ਮੁਹੱਰਮ ਦੇ ਜਲੂਸ ’ਤੇ ਪੁਲੀਸ ਵਲੋਂ ਤਾਲਿਬਾਨੀ ਵਰਤਾਰਾ   

ਮੁਹੱਰਮ ਦੇ ਜਲੂਸ ’ਤੇ ਪੁਲੀਸ ਵਲੋਂ ਤਾਲਿਬਾਨੀ ਵਰਤਾਰਾ   

 *ਮੁਸਲਮਾਨਾਂ ਤੇ ਪੱਤਰਕਾਰਾਂ ਦੀ ਕੁੱਟਮਾਰ

* ਜਲੂਸ ਕੱਢਦੇ ਨੌਜਵਾਨ ਵੀ ਹਿਰਾਸਤ ਵਿੱਚ ਲਏ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸ੍ਰੀਨਗਰ: ਜੰਮੂ ਕਸ਼ਮੀਰ ਪੁਲੀਸ ਨੇ ਇੱਥੇ ਮੁਹੱਰਮ ਦੇ ਜਲੂਸ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਦੇ ਇੱਕ ਗਰੁੱਪ ’ਤੇ  ਲਾਠੀਚਾਰਜ ਕਰ ਦਿੱਤਾ। ਪੁਲੀਸ ਦੀ ਇਸ ਤਾਲਿਬਾਨੀ ਕਾਰਵਾਈ ਦੀ ਚੁਫੇਰਿਓਂ ਆਲੋਚਨਾ ਕੀਤੀ ਜਾ ਰਹੀ ਹੈ। ਪੁਲੀਸ ਨੇ ਸ਼ਹਿਰ ਦੇ ਜਹਾਂਗੀਰ ਚੌਕ ’ਤੇ ਮੁਹੱਰਮ ਦੇ 10 ਰੋਜ਼ਾ ਸੋਗ ਦੇ ਅੱਠਵੇਂ ਦਿਨ ਜਲੂਸ ਕੱਢਣ ਦੀ ਕੋਸ਼ਿਸ਼ ਕਰ ਰਹੇ ਕੁਝ ਸ਼ੀਆ ਮੁਸਲਮਾਨਾਂ ਨੂੰ ਵੀ ਹਿਰਾਸਤ ’ਚ ਲੈ ਲਿਆ।ਜ਼ਿਕਰਯੋਗ ਹੈ ਕਿ ਮੁਹੱਰਮ ਦਾ ਇਹ ਰਵਾਇਤੀ ਜਲੂਸ ਅਬੀ ਗੁਜ਼ਰ, ਲਾਲ ਚੌਕ ਤੇ ਡੱਲਗੇਟ ਇਲਾਕਿਆਂ ’ਚੋਂ ਲੰਘਦਾ ਹੈ ਪਰ 1990 ਦੇ ਦਹਾਕੇ ’ਚ ਖਾੜਕੂ ਹਿੰਸਾ ਦੀ ਸ਼ੁਰੂਆਤ ਹੋਣ ਮਗਰੋਂ ਇਸ ’ਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਧਾਰਮਿਕ ਸਮਾਗਮਾਂ ਦੀ ਵਰਤੋਂ ਵੱਖਵਾਦੀ ਸਿਆਸਤ ਨੂੰ ਉਤਸ਼ਾਹ ਦੇਣ ਲਈ ਕੀਤਾ ਜਾਂਦਾ ਹੈ।ਉੱਧਰ ਪੱਤਰਕਾਰਾਂ ਨੇ ਦੱਸਿਆ ਕਿ ਮੀਡੀਆਕਰਮੀ ਆਪਣਾ ਕੰਮ ਕਰ ਰਹੇ ਸਨ ਕਿ ਪੁਲੀਸ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਇਨ੍ਹਾਂ ਮੀਡੀਆਕਰਮੀਆਂ ’ਚ ਜ਼ਿਆਦਾਤਰ ਫੋਟੋ ਤੇ ਵੀਡੀਓ ਪੱਤਰਕਾਰ ਸਨ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮਾਂ ਨੇ ਕੁਝ ਪੱਤਰਕਾਰਾਂ ਨੂੰ ਡਾਂਗਾਂ ਨਾਲ ਕੁੱਟਿਆ ਤੇ ਉਨ੍ਹਾਂ ਦੇ ਉਪਕਰਨਾਂ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ਦੇ ਵੀਡੀਓਜ਼ ਸੋਸ਼ਲ ਮੀਡੀਆ ਮੰਚਾਂ ’ਤੇ ਅਪਲੋਡ ਕੀਤੇ ਗਏ ਹਨ। ਇਕ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚਿਆ ਤੇ ਉਨ੍ਹਾਂ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।ਇਸੇ ਵਿਚਾਲੇ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਪੁਲੀਸ ਦੀ ਕਾਰਵਾਈ ਮੰਦਭਾਗੀ ਹੈ।  ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ, ‘ਮੀਡੀਆ ਅਫ਼ਗਾਨਿਸਤਾਨ ’ਚ ਪੈਦਾ ਹੋ ਰਹੇ ਸੰਕਟ ਤੇ ਮਨੁੱਖੀ ਤ੍ਰਾਸਦੀ ਬਾਰੇ ਘੰਟਿਆਂਬੱਧੀ ਬਹਿਸ ਕਰ ਰਿਹਾ ਹੈ ਪਰ ਕੀ ਉਹ ਕਸ਼ਮੀਰ ’ਚ ਆਪਣੇ ਹੀ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਲਈ ਆਵਾਜ਼ ਉਠਾਏਗਾ ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਆਪਣਾ ਕੰਮ ਕਰਨ ’ਤੇ ਬੁਰੀ ਤਰ੍ਹਾਂ ਕੁੱਟਿਆ ਹੈ।’ ਇਸੇ ਤਰ੍ਹਾਂ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ, ਸੱਜਾਦ ਲੋਨ ਦੀ ਪਾਰਟੀ ਜੰਮੂ ਕਸ਼ਮੀਰ ਪੀਪਲਜ਼ ਕਾਨਫਰੰਸ ਤੇ ਅਪਨੀ ਪਾਰਟੀ ਦੇ ਮੀਤ ਪ੍ਰਧਾਨ ਗੁਲਾਮ ਹਸਨ ਮੀਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸਾਡੇ ਮੀਡੀਆ  ਦਾ ਮੰਨਣਾ ਹੈ ਕਿ ਪੁਲੀਸ ਇਹਨਾਂ ਨੂੰ ਹਿਰਾਸਤ ਵਿਚ ਲੈ ਸਕਦੀ ਸੀ।ਪਰ ਅਜਿਹੀ ਕਾਰਵਾਈ ਸਰਕਾਰੀ ਗੁੰਡਾਗਰਦੀ ਹੈ।ਪਤਰਕਾਰਾਂ ਨੂੰ ਕੁਟਮਾਰ ਜਮਹੂਰੀਅਤ ਵਿਰੋਧੀ ਕਾਰਵਾਈ ਹੈ।