ਡਰਬੀ ਕੌਸਲ ਵਲੋਂ ਸਿੱਖ ਨਸਲਕੁਸ਼ੀ ਬਾਰੇ ਮਤਾ ਪਾਸ ਕਰਨ ਦਾ ਸਵਾਗਤ

ਡਰਬੀ ਕੌਸਲ ਵਲੋਂ ਸਿੱਖ ਨਸਲਕੁਸ਼ੀ ਬਾਰੇ ਮਤਾ ਪਾਸ ਕਰਨ ਦਾ ਸਵਾਗਤ

ਬਾਕੀ ਕੌਂਸਲਰ ਵੀ ਅਜਿਹੇ ਯਤਨ ਕਰਨ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਜ਼ ਯੂ,ਕੇ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ - ਇੰਗਲੈਂਡ ਦੇ ਸ਼ਹਿਰ ਡਰਬੀ ਦੇ ਪੰਜਾਬੀ ਮੂਲ ਦੇ ਕੌਂਸਲਰਾਂ ਦੀ ਪਹਿਲ ਕਦਮੀ ਨਾਲ ਸਥਾਨਕ ਕੌਂਸਲ ਵਿੱਚ ਘੱਲੂਘਾਰਾ ਜੂਨ 1984 ਅਤੇ ਨਵੰਬਰ 1984 ਦੇ ਖੂਨੀ ਵਰਤਾਰੇ ਬਾਰੇ ਨਿਖੇਧੀ ਮਤਾ ਪਾਸ ਕਰਨਾ ਅਤੇ ਘੱਲੂਘਾਰਾ ਜੂਨ 1984 ਵਿੱਚ ਯੂ,ਕੇ ਸਰਕਾਰ ਦੀ ਭਾਈਵਾਲੀ ਬਾਰੇ ਜਾਂਚ ਕਰਵਾਉਣ ਦੀ ਗੱਲ ਕਰਨੀ ਸਿੱਖ ਜਗਤ ਵਾਸਤੇ ਖੁਸ਼ੀ ਵਾਲੀ ਗੱਲ ਹੈ । ਜਿਕਰਯੋਗ ਹੈ ਕਿ ਯੂ,ਕੇ ਦੇ ਸਿੱਖਾਂ ਵਲੋਂ ਇਹ ਗੱਲ ਵਾਰ ਉਠਾਈ ਜਾਂਦੀ ਰਹੀ ਹੈ ਕਿ ਯੂ,ਕੇ ਦੀ ਤੱਤਕਾਲੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਭਾਰਤ ਸਰਕਾਰ ਵਲੋਂ ਕੀਤੇ ਫੌਜੀ ਹਮਲੇ ਵਿੱਚ ਜਿਸ ਕਦਰ ਸਾਥ ਦਿੱਤਾ ਸੀ ਉਸ ਬਾਰੇ ਨਿਰਪੱਖ ਜਾਂਚ ਕਰਵਾਈ ਜਾਵੇ ।ਇੰਗਲੈਂਡ ਵਿੱਚ ਆਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸ ਕਾਰਜ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਕੌਂਸਲਰਾਂ ਅਤੇ ਸਿੱਖ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ ।ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਜਥੇਦਾਰ ਜੋਗਾ ਸਿੰਘ ਵਲੋਂ ਯੂ,ਕੇ ਭਰ ਦੇ ਸਮੁੱਚੇ ਕੌਂਸਲਰਾਂ ਨੇੰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੀਆਂ ਕੌਂਸਲਾਂ ਵਿੱਚ ਅਜਿਹੇ ਮਤੇ ਪੇਸ਼ ਕਰਕੇ ਉਹਨਾਂ ਨੂੰ ਪਾਸ ਕਰਵਾਉਣ ਦੇ ਯਤਨ ਕਰਨ । ਦੁਨੀਆਂ ਭਰ ਦੇ ਸਿੱਖ ਪਿਛਲੇ ਚਾਲੀ ਸਾਲ ਤੋਂ ਇਹ ਗੱਲ ਆਖ ਰਹੇ ਹਨ ਕਿ ਭਾਰਤ ਵਿੱਚ ਸਿੱਖਾਂ ਤੇ ਅਥਾਹ ਜ਼ੁਲਮ ਹੋ ਰਹੇ ਹਨ ।

ਸਿੱਖਾਂ ਦੇ ਪ੍ਰਾਣਾਂ ਤੋਂ ਪਿਆਰੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਨੇ ਟੈਂਕਾਂ ਅਤੇ ਤੋਪਾਂ ਦੀ ਵਰਤੋਂ ਕਰਦਿਆਂ ਅੱਤ ਵਹਿਸ਼ੀ ਹਮਲਾ ਕੀਤਾ,ਹਜਾਰਾਂ ਸਿੱਖ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਨਵੰਬਰ 1984 ਦੌਰਾਨ ਹਿੰਦੂ ਬਹੁਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਸਿੱਖਾਂ ਦਾ ਵੱਡੀ ਪੱਧਰ ਤੇ ਕਤਲੇਆਮ ਕੀਤਾ ਗਿਆ, ਇਸੇ ਹੀ ਨੀਤੀ ਤਹਿਤ ਪੰਜਾਬ ਵਿੱਚ ਹਜਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਬਣਾ ਬਣਾ ਕੇ ਸ਼ਹੀਦ ਕੀਤਾ ਗਿਆ। ਭਾਰਤ ਦੀ ਅਖੌਤੀ ਆਜ਼ਾਦੀ ਤੋਂ ਬਾਅਦ ਭਾਰਤ ਦੀਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਦੇ ਹੁਕਮਾਂ ਨਾਲ ਸਿੱਖਾਂ ਤੇ ਕੀਤੇ ਗਏ ਜ਼ੁਲਮਾਂ ਸਾਹਮਣੇ ਅਬਦਾਲੀ, ਮੀਰ ਮੰਨੂ, ਜਕਰੀਏ ਅਤੇ ਹਿਟਲਰ ਵਰਗਿਆਂ ਦੇ ਜ਼ੁਲਮ ਵੀ ਬੌਣੇ ਨਜ਼ਰ ਆਉਂਦੇ ਹਨ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਆਖਿਆ ਗਿਆ ਕਿ ਇਹਨਾਂ ਜ਼ੁਲਮਾਂ ਅਤੇ ਧੱਕੇਸ਼ਾਹੀਆਂ ਦਾ ਹੱਲ ਕੇਵਲ ਆਜ਼ਾਦ ਸਿੱਖ ਰਾਜ ਖਾਲਿਸਤਾਨ ਹੀ ਹੈ ਜਿਸ ਦੀ ਪ੍ਰਾਪਤੀ ਵਾਸਤੇ ਹਰੇਕ ਸਿੱਖ ਨੂੰ ਯਤਨਸ਼ੀਲ ਹੋਣ ਦੀ ਜਰੂਰਤ ਹੈ ।