ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬੰਗਲਾ ਸਾਹਿਬ ’ਚ ਲਗਾਇਆ ਗਿਆ ‘ਰੁੱਖ ਲੰਗਰ’

ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬੰਗਲਾ ਸਾਹਿਬ ’ਚ ਲਗਾਇਆ ਗਿਆ ‘ਰੁੱਖ ਲੰਗਰ’

ਅੰਮ੍ਰਿਤਸਰ ਟਾਈਮਜ਼ 

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਮਨੁੱਖਤਾ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਦਾ ਸੁਨੇਹਾ ਦੇਣ ਵਾਲੇ ਸਿੱਖ ਧਰਮ ਦੇ ਸੱਤਵੇਂ ਗੁਰੂ ਸ੍ਰੀ ਗੁਰੂ ਹਰਿਰਾਇ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਹੇਮਕੁੰਟ ਫਾਊਂਡੇਸ਼ਨ ਅਤੇ ਸੱਚਖੰਡ ਫਾਊਂਡੇਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਰੁੱਖ ਲੰਗਰਲਗਾਇਆ ਗਿਆ । ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਤਕਰੀਬਨ 5 ਹਜ਼ਾਰ ਤੋਂ ਵੱਧ ਬੂਟੇ ਲੰਗਰ ਵਜੋਂ ਮੁਫ਼ਤ ਵੰਡੇ ਗਏ ਤਾਂ ਕਿ ਗੁਰੂ ਸਾਹਿਬ ਵੱਲੋਂ ਦਿੱਤੇ ਸੰਦੇਸ਼ ਨੂੰ ਸਮਾਜ ਚ ਪ੍ਰਚਾਰਿਤ ਕੀਤਾ ਜਾ ਸਕੇ । ਰੁੱਖ਼ ਲੰਗਰਲਗਾਏ ਜਾਣ ਸਮੇਂ ਸੰਗਤਾਂ ਦਾ ਉਤਸ਼ਾਹ ਦੇਖਦੇ ਹੋਏ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਆਪੋ-ਆਪਣੇ ਇਲਾਕਿਆਂ ਚ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਨਾਲ ਰਾਬਤਾ ਬਣਾ ਕੇ ਦਿੱਲੀ ਨੂੰ ਹਰਿਆਵਲ ਬਨਾਉਣ ਵਾਲੇ ਪ੍ਰਾਜੈਕਟਾਂ ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਲਈ ਕਿਹਾ । ਉਨ੍ਹਾਂ ਕਿਹਾ ਕਿ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ ਅਤੇ ਹੋਰ ਅਦਾਰਾ ਪਰਿਸਰ ਚ ਫੁੱਲ-ਬੂਟੇ ਅਤੇ ਦਰਖ਼ੱਤ ਲਗਾ ਕੇ ਹਰਿਆਲੀ ਨੂੰ ਵਧਾਇਆ ਜਾਵੇਗਾ। ਜਗਦੀਪ ਸਿੰਘ ਕਾਹਲੋਂ ਨੇ ਹੇਮਕੁੰਟ ਅਤੇ ਸੱਚਖੰਡ ਫ਼ਾਉਂਡੇਸ਼ਨ ਵੱਲੋਂ ਦਿੱਤੀ ਜਾ ਰਹੀ ਸੇਵਾਵਾਂ ਦੀ ਸ਼ਲਾਘਾ ਕੀਤੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਸਰਵਜੀਤ ਸਿੰਘ ਵਿਰਕ ਨੇ ਇਸ ਮੌਕੇ ਸੰਗਤਾਂ ਨੂੰ ਵੱਖ-ਵੱਖ ਬੂਟੇ ਵੰਡ ਕੇ ਸੰਗਤਾਂ ਨਾਲ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਸਾਂਝੀ ਕੀਤੀ । ਸ. ਵਿਰਕ ਨੇ ਕਿਹਾ ਕਿ ਗੁਰੂ ਹਰਿਰਾਇ ਸਾਹਿਬ ਵੱਲੋਂ ਵਾਤਾਵਰਣ ਦੀ ਸਾਂਭ-ਸੰਭਾਲ ਲਈ ਦਿੱਤੇ ਸੁਨੇਹੇ ਤੇ ਪਹਿਰਾ ਦੇਣਾ ਸਮੇਂ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਆਪਣੇ ਘਰਾਂ-ਦਫਤਰਾਂ ਦੇ ਆਲੇ-ਦੁਆਲੇ ਹਰਿਆਲੀ ਦਾ ਵਿਸਤਾਰ ਕਰਨਾ ਚਾਹੀਦਾ ਹੈ ਅਤੇ ਘਰਾਂ ਦੀਆਂ ਛਤਾਂ ਅਤੇ ਬਾਲਕਨੀਆਂ ਚ ਫੁੱਲ-ਬੂਟੇ ਲਗਾ ਕੇ ਵਾਤਾਵਰਣ ਨੂੰ ਸਵੱਛ ਰੱਖਣ ਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ ਕਿਉਂਕਿ ਫੁੱਲ-ਬੂਟੇ ਲਗਾਉਣ ਨਾਲ ਜਿੱਥੇ ਖੂਬਸੂਰਤੀ ਵੱਧਦੀ ਹੈ ਉਥੇ ਹੀ ਇਸ ਦੇ ਨਾਲ ਪ੍ਰਦੂਸ਼ਣ ਨਾਲ ਲੜਨ ਚ ਵੀ ਸਫਲਤਾ ਪ੍ਰਾਪਤ ਹੰੁਦੀ ਹੈ ।

ਗੁਰਦੁਆਰਾ ਸਾਹਿਬ ਪੁੱਜੀਆਂ ਵੱਖ-ਵੱਖ ਧਰਮਾਂ ਦੀਆਂ ਸੰਗਤਾਂ ਵੱਲੋਂ ਰੁੱਖ਼ ਲੰਗਰਲਗਾਏ ਜਾਣ ਦੀ ਸ਼ਲਾਘਾ ਕਰਦੇ ਹੋਏ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਵਾਤਾਵਰਣ ਦੀ ਸੰਭਾਲ ਚ ਆਪਣਾ ਯੋਗਦਾਨ ਪਾਏ ਜਾਣ ਦਾ ਪ੍ਰਣ ਵੀ ਲਿਆ ਗਿਆ ।ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸ. ਆਤਮਾ ਸਿੰਘ ਲੁਬਾਣਾ, ਅਤੇ ਸ. ਗੁਰਦੇਵ ਸਿੰਘ, ਸ. ਸੁਖਬੀਰ ਸਿੰਘ ਕਾਲਰਾ, ਸ. ਪਲਵਿੰਦਰ ਸਿੰਘ ਲੱਕੀ, ਸ. ਸਰਵਜੀਤ ਸਿੰਘ ਵਿਰਕ ਅਤੇ ਸ. ਹਰਜੀਤ ਸਿੰਘ ਪੱਪਾ ਕਮੇਟੀ ਮੈਂਬਰ ਮੌਜ਼ੂਦ ਸਨ ।