ ਰਾਜਦੂਤ ਮੋਜਿਤਬਾ ਅਮਾਨੀ ਸਮੇਤ 2700 ਤੋਂ ਵੱਧ ਲੋਕ ਜ਼ਖਮੀ
* ਧਮਾਕਿਆਂ ਕਾਰਨ ਦਹਿਲਿਆ ਲੇਬਨਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੇਬਨਾਨ- ਲੇਬਨਾਨ ਅਤੇ ਸੀਰੀਆ ਦੇ ਕੁਝ ਇਲਾਕਿਆਂ ਵਿਚ ਲੜੀਵਾਰ ਧਮਾਕੇ ਹੋਏ। ਇਹ ਧਮਾਕੇ ਪੇਜਰਾਂ ਦੇ ਫਟਣ ਕਾਰਨ ਹੋਏ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅੰਤਰਰਾਸ਼ਟਰੀ ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਇਹ ਧਮਾਕੇ ਹਿਜ਼ਬੁੱਲਾ ਦੇ ਲੜਾਕਿਆਂ ਦੇ ਪੇਜਰਾਂ ਵਿਚ ਹੋਏ। ਇਨ੍ਹਾਂ ਪੇਜਰਾਂ ਦੀ ਵਰਤੋਂ ਹਿਜ਼ਬੁੱਲਾ ਦੇ ਲੜਾਕਿਆਂ ਦੁਆਰਾ ਆਪਸ ਵਿੱਚ ਸੰਚਾਰ ਕਰਨ ਲਈ ਕੀਤੀ ਗਈ ਸੀ, ਪਰ ਕਿਸੇ ਨੇ ਉਨ੍ਹਾਂ ਨੂੰ ਹੈਕ ਕਰ ਲਿਆ ਅਤੇ ਧਮਾਕਾ ਕਰ ਦਿੱਤਾ। ਇਸ ਭਿਆਨਕ ਘਟਨਾ ਵਿਚ ਈਰਾਨ ਦੇ ਰਾਜਦੂਤ ਮੋਜਿਤਬਾ ਅਮਾਨੀ ਵੀ ਜ਼ਖਮੀ ਹੋ ਗਏ ਹਨ।
ਇਸ ਵਿਚ 8 ਲੋਕਾਂ ਦੀ ਮੌਤ ਹੋਈ ਹੈ, ਉਥੇ ਹੀ 2700 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਸ ਲੜੀਵਾਰ ਧਮਾਕਿਆਂ ਦੇ ਨਿਸ਼ਾਨੇ 'ਤੇ ਹਿਜ਼ਬੁੱਲ੍ਹਾ ਦੇ ਮੈਂਬਰ ਸਨ। ਦੋਸ਼ ਲੱਗ ਰਿਹਾ ਹੈ ਕਿ ਇਜ਼ਰਾਈਲ ਨੇ ਇਹ ਧਮਾਕੇ ਕਰਵਾਏ ਹਨ। ਹੁਣ ਹਰ ਪਾਸੇ ਇਸ ਗੱਲ 'ਤੇ ਚਰਚਾ ਹੈ ਕਿ ਆਖਰ ਪੇਜਰ 'ਚ ਧਮਾਕੇ ਕਿਵੇਂ ਹੋ ਸਕਦੇ ਹਨ।
ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਕੀ ਪੇਜਰ ਨੂੰ ਹੈਕ ਕੀਤਾ ਜਾ ਸਕਦਾ ਹੈ?
ਪੇਜਰ ਇੱਕ ਡਿਵਾਈਸ ਹੈ ਜਿਸਦੀ ਵਰਤੋਂ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ 1990 ਦੇ ਦਹਾਕੇ ਵਿੱਚ ਪ੍ਰਸਿੱਧ ਸੀ, ਖਾਸ ਕਰਕੇ ਡਾਕਟਰਾਂ, ਕਾਰੋਬਾਰੀਆਂ ਅਤੇ ਐਮਰਜੈਂਸੀ ਸੇਵਾਵਾਂ ਦੇ ਪੇਸ਼ੇਵਰਾਂ ਦੁਆਰਾ। ਪੇਜਰ ਦਾ ਕੰਮ ਰੇਡੀਓ ਸਿਗਨਲ ਰਾਹੀਂ ਟੈਕਸਟ ਮੈਸੇਜ ਪ੍ਰਾਪਤ ਕਰਨਾ ਹੈ। ਇਹ ਮੁੱਖ ਤੌਰ 'ਤੇ ਉਦੋਂ ਲਾਭਦਾਇਕ ਸੀ ਜਦੋਂ ਮੋਬਾਈਲ ਫੋਨ ਇੰਨੇ ਮਸ਼ਹੂਰ ਨਹੀਂ ਸਨ। ਅੱਜ ਵੀ, ਪੇਜਰਾਂ ਦੀ ਵਰਤੋਂ ਕੁਝ ਖਾਸ ਉਦਯੋਗਾਂ ਜਿਵੇਂ ਕਿ ਸਿਹਤ ਸੰਭਾਲ ਅਤੇ ਐਮਰਜੈਂਸੀ ਸੇਵਾਵਾਂ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਇਹ ਸੰਚਾਰ ਦਾ ਇੱਕ ਭਰੋਸੇਯੋਗ ਅਤੇ ਸਿੱਧਾ ਸਾਧਨ ਹਨ।
ਪੇਜਰਾਂ ਦੀਆਂ ਤਿੰਨ ਮੁੱਖ ਕਿਸਮਾਂ ਹਨ:
1. ਵਨ-ਵੇ ਪੇਜਰ- ਇਸ ਵਿੱਚ ਸਿਰਫ਼ ਮੈਸੇਜ ਪ੍ਰਾਪਤ ਹੀ ਕੀਤੇ ਜਾ ਸਕਦੇ ਹਨ।
2. ਟੂ-ਵੇ ਪੇਜਰ- ਇਸ ਵਿਚ ਮੈਸੇਜ ਪ੍ਰਾਪਤ ਕਰਨ ਦੇ ਨਾਲ-ਨਾਲ ਜਵਾਬ ਵੀ ਭੇਜਿਆ ਜਾ ਸਕਦਾ ਹੈ।
3. ਵੌਇਸ ਪੇਜਰ- ਇਸ ਵਿੱਚ ਵੌਇਸ ਮੈਸੇਜ ਰਿਕਾਰਡ ਕੀਤੇ ਜਾ ਸਕਦੇ ਹਨ।
ਮਾਹਿਰਾਂ ਦੇ ਅਨੁਸਾਰ, ਪੇਜਰਾਂ ਨੂੰ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ, ਖਾਸ ਕਰਕੇ ਜੇ ਕੋਈ ਰੇਡੀਓ ਸਿਗਨਲ ਨੂੰ ਰੋਕਦਾ ਹੈ। 2016 ਵਿੱਚ ਇੱਕ ਰਿਪੋਰਟ ਸਾਹਮਣੇ ਆਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਹੈਲਥਕੇਅਰ ਸੈਕਟਰ ਦੇ ਪੇਜਰਾਂ ਵਿੱਚ ਮਰੀਜ਼ਾਂ ਦੀ ਨਿੱਜੀ ਜਾਣਕਾਰੀ ਲੀਕ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਲਈ, ਜੇਕਰ ਤੁਸੀਂ ਸੰਵੇਦਨਸ਼ੀਲ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਰਹੇ ਹੋ ਤਾਂ ਇੱਕ ਪੇਜਰ ਸਭ ਤੋਂ ਸੁਰੱਖਿਅਤ ਬਦਲ ਨਹੀਂ ਹੋ ਸਕਦਾ।
ਲੇਬਨਾਨ ਕੰਬਿਆ ਜਾਰੀ ਕੀਤੇ ਆਦੇਸ਼
ਲੇਬਨਾਨ ਦੇ ਸਿਹਤ ਮੰਤਰਾਲੇ ਨੇ ਉਨ੍ਹਾਂ ਨਾਗਰਿਕਾਂ ਨੂੰ ਕਿਹਾ ਹੈ ਜਿਨ੍ਹਾਂ ਕੋਲ ਪੇਜਰ ਹਨ, ਉਨ੍ਹਾਂ ਨੂੰ ਤੁਰੰਤ ਸੁੱਟ ਦੇਣ। ਹਿਜ਼ਬੁੱਲਾ ਨੇ ਇਸ ਧਮਾਕੇ ਨੂੰ ਇਜ਼ਰਾਇਲੀ ਸਾਜ਼ਿਸ਼ ਦੱਸਿਆ ਹੈ। ਹਾਲਾਂਕਿ, ਇਜ਼ਰਾਈਲੀ ਫੌਜ ਨੇ ਧਮਾਕਿਆਂ ਬਾਰੇ ਰਾਇਟਰਜ਼ ਦੇ ਸਵਾਲਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
Comments (0)