ਪੈਗਾਸਸ ਦੇ ਮੁਦੇ ਉਪਰ ਸੰਸਦ ਵਿਚ ਮੋਦੀ ਸਰਕਾਰ ਘਿਰੀ   

ਪੈਗਾਸਸ ਦੇ ਮੁਦੇ ਉਪਰ ਸੰਸਦ ਵਿਚ ਮੋਦੀ ਸਰਕਾਰ ਘਿਰੀ   

 *ਲੋਕਤੰਤਰ ਦੀ ਆਤਮਾ 'ਤੇ ਲੱਗਾ ਤੀਰ-ਰਾਹੁਲ ਗਾਂਧੀ

*14 ਵਿਰੋਧੀ ਪਾਰਟੀਆਂ ਨੇ  ਕੀਤੀ ਰਣਨੀਤਕ ਬੈਠਕ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ-ਪੈਗਾਸਸ ਜਾਸੂਸੀ ਕਾਂਡ ਰਾਸ਼ਟਰਵਾਦ ਅਤੇ ਦੇਸ਼ ਧ੍ਰੋਹ ਨਾਲ ਜੁੜਿਆ ਮਾਮਲਾ ਹੈ । ਇਸ ਹਥਿਆਰ ਦੀ ਵਰਤੋਂ ਲੋਕਤੰਤਰ ਦੇ ਖ਼ਿਲਾਫ਼ ਕੀਤੀ ਗਈ ਹੈ ਅਤੇ ਇਹ ਲੋਕਤੰਤਰ ਦੀ ਆਤਮਾ 'ਤੇ ਲੱਗਾ ਤੀਰ ਹੈ । ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ  ਪੈਗਾਸਸ ਮੁੱਦੇ 'ਤੇ ਹਮਲਾਵਰ ਹੁੰਦਿਆਂ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਇਹ ਬਿਆਨ ਦਿੱਤਾ । ਰਾਹੁਲ ਗਾਂਧੀ ਨੇ 14 ਵਿਰੋਧੀ ਪਾਰਟੀਆਂ ਦੇ ਨਾਲ ਸੰਸਦ ਦੇ ਅੰਦਰ ਪੈਗਾਸਸ ਮੁੱਦੇ 'ਤੇ ਰਣਨੀਤਕ ਬੈਠਕ ਕਰਨ ਤੋਂ ਬਾਅਦ ਇਕ ਸਾਂਝੀ ਪੈ੍ਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਵਿਰੋਧੀ ਇਕਜੁੱਟਤਾ 'ਤੇ ਉਚੇਚਾ ਜ਼ੋਰ ਦਿੰਦਿਆਂ ਕਿਹਾ ਕਿ ਸਮੁੱਚੀ ਵਿਰੋਧੀ ਧਿਰ ਇੱਥੇ ਹੈ । ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਸੰਸਦ ਦੇ ਅੰਦਰ ਰਾਹੁਲ ਗਾਂਧੀ ਨੇ ਸਰਕਾਰ ਤੋਂ ਸਿੱਧੇ ਤੌਰ 'ਤੇ ਹਾਂ ਜਾਂ ਨਾਂਹ 'ਚ ਦੋ ਸਵਾਲ ਪੁੱਛਦਿਆਂ ਕਿਹਾ ਕਿ ਕੀ ਸਰਕਾਰ ਨੇ ਪੈਗਾਸਸ ਖ਼ਰੀਦਿਆ ਹੈ ਅਤੇ ਕੀ ਸਰਕਾਰ ਨੇ ਇਸ ਦੀ ਵਰਤੋਂ ਆਪਣੇ ਹੀ ਦੇਸ਼ ਦੇ ਲੋਕਾਂ ਖ਼ਿਲਾਫ਼ ਕੀਤੀ ਹੈ? ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੈਗਾਸਸ ਜਾਸੂਸੀ ਕਾਂਡ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਤੁਹਾਡੇ ਫ਼ੋਨਾਂ 'ਚ ਹਥਿਆਰ ਪਲਾਂਟ ਕੀਤਾ ਹੈ, ਜਿਸ ਦੀ ਵਰਤੋਂ ਵਿਰੋਧੀ ਧਿਰ ਦੇ ਨੇਤਾਵਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾਂ ਖ਼ਿਲਾਫ਼ ਕੀਤੀ ਜਾ ਰਹੀ ਹੈ । ਉਨ੍ਹਾਂ ਮੀਡੀਆ ਨੂੰ ਸਵਾਲੀਆ ਲਹਿਜੇ 'ਚ ਪੁੱਛਿਆ ਕਿ ਕੀ ਅਜਿਹੇ ਮੁੱਦੇ 'ਤੇ ਸੰਸਦ ਦੇ ਅੰਦਰ ਚਰਚਾ ਹੋਣੀ ਚਾਹੀਦੀ ਹੈ? ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰਾਂ ਇਸ 'ਤੇ ਰਾਜ਼ੀ ਹੋ ਜਾਣ ਕਿ ਪੈਗਾਸਸ 'ਤੇ ਕੋਈ ਚਰਚਾ ਨਹੀਂ ਹੋਵੇਗੀ ਤਾਂ ਇਹ ਮੁੱਦਾ ਇੱਥੇ ਹੀ ਦੱਬਿਆ ਜਾਵੇਗਾ । ਉਨ੍ਹਾਂ ਫਿਰ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਤੱਕ ਪੈਗਾਸਸ 'ਤੇ ਚਰਚਾ ਨਹੀਂ ਕਰਵਾਈ ਜਾਵੇਗੀ ਅਸੀਂ ਇੱਥੇ ਹੀ ਰਹਾਂਗੇ । ਵਿਰੋਧੀ ਧਿਰਾਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਤੋਂ ਪਹਿਲਾਂ ਬਾਰਿਸ਼ 'ਚ ਹੀ ਸੰਸਦ ਤੋਂ ਲੈ ਕੇ ਵਿਜੈ ਚੌਕ ਤੱਕ ਰੋਸ ਮਾਰਚ ਵੀ ਕੱਢਿਆ । ਵਿਰੋਧੀ ਧਿਰਾਂ ਦੀ ਸਾਂਝੀ ਪ੍ਰੈੱਸ ਕਾਨਫ਼ਰੰਸ 'ਚ ਮੌਜੂਦ ਆਰ.ਜੇ.ਡੀ. ਦੇ ਮਨੋਜ ਝਾਅ ਨੇ ਕਿਹਾ ਕਿ ਸਦਨ 'ਚ ਸੂਚਨਾ ਤਕਨੀਕੀ ਮੰਤਰੀ ਵਲੋਂ ਦਿੱਤੇ ਬਿਆਨ ਨੂੰ ਚਰਚਾ ਦਾ ਨਾਂਅ ਨਹੀਂ ਦਿੱਤਾ ਜਾ ਸਕਦਾ । ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਵੀ ਪੈਗਾਸਸ 'ਤੇ ਚਰਚਾ ਦਾ ਸਮਰਥਨ ਕਰਦਿਆਂ ਕਿਹਾ ਕਿ ਸਰਕਾਰ ਨੇ ਇਸ ਹਥਿਆਰ (ਪੈਗਾਸਸ) ਨਾਲ ਲੋਕਤੰਤਰ ਦੀ ਆਤਮਾ 'ਤੇ ਪਿੱਛੋਂ ਵਾਰ ਕੀਤਾ ਹੈ, ਜੋ ਕਿ ਲੋਕਾਂ ਨਾਲ ਕੀਤਾ ਧੋਖਾ ਕਰਾਰ ਦਿੱਤਾ ਜਾਵੇਗਾ ।

ਸਾਂਝੀ ਪ੍ਰੈੱਸ ਕਾਨਫ਼ਰੰਸ ਤੋਂ ਪਹਿਲਾਂ ਸੰਸਦ ਦੇ ਅੰਦਰ ਵਿਰੋਧੀ ਪਾਰਟੀਆਂ ਵਲੋਂ ਬੀਤੇ ਦਿਨੀ ਇਕ ਰਣਨੀਤਕ ਬੈਠਕ ਵੀ ਕੀਤੀ ਗਈ । ਮਲਿਕ ਅਰਜਨ ਖੜਗੇ ਦੇ ਕੈਬਿਨ 'ਚ ਹੋਈ ਇਸ ਬੈਠਕ ਦੀ ਪ੍ਰਧਾਨਗੀ ਰਾਹੁਲ ਗਾਂਧੀ ਵਲੋਂ ਕੀਤੀ ਗਈ, ਜਿਸ 'ਚ 14 ਪਾਰਟੀਆਂ ਵਲੋਂ ਸ਼ਿਰਕਤ ਕੀਤੀ ਗਈ, ਇਸ 'ਚ ਕਾਂਗਰਸ ਤੋਂ ਇਲਾਵਾ ਡੀ.ਐੱਮ.ਕੇ., ਸ਼ਿਵ ਸੈਨਾ, ਆਰ.ਜੇ.ਡੀ., 'ਆਪ', ਐੱਮ.ਸੀ.ਪੀ., ਨੈਸ਼ਨਲ ਕਾਨਫ਼ਰੰਸ, ਸੀ.ਪੀ.ਆਈ., ਸੀ.ਪੀ.ਆਈ. (ਐੱਮ), ਸਮਾਜਵਾਦੀ ਪਾਰਟੀ, ਮੁਸਲਿਮ ਲੀਗ, ਆਰ.ਐੱਸ.ਪੀ., ਕੇਰਲ ਕਾਂਗਰਸ ਅਤੇ ਵਿਧੂਥਾਲਾਈ ਚਿਰੂਥੈਗਲ ਕਾਚੀ ਸ਼ਾਮਿਲ ਸਨ । ਵਿਰੋਧੀ ਧਿਰ ਦੀ ਇਸ ਇਕਜੁੱਟਤਾ 'ਚ ਤਿ੍ਣਮੂਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਗ਼ੈਰ-ਹਾਜ਼ਰ ਸਨ ।ਜਦਕਿ ਲੋਕ ਸਭਾ 'ਚ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ 'ਚ ਦੋਵੇਂ ਪਾਰਟੀਆਂ ਸ਼ਾਮਿਲ ਸਨ ।ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਨੇ ਵਿਰੋਧੀ ਧਿਰਾਂ ਦਾ ਰੁਖ਼ ਸਪੱਸ਼ਟ ਕਰਦਿਆਂ ਕਿਹਾ ਕਿ ਪੈਗਾਸਸ ਜਾਸੂਸੀ ਕਾਂਡ, ਮਹਿੰਗਾਈ ਅਤੇ ਕਿਸਾਨਾਂ ਦੇ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।