ਐੱਨਆਈਏ ਨੇ ਹਿਜ਼ਬੁਲ ਮੁਜਾਹਦੀਨ ਦੇ  ਕਮਾਂਡਰ  ਸਈਅਦ ਸਲਾਹੁਦੀਨ ਦੇ ਦੋ ਪੁੱਤਰਾਂ ਦੀ ਜਾਇਦਾਦ ਕੀਤੀ ਜ਼ਬਤ 

ਐੱਨਆਈਏ ਨੇ ਹਿਜ਼ਬੁਲ ਮੁਜਾਹਦੀਨ ਦੇ  ਕਮਾਂਡਰ  ਸਈਅਦ ਸਲਾਹੁਦੀਨ ਦੇ ਦੋ ਪੁੱਤਰਾਂ ਦੀ ਜਾਇਦਾਦ ਕੀਤੀ ਜ਼ਬਤ 

ਮਾਮਲਾ  ਅੱਤਵਾਦੀ ਫੰਡਿੰਗ ਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸ੍ਰੀਨਗਰ : ਕਸ਼ਮੀਰ ਵਿਚ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਐੱਨਆਈਏ ਨੇ ਹਿਜ਼ਬੁਲ ਮੁਜਾਹਦੀਨ ਦੇ ਚੀਫ ਕਮਾਂਡਰ ਸਈਅਦ ਮੁਹੰਮਦ ਯੂਸਫ ਸ਼ਾਹ ਉਰਫ ਸਈਅਦ ਸਲਾਹੁਦੀਨ ਦੇ ਦੋ ਪੁੱਤਰਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਜਾਇਦਾਦ ਵਿਚ ਸ੍ਰੀਨਗਰ ਦੇ ਵੱਖ ਵੱਖ ਹਿੱਸਿਆਂ ’ਚ ਸਥਿਤ ਦੋ ਮਕਾਨ ਤੇ ਬੜਗਾਮ ’ਚ ਦੋ ਕਨਾਲ ਖੇਤੀ ਵਾਲੀ ਜ਼ਮੀਨ ਸ਼ਾਮਲ ਹੈ। ਸਲਾਹੁਦੀਨ ਦੇ ਦੋਵੇਂ ਮੁਲਜ਼ਮ ਬੇਟੇ ਇਸ ਸਮੇਂ ਤਿਹਾੜ ਜੇਲ੍ਹ ਵਿਚ ਬੰਦ ਹਨ। ਇਸ ਤੋਂ ਇਲਾਵਾ ਐੱਨਆਈਏ ਨੇ ਛੇ ਦੁਕਾਨਾਂ ਅਵੰਤੀਪੋਰਾ ’ਚ ਜ਼ਬਤ ਕੀਤੀਆਂ ਹਨ। ਇਹ ਦੁਕਾਨਾਂ 2018 ’ਚ ਪੁਲਵਾਮਾ ਜ਼ਿਲ੍ਹੇ ਦੇ ਲੇਥਪੋਰਾ ਸਥਿਤ ਸੀਆਰਪੀਐੱਫ ਦੇ ਕੈਂਪ ’ਤੇ ਹੋਏ ਅੱਤਵਾਦੀ ਹਮਲੇ ’ਚ ਸ਼ਾਮਲ ਇਕ ਮੁਲਜ਼ਮ ਦੀਆਂ ਹਨ। ਇਸੇ ਮਾਮਲੇ ’ਚ ਸਤੰਬਰ, 2020 ’ਚ ਇਕ ਹੋਰ ਮੁਲਜ਼ਮ ਅੱਤਵਾਦੀ ਦੇ ਪਿਤਾ ਦਾ ਮਕਾਨ ਤੇ ਉਸਦੀ ਜ਼ਮੀਨ ਨੂੰ ਵੀ ਜ਼ਬਤ ਕੀਤਾ ਗਿਆ ਸੀ।

ਐੱਨਆਈਏ ਦੇ ਅਧਿਕਾਰੀਆਂ ਨੇ ਜੰਮੂ ਕਸ਼ਮੀਰ ਦੇ ਮਾਲ ਵਿਭਾਗ ਤੇ ਪੁਲਿਸ ਮੁਲਾਜ਼ਮਾਂ ਦੇ ਦਲ ਨਾਲ ਸੋਮਵਾਰ ਨੂੰ ਸਵੇਰੇ ਸ੍ਰੀਨਗਰ ਦੇ ਨਰਸਿੰਘਗੜ੍ਹ ਰਾਮਬਾਗ, ਕਰਨਨਗਰ ਵਿਚ ਸਥਿਤ ਮਕਾਨ ਦੇ ਇਲਾਵਾ ਸੋਈਬੁੱਗ ’ਚ ਦੋ ਕਨਾਲ ਦੀ ਜ਼ਮੀਨ ਨੂੰ ਜ਼ਬਤ ਕੀਤਾ ਹੈ। ਇਹ ਮਕਾਨ ਤੇ ਜ਼ਮੀਨ ਸਲਾਹੁਦੀਨ ਦੇ ਬੇਟਿਆਂ ਸ਼ਾਹਿਦ ਯੂਸਫ ਤੇ ਸਈਅਦ ਅਹਿਮਦ ਸ਼ਕੀਲ ਦੇ ਨਾਂ ਨਾਲ ਰਜਿਸਟਰਡ ਹੈ। ਸ਼ਾਹਿਦ ਅਕਤੂਬਰ, 2017 ਤੋਂ ਤੇ ਸ਼ਕੀਲ ਅਗਸਤ, 2018 ਤੋਂ ਤਿਹਾੜ ਜੇਲ੍ਹ ’ਚ ਬੰਦ ਹਨ। ਇਹ ਦੋਵੇਂ ਸਲਾਹੁਦੀਨ ਤੇ ਉਸ ਦੇ ਨੈੱਟਵਰਕ ਵਲੋਂ ਦੇਸ਼-ਵਿਦੇਸ਼ ਤੋਂ ਵੱਖ ਵੱਖ ਵਸੀਲਿਆਂ ਦੇ ਜ਼ਰੀਏ ਭੇਜੀ ਗਈ ਟੈਰਰ ਫੰਡਿੰਗ ਨੂੰ ਹਾਸਲ ਕਰ ਕੇ ਕਸ਼ਮੀਰ ਵਿਚ ਅੱਤਵਾਦੀਆਂ ਤੇ ਵੱਖਵਾਦੀ ਆਗੂਆਂ ਨੂੰ ਮੁਹੱਈਆ ਕਰਾਉਂਦੇ ਸਨ।