ਕੀ ਅਮਰੀਕਾ ਮੋਦੀ ਨੂੰ ਹਟਾਉਣ ਦੀ ਸਾਜਿਸ਼ ਰਚ ਰਿਹਾ ਹੈ?
ਰਾਹੁਲ ਗਾਂਧੀ ਨੇ ਡੌਨ ਲੂ ਸਮੇਤ ਕੁਝ ਸੀਨੀਅਰ ਅਮਰੀਕੀ ਅਧਿਕਾਰੀਆਂ ਨਾਲ ਕੀਤੀਆਂ ਗੁਪਤ ਮੀਟਿੰਗਾਂ
ਵਾਸ਼ਿੰਗਟਨ ਤੋਂ ਰਾਹੁਲ ਗਾਂਧੀ ਬਾਰੇ ਇਸ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੇ ਜਾਣ ਵਾਲੇ ਡਿਨਰ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਚਾਹ ਲਈ ਬੁਲਾਇਆ ਗਿਆ। ਵ੍ਹਾਈਟ ਹਾਊਸ ਕੋਈ ਜਨਤਕ ਬਾਗ ਨਹੀਂ ਹੈ ਜਿਸ ਵਿਚ ਕੋਈ ਵੀ ਕਿਸੇ ਵੀ ਸਮੇਂ ਘੁੰਮ ਸਕਦਾ ਹੈ।ਪਹਿਲਾਂ ਤੋਂ ਨਿਰਧਾਰਤ ਮੁਲਾਕਾਤ ਤੋਂ ਬਿਨਾਂ ਵ੍ਹਾਈਟ ਹਾਊਸ ਦੀਆਂ ਪੌੜੀਆਂ ਨਹੀਂ ਚੜ੍ਹ ਸਕਦਾ ਹੈ। ‘ਦਿ ਟਾਈਮਜ਼ ਆਫ ਇੰਡੀਆ’ ਵਿੱਚ ਪ੍ਰਕਾਸ਼ਿਤ ਸੀਮਾ ਸਿਰੋਹੀ ਦੀ ਰਿਪੋਰਟ ਮੁਤਾਬਕ ਰਾਹੁਲ ਗਾਂਧੀ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਦੱਖਣੀ ਏਸ਼ੀਆ ਡੈਸਕ ਦੇ ਸਹਾਇਕ ਸਕੱਤਰ ਡੌਨ ਲੂ ਸਮੇਤ ਕੁਝ ਸੀਨੀਅਰ ਅਮਰੀਕੀ ਅਧਿਕਾਰੀਆਂ ਵਿੱਚ ਨਾਲ ਗੁਪਤ ਮੀਟਿੰਗਾਂ ਕੀਤੀਆਂ ਸਨ।
ਡੌਨ ਲੂ ਨੂੰ ਸੱਤਾ ਉਲਟਾਉਣ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਇਮਰਾਨ ਖਾਨ ਨੇ ਕੁਝ ਸਮਾਂ ਪਹਿਲਾਂ ਉਸਦਾ ਦਾ ਨਾਂ ਲੈ ਕੇ ਖੁੱਲ੍ਹੇਆਮ ਕਿਹਾ ਸੀ ਕਿ ਅਮਰੀਕਾ ਉਸਦਾ ਤਖਤ ਪਲਟਾਉਣਾ ਚਾਹੁੰਦਾ ਸੀ ਅਤੇ ਇਸ ਕੰਮ ਲਈ ਅਮਰੀਕਾ ਨੇ ਡੌਨ ਲੂ ਨੂੰ ਲਾਇਆ ਹੋਇਆ ਸੀ। ਡੌਨ ਲੂ ਫਿਲਹਾਲ ਬੰਗਲਾਦੇਸ਼ ਵਿੱਚ ਇਸੇ ਕੰਮ ਵਿੱਚ ਰੁੱਝਿਆ ਹੋਇਆ ਹੈ। ਅਮਰੀਕਾ ਨੇ ਜਿੱਥੇ ਵੀ ਸੱਤਾ ਬਦਲਣੀ ਹੁੰਦੀ ਹੈ, ਉੱਥੇ ਡੌਨ ਲੂ ਨੂੰ ਭੇਜਿਆ ਜਾਂਦਾ ਹੈ, ਉਹ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਮਿਲ ਕੇ ਉਨ੍ਹਾਂ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਂਦੀ ਹੈ, ਤਾਂ ਜੋ ਅਮਰੀਕਾ ਦੀ ਪਸੰਦ ਦਾ ਨੇਤਾ ਉਸ ਦੇਸ਼ ਵਿਚ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅਹੁਦੇ 'ਤੇ ਬਿਰਾਜਮਾਨ ਹੋ ਸਕੇ।
ਚੀਨ ਵੀ ਆਪਣੇ ਰਾਜਦੂਤਾਂ ਰਾਹੀਂ ਅਜਿਹਾ ਹੀ ਕੰਮ ਕਰਦਾ ਹੈ। ਦੋ ਦਹਾਕਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਚੀਨ ਨੇ ਆਪਣੇ ਰਾਜਦੂਤਾਂ ਰਾਹੀਂ ਨੇਪਾਲ ਵਿੱਚ ਰਾਜਸ਼ਾਹੀ ਨੂੰ ਖ਼ਤਮ ਕਰ ਦਿੱਤਾ ਸੀ ਅਤੇ ਮਾਰਕਸਵਾਦੀ ਪਾਰਟੀ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਕਿ ਮਾਰਕਸਵਾਦੀਆਂ ਤੋਂ ਬਿਨਾਂ ਉੱਥੇ ਕੋਈ ਸਰਕਾਰ ਨਹੀਂ ਬਣ ਸਕਦੀ। ਭਾਜਪਾ ਪਖੀ ਬੁਧੀਜੀਵੀਆਂ ਦਾ ਮੰਨਣਾ ਹੈ ਕਿ ਚੀਨ ਨੂੰ ਭਾਰਤ ਦੀ ਕੋਈ ਵੀ ਮਜ਼ਬੂਤ ਸਰਕਾਰ ਪਸੰਦ ਨਹੀਂ ਹੈ, ਇਸ ਲਈ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਚੀਨੀ ਰਾਜਦੂਤਾਂ ਦੀ ਗਾਂਧੀ ਪਰਿਵਾਰ ਨਾਲ ਨੇੜਤਾ ਵਧਣ ਲੱਗੀ ਹੈ।
ਭਾਜਪਾ ਹਲਕਿਆਂ ਅਨੁਸਾਰ ਰਾਹੁਲ ਗਾਂਧੀ ਦੀ ਚੀਨੀ ਰਾਜਦੂਤ ਨਾਲ ਗੁਪਤ ਮੁਲਾਕਾਤ ਦਾ ਖੁਲਾਸਾ ਪਿਛਲੇ ਸਾਲ ਹੋਇਆ ਸੀ, ਜਦੋਂ ਕਾਂਗਰਸ ਨੇ ਅਜਿਹੀ ਕਿਸੇ ਵੀ ਮੁਲਾਕਾਤ ਹੋਣ ਤੋਂ ਇਨਕਾਰ ਕੀਤਾ ਸੀ। ਪਰ ਭਾਰਤ ਸਰਕਾਰ ਦੇ ਦਬਾਅ ਹੇਠ ਚੀਨੀ ਦੂਤਘਰ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਮੀਟਿੰਗ ਦੀ ਫੋਟੋ ਜਾਰੀ ਕਰ ਦਿੱਤੀ ਸੀ। ਬਾਅਦ ਵਿੱਚ ਚੀਨੀ ਰਾਜਦੂਤ ਨੇ ਕਾਠਮੰਡੂ ਵਿੱਚ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਰਾਹੁਲ ਗਾਂਧੀ ਮਾਨਸਰੋਵਰ ਯਾਤਰਾ 'ਤੇ ਗਏ ਤਾਂ ਚੀਨੀ ਅਧਿਕਾਰੀਆਂ ਨੇ ਨੇਪਾਲ ਵਿਚ ਉਹਨਾਂ ਦਾ ਸਵਾਗਤ ਕੀਤਾ ਸੀ। ਬ੍ਰਿਟੇਨ ਦੇ ਦੌਰੇ ਦੌਰਾਨ ਰਾਹੁਲ ਗਾਂਧੀ ਨੇ ਬ੍ਰਿਟਿਸ਼ ਸੰਸਦ ਮੈਂਬਰ ਜੇਰੇਮੀ ਕੋਰਬੀਨ ਨਾਲ ਮੁਲਾਕਾਤ ਕੀਤੀ, ਜੋ ਕਿ ਭਾਰਤ ਵਿਰੋਧੀ ਹਨ। ਕੋਰਬੀਨ ਨੂੰ ਬ੍ਰਿਟੇਨ ਵਿਚ ਪਾਕਿਸਤਾਨ ਦਾ ਸਮਰਥਕ ਮੰਨਿਆ ਜਾਂਦਾ ਹੈ, ਅਤੇ ਬ੍ਰਿਟਿਸ਼ ਸੰਸਦ ਵਿਚ ਭਾਰਤ ਦੇ ਖਿਲਾਫ ਸਰਗਰਮ ਰਹਿੰਦਾ ਹੈ।
ਹੁਣ ਵੀ ਕਾਂਗਰਸ ਨੇ ਰਾਹੁਲ ਗਾਂਧੀ ਦੀ ਅਮਰੀਕੀ ਪ੍ਰਸ਼ਾਸਨ ਨਾਲ ਗੁਪਤ ਮੀਟਿੰਗਾਂ ਦਾ ਖੁਲਾਸਾ ਨਹੀਂ ਕੀਤਾ । ਕਾਂਗਰਸ ਦੀ ਅਧਿਕਾਰਤ ਵੈੱਬਸਾਈਟ ਅਤੇ ਯੂ-ਟਿਊਬ ਹੈਂਡਲ ਰਾਹੁਲ ਗਾਂਧੀ ਦੀਆਂ ਅਮਰੀਕੀ ਗਤੀਵਿਧੀਆਂ ਦੀਆਂ ਪਲ-ਪਲ ਖਬਰਾਂ ਦੇ ਰਹੇ ਸਨ ਪਰ 2 ਜੂਨ ਨੂੰ ਡੌਨ ਲੂ ਨਾਲ ਉਨ੍ਹਾਂ ਦੀ ਮੁਲਾਕਾਤ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਜੇਐਨਯੂ ਪੜ੍ਹੀ ਸੀਮਾ ਸਿਰੋਹੀ ਖੱਬੇਪੱਖੀ ਵਿਚਾਰਧਾਰਾ ਦੀ ਹੈ, ਅਤੇ ਰਾਹੁਲ ਗਾਂਧੀ ਦੀ ਨਜ਼ਦੀਕੀ ਪੱਤਰਕਾਰ ਮੰਨੀ ਜਾਂਦੀ ਹੈ। ਰਾਹੁਲ ਗਾਂਧੀ ਦੇ ਪੂਰੇ ਦੌਰੇ ਦੌਰਾਨ ਉਹ ਗਾਂਧੀ ਦੇ ਨਾਲ ਸੀ।ਉਸ ਨੇ ਰਾਹੁਲ ਗਾਂਧੀ ਦੀਆਂ ਇਨ੍ਹਾਂ ਗੁਪਤ ਮੀਟਿੰਗਾਂ ਬਾਰੇ ਲਿਖਿਆ ਕਿ "ਕੁਝ ਕਾਰਨਾਂ ਕਰਕੇ ਮੀਟਿੰਗ ਨੂੰ ਗੁਪਤ ਰੱਖਿਆ ਗਿਆ ਸੀ, ਪਰ ਬਿਡੇਨ ਪ੍ਰਸ਼ਾਸਨ ਭਾਰਤ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਲਈ ਵ੍ਹਾਈਟ ਹਾਊਸ ਦੇ ਦਰਵਾਜ਼ੇ ਬੰਦ ਨਹੀਂ ਕੀਤੇ।" ਇੱਥੇ ਬਹੁਤ ਸਾਰੇ ਖਦਸ਼ੇ ਪੈਦਾ ਹੁੰਦੇ ਹਨ, ਕਿਉਂਕਿ ਨਾ ਤਾਂ ਰਾਹੁਲ ਗਾਂਧੀ ਭਾਰਤ ਵਿੱਚ ਵਿਰੋਧੀ ਧਿਰ ਦੇ ਅਧਿਕਾਰਤ ਨੇਤਾ ਹਨ ਅਤੇ ਨਾ ਹੀ ਉਹ ਭਾਰਤ ਦੇ ਕਿਸੇ ਸਦਨ ਦੇ ਮੈਂਬਰ ਹਨ। ਉਹ ਡਿਪਲੋਮੈਟਿਕ ਪਾਸਪੋਰਟ 'ਤੇ ਵੀ ਅਮਰੀਕਾ ਨਹੀਂ ਗਏ।ਇਹ ਮੁਲਾਕਾਤ ਕਈ ਸਵਾਲ ਖੜ੍ਹੇ ਕਰਦੀ ਹੈ। ਕੀ ਇਹ ਮੁਲਾਕਾਤ ਅਮਰੀਕੀ ਪ੍ਰਸ਼ਾਸਨ ਦੀ ਪਹਿਲ ਉਪਰ ਸ਼ੁਰੂ ਹੋਈ ਸੀ ਜਾਂ ਰਾਹੁਲ ਗਾਂਧੀ ਦੀ ਅਪੀਲ ਉਪਰ ਹੋਈ ਸੀ?ਕੀ ਇਸ ਮੀਟਿੰਗ ਦਾ ਪ੍ਰਬੰਧ ਜਾਰਜ ਸੋਰੋਸ ਨੇ ਕੀਤਾ ਸੀ, ਜਿਸ ਨੇ ਭਾਰਤ ਵਿੱਚ ਮੋਦੀ ਦੀ ਹਕੂਮਤ ਨੂੰ ਉਖਾੜ ਸੁੱਟਣ ਲਈ 100 ਮਿਲੀਅਨ ਡਾਲਰ ਖਰਚਣ ਦਾ ਐਲਾਨ ਕੀਤਾ ਹੋਇਆ ਹੈ? ਇਸ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਮੋਦੀ ਸਰਕਾਰ ਅਮਰੀਕਾ ਨੂੰ ਪਸੰਦ ਨਹੀਂ ਹੈ?
ਹਾਲ ਹੀ 'ਵਿਚ ਜਦੋਂ ਨਰਿੰਦਰ ਮੋਦੀ ਨੇ ਜਾਪਾਨ ਵਿਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਮੁਲਾਕਾਤ ਕੀਤੀ ਤਾਂ ਬਿਡੇਨ ਨੇ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਉਹ ਅਮਰੀਕਾ 'ਚ ਬਹੁਤ ਹਰਮਨ ਪਿਆਰੇ ਹਨ। ਜਦੋਂ ਮੋਦੀ 22 ਜੂਨ ਨੂੰ ਅਮਰੀਕਾ ਪਹੁੰਚਣਗੇ ਤਾਂ ਉਸ ਨੂੰ ਆਪਣੇ ਪ੍ਰਸ਼ੰਸਕਾਂ ਦੀ ਭੀੜ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ। ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਰੂਸ-ਯੂਕਰੇਨ ਯੁੱਧ ਦੌਰਾਨ ਭਾਰਤ ਦੀ ਭੂਮਿਕਾ ਤੋਂ ਅਮਰੀਕਾ ਪ੍ਰੇਸ਼ਾਨ ਹੈ। ਇਸ ਜੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਨੇ ਆਜ਼ਾਦ ਸਟੈਂਡ ਲੈ ਕੇ ਅਮਰੀਕਾ ਨੂੰ ਚੁਣੌਤੀ ਦਿੱਤੀ ਸੀ।
ਜੋ ਬਿਡੇਨ ਇੱਕ ਵਿਅਕਤੀ ਵਜੋਂ ਜਾਂ ਅਮਰੀਕੀ ਰਾਸ਼ਟਰਪਤੀ ਵਜੋਂ ਵੀ ਮੋਦੀ ਦੇ ਪ੍ਰਸ਼ੰਸਕ ਹੋ ਸਕਦੇ ਹਨ, ਪਰ ਜਿਵੇਂ ਭਾਰਤ ਵਿੱਚ ਕੋਈ ਵੀ ਸਰਕਾਰ ਹੋਵੇ, ਪ੍ਰਸ਼ਾਸਨ ਨਿਯਮਾਂ ਅਨੁਸਾਰ ਕੰਮ ਕਰਦੀ ਹੈ, ਖਾਸ ਕਰਕੇ ਸਰਕਾਰਾਂ ਬਦਲਣ ਨਾਲ ਵਿਦੇਸ਼ ਨੀਤੀ ਵਿੱਚ ਬਹੁਤਾ ਬਦਲਾਅ ਨਹੀਂ ਆਉਂਦਾ, ਇਸੇ ਤਰ੍ਹਾਂ ਅਮਰੀਕੀ ਪ੍ਰਸ਼ਾਸਨ ਨਿੱਜੀ ਸਬੰਧਾਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦਾ, ਇਹ ਅਮਰੀਕਾ ਦੇ ਹਿੱਤਾਂ ਦੇ ਹਿਸਾਬ ਨਾਲ ਕੰਮ ਕਰਦਾ ਹੈ। ਨਿਰਪਖ ਪੱਤਰਕਾਰਾਂ ਦਾ ਮੰਨਣਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਲੰਬੀ ਰਣਨੀਤੀ ਦੇ ਤਹਿਤ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਤਾਂ ਜੋ ਮੋਦੀ ਨੂੰ ਸੁਨੇਹਾ ਦਿਤਾ ਜਾ ਸਕੇ ਕਿ ਰੂਸ ਨੂੰ ਛਡਕੇ ਅਮਰੀਕਾ ਦੀਆਂ ਹਦਾਇਤਾਂ ਅਨੁਸਾਰ ਨਿਭੇ ,ਨਹੀਂ ਤਾਂ ਰਾਹੁਲ ਗਾਂਧੀ ਨੂੰ ਅਸੀਂ ਭਾਰਤੀ ਰਾਜਨੀਤੀ ਵਿਚ ਉਭਾਰਾਂਗੇ। ਇਹੀ ਕਾਰਣ ਹੈ ਕਿ ਅਮਰੀਕਾ ਮੋਦੀ ਦੇ ਨਾਲ ਰਾਹੁਲ ਨੂੰ ਵੀ ਉਭਾਰੇਗਾ।
Comments (0)