ਮੋਦੀ ਸਰਕਾਰ ਨੂੰ ਮੁਸਲਮਾਨ ਵਿਰੋਧੀ ਭਾਵਨਾਵਾਂ ਨੂੰ ਉਕਸਾਉਣ ਤੋਂ ਰੋਕਣਾ ਚਾਹੀਦਾ ਹੈ - ਜਗਮੀਤ ਸਿੰਘ

ਮੋਦੀ ਸਰਕਾਰ ਨੂੰ ਮੁਸਲਮਾਨ ਵਿਰੋਧੀ ਭਾਵਨਾਵਾਂ ਨੂੰ ਉਕਸਾਉਣ ਤੋਂ ਰੋਕਣਾ ਚਾਹੀਦਾ ਹੈ - ਜਗਮੀਤ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਟਰਾਂਟੋਜਗਮੀਤ ਸਿੰਘ ਨੇ ਟਵਿੱਟਰ ਉੱਤੇ ਇਹ ਚਿੰਤਾ ਜ਼ਾਹਰ ਕਰਦਿਆਂ ਲਿਖਿਆ ਕਿ ,"ਭਾਰਤ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਹੋ ਰਹੀ ਹਿੰਸਾ ਦੀਆਂ ਤਸਵੀਰਾਂ, ਵੀਡੀਓ ਨੂੰ ਦੇਖ ਕੇ ਮੈਂ ਬੇਹੱਦ ਚਿੰਤਤ ਹਾਂ। ਮੋਦੀ ਸਰਕਾਰ ਨੂੰ ਮੁਸਲਮਾਨ ਵਿਰੋਧੀ ਭਾਵਨਾਵਾਂ ਨੂੰ ਉਕਸਾਉਣ ਤੋਂ ਰੋਕਣਾ ਚਾਹੀਦਾ ਹੈ।ਮਨੁੱਖੀ ਅਧਿਕਾਰਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਕੈਨੇਡਾ ਨੂੰ ਦੁਨੀਆਂ ਭਰ ਵਿੱਚ ਸ਼ਾਂਤੀ ਲਈ ਆਪਣੀ ਮਜ਼ਬੂਤ ਭੂਮਿਕਾ ਨਿਭਾਉਣੀ ਚਾਹੀਦੀ ਹੈ।ਭਾਰਤੀ ਮੂਲ ਦੇ ਜਗਮੀਤ ਸਿੰਘ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਦੇ ਅਹਿਮ ਗਠਜੋੜ ਨੇਤਾ ਹਨ। ਲੰਘੀਆਂ ਚੋਣਾਂ ਵਿੱਚ ਜਗਮੀਤ ਸਿੰਘ ਦੀ ਪਾਰਟੀ ਨੇ 24 ਸੀਟਾਂ ਜਿੱਤੀਆਂ ਸਨ ਅਤੇ ਉਹ ਇੱਕ ਮਹੱਤਵਪੂਰਨ ਭੂਮਿਕਾ ਵਿੱਚ ਸਨ।ਉਨ੍ਹਾਂ ਦਾ ਇਹ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਵਿੱਚ ਰਾਮ ਨੌਮੀ ਮੌਕੇ ਕਈ ਸੂਬਿਆਂ ਵਿੱਚ ਹਿੰਸਾ ਅਤੇ ਅੱਗ ਲਗਾਉਣ ਦੇ ਮਾਮਲੇ ਦਰਜ ਕੀਤੇ ਗਏ ਹਨ।ਇਥੇ ਜਿਕਰਯੋਗ ਹੈ ਕਿ ਦਸੰਬਰ 2013 ਵਿੱਚ ਭਾਰਤ ਸਰਕਾਰ ਨੇ ਜਗਮੀਤ ਸਿੰਘ ਨੂੰ ਅੰਮ੍ਰਿਤਸਰ ਆਉਣ ਲਈ ਵੀਜ਼ਾ ਨਹੀਂ ਦਿੱਤਾ ਸੀ।ਉਨ੍ਹਾਂ ਦਾ ਸਬੰਧ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਠੀਕਰੀਵਾਲ ਪਿੰਡ ਨਾਲ ਹੈ। 1993 ਇਸ ਵਿੱਚ ਉਨ੍ਹਾਂ ਦਾ ਪਰਿਵਾਰ ਕੈਨੇਡਾ ਚਲਾ ਗਿਆ ਸੀ।ਭਾਰਤ ਵਿੱਚ 1984 ਸਿੱਖ ਵਿਰੋਧੀ  ਕਤਲੇਆਮ ਨੂੰ ਲੈ ਕੇ ਜਗਮੀਤ ਸਿੰਘ ਹਮੇਸ਼ਾ ਬਿਆਨ ਦਿੰਦੇ ਰਹੇ ਹਨ।2013 ਵਿੱਚ ਭਾਰਤ ਸਰਕਾਰ ਨੇ ਜਗਮੀਤ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ।'ਦਿ ਟਾਈਮਜ਼ ਆਫ ਇੰਡੀਆ' ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਆਖਿਆ ਸੀ,"ਮੈਂ ਦੰਗਾ ਪੀੜਤਾਂ ਨੂੰ ਇਨਸਾਫ ਦਵਾਉਣ ਦਾ ਮੁੱਦਾ ਚੁੱਕਦਾ ਹਾਂ ਇਸ ਲਈ ਭਾਰਤ ਸਰਕਾਰ ਮੇਰੇ ਤੋਂ ਖਫ਼ਾ ਰਹਿੰਦੀ ਹੈ। ਉਹ ਦੰਗੇ ਦੋ ਭਾਈਚਾਰਿਆਂ ਵਿੱਚ ਨਹੀਂ ਸਨ ਸਗੋਂ ਇੱਕ ਨਸਲਕੁਸ਼ੀ ਸੀ।"  

                                    ਅਮਰੀਕਾ ਵਿੱਚ ਵੀ ਉੱਠ ਰਹੀਆਂ ਹਨ ਆਵਾਜ਼ਾਂ

ਕੈਨੇਡੀਅਨ ਨੇਤਾ ਜਗਮੀਤ ਸਿੰਘ ਤੋਂ ਪਹਿਲਾਂ ਅਮਰੀਕੀ ਪ੍ਰਤੀਨਿਧੀ ਇਲਹਾਨ ਉਮਰ ਨੇ ਬਾਈਡਨ ਪ੍ਰਸ਼ਾਸਨ ਉੱਪਰ ਇਲਜ਼ਾਮ ਲਗਾਏ ਸਨ ਕਿ ਉਹ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਆਲੋਚਨਾ ਤੋਂ ਬਚ ਰਹੇ ਹਨ।ਬੀਤੇ ਹਫ਼ਤੇ ਅਮਰੀਕੀ ਸੰਸਦ ਦੀ ਸਮਿਤੀ ਸਾਹਮਣੇ ਉਨ੍ਹਾਂ ਨੇ ਆਖਿਆ ਸੀ ਕਿ ਭਾਰਤ ਵਿੱਚ ਮੁਸਲਮਾਨ ਘੱਟ ਗਿਣਤੀ ਹਨ ਅਤੇ ਉਨ੍ਹਾਂ ਦੇ ਖਿਲਾਫ ਲੰਬੇ ਸਮੇਂ ਤੋਂ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਉਪ ਵਿਦੇਸ਼ ਮੰਤਰੀ ਨੂੰ ਸਵਾਲ ਕੀਤਾ ਗਿਆ ਸੀ ਕਿ ਮੋਦੀ ਸਰਕਾਰ ਦੀ ਆਲੋਚਨਾ ਤੋਂ ਅਮਰੀਕੀ ਸਰਕਾਰ ਕਿਉਂ ਬਚ ਰਹੀ ਹੈ।ਇਸ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਖਿਆ ਸੀ ਕਿ ਅਮਰੀਕਾ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਉੱਪਰ ਨਜ਼ਰ ਰੱਖ ਰਿਹਾ ਹੈ।