ਅਮਰੀਕੀ ਪਾਬੰਦੀਆਂ: ਕੋਰੋਨਾ ਖਿਲਾਫ ਲੜ ਰਹੇ ਇਰਾਨੀ ਮੁੱਖ ਆਗੂ ਨੇ ਅਮਰੀਕੀ ਲੋਕਾਂ ਤੋਂ ਮਦਦ ਮੰਗੀ

ਅਮਰੀਕੀ ਪਾਬੰਦੀਆਂ: ਕੋਰੋਨਾ ਖਿਲਾਫ ਲੜ ਰਹੇ ਇਰਾਨੀ ਮੁੱਖ ਆਗੂ ਨੇ ਅਮਰੀਕੀ ਲੋਕਾਂ ਤੋਂ ਮਦਦ ਮੰਗੀ

ਤਹਿਰਾਨ: ਕੋਰੋਨਾਵਾਇਰਸ ਦੀ ਮਹਾਂਮਾਰੀ ਨਾਲ ਜਿੱਥੇ ਸਾਰੀ ਦੁਨੀਆ ਵਿਚ ਸਿਹਤ ਐਮਰਜੈਂਸੀਆਂ ਦਾ ਐਲਾਨ ਹੋ ਚੁੁੱਕਿਆ ਹੈ ਉੱਥੇ ਇਸ ਮਹਾਂਮਾਰੀ ਦਾ ਵੱਡਾ ਸ਼ਿਕਾਰ ਬਣ ਰਹੇ ਇਰਾਨ ਖਿਲਾਫ ਅਮਰੀਕਾ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਇਸ ਬਿਮਾਰੀ ਖਿਲਾਫ ਲੜਾਈ ਵਿਚ ਵੱਡੀ ਮੁਸ਼ਕਿਲ ਬਣ ਰਹੀਆਂ ਹਨ। ਇਰਾਨ ਦੇ ਰਾਸ਼ਟਰਪਤੀ ਹਸਨ ਰੂਹੋਨੀ ਨੇ ਅਮਰੀਕਾ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੀ ਸਰਕਾਰ 'ਤੇ ਇਹ ਪਾਬੰਦੀਆਂ ਹਟਾਉਣ ਲਈ ਦਬਾਅ ਬਣਾਉਣ ਤਾਂ ਕਿ ਇਰਾਨ ਇਸ ਬਿਮਾਰੀ ਨਾਲ ਚੰਗੀ ਤਰ੍ਹਾਂ ਲੜ ਸਕੇ।

ਰੂਹਾਨੀ ਨੇ ਅਮਰੀਕਾ ਦੇ ਲੋਕਾਂ ਨੂੰ ਇਕ ਖੁੱਲ੍ਹੀ ਚਿੱਠੀ ਲਿਖਦਿਆਂ ਕਿਹਾ, "ਇਨਸਾਫ ਅਤੇ ਇਨਸਾਨੀਅਤ ਦੇ ਨਾਂ 'ਤੇ, ਮੈਂ ਤੁਹਾਡੀ ਜ਼ਮੀਰ ਅਤੇ ਰੱਬੀ ਰੂਹਾਂ ਨੂੰ ਸੰਬੋਧਨ ਹੁੰਦਿਆਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੀ ਸਰਕਾਰ ਅਤੇ ਕਾਂਗਰਸ ਨੂੰ ਦਿਖਾਓ ਕਿ ਪਾਬੰਦੀਆਂ ਅਤੇ ਦਬਾਅ ਦੀ ਨੀਤੀ ਨਾ ਸਫਲ ਹੋਈ ਹੈ ਤੇ ਨਾ ਹੀ ਭਵਿੱਖ ਵਿਚ ਹੋਵੇਗੀ। ਵਾਇਰਸ ਅਤੇ ਪਾਬੰਦੀਆਂ ਦੇ ਪੀੜਤ ਆਮ ਇਰਾਨੀ ਬਣ ਰਹੇ ਹਨ ਨਾ ਕਿ ਰਾਜਨੀਤਕ ਲੋਕ।" 

ਰੂਹਾਨੀ ਨੇ ਚਿੱਠੀ ਵਿਚ ਕਿਹਾ ਕਿ ਇਰਾਨ 'ਤੇ ਪਾਬੰਦੀਆਂ ਲਾ ਕੇ ਇਸ ਮਹਾਂਮਾਰੀ ਖਿਲਾਫ ਵਿਸ਼ਵ ਪੱਧਰ 'ਤੇ ਚੱਲ ਰਹੀ ਲੜਾਈ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤਹਿਰਾਨ ਵਿਚ ਇਸ ਦੇ ਮਾੜੇ ਅਸਰਾਂ ਤੋਂ ਪੈਰਿਸ, ਲੰਡਨ ਅਤੇ ਵਾਸ਼ਿੰਗਟਨ ਬਚੇ ਨਹੀਂ ਰਹਿ ਸਕਦੇ।

ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਇਰਾਨ ਦੇ ਆਪਸੀ ਕਲੇਸ਼ ਦੇ ਚਲਦਿਆਂ ਅਮਰੀਕਾ ਨੇ ਇਰਾਨ ਨੂੰ ਆਪਣੀ ਈਨ ਮਨਵਾਉਣ ਲਈ ਲੰਬੇ ਸਮੇਂ ਤੋਂ ਕਈ ਵਪਾਰਕ ਅਤੇ ਮੇਲ ਮਿਲਾਪੀ ਪਾਬੰਦੀਆਂ ਲਾਈਆਂ ਹੋਈਆਂ ਹਨ, ਜਿਸ ਕਾਰਨ ਇਰਾਨ ਵਿਚ ਇਸ ਮਹਾਂਮਾਰੀ ਨਾਲ ਲੜਨ ਲਈ ਕਈ ਮੁਸ਼ਕਿਲਾਂ ਆ ਰਹੀਆਂ ਹਨ।