ਦਿੱਲੀ ਪੁਲਿਸ ਨੇ ਕੀਤਾ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਦਿੱਲੀ ਪੁਲਿਸ ਨੇ ਕੀਤਾ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼

   ਪੁਲੀਸ ਨੇ 2500 ਕਰੋੜ ਦੀ ਹੈਰੋਇਨ ਫੜੀ

   *ਜਲੰਧਰ ਦੇ ਦੋ ਗਭਰੂ ਸਮੇਤ 4 ਗਿ੍ਫ਼ਤਾਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਵੱਡੀ ਕਾਰਵਾਈ ਕਰਦੇ ਹੋਏ 354 ਕਿੱਲੋ ਹੈਰੋਇਨ ਜਬਤ ਕੀਤੀ ਹੈ ਅਤੇ ਜਿਸ ਦੀ ਬਾਜ਼ਾਰੀ ਕੀਮਤ ਕਰੀਬ 2500 ਕਰੋੜ ਰੁਪਏ ਦੱਸੀ ਜਾ ਰਹੀ ਹੈ । ਪੁਲਿਸ ਨੇ ਇਸ ਮਾਮਲੇ 'ਚ 4 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਦੋ ਪੰਜਾਬ ਨਾਲ ਸਬੰਧ ਰੱਖਦੇ ਹਨ ।ਕਥਿਤ ਦੋਸ਼ੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਗੁਰਜੋਤ ਸਿੰਘ ਉਰਫ਼ ਗੋਲੂ, ਹਜ਼ਰਤ ਅਲੀ ਅਤੇ ਰਿਜ਼ਵਾਨ ਕਸ਼ਮੀਰੀ ਵਜੋਂ ਹੋਈ ਹੈ ਜੋ ਜੰਮੂ-ਕਸ਼ਮੀਰ ਦੇ ਅਨੰਤਨਾਗ ਦਾ ਰਹਿਣ ਵਾਲਾ ਹੈ ।ਹਜ਼ਰਤ ਅਲੀ ਅਫ਼ਗਾਨਿਸਤਾਨ ਦੇ ਕੰਧਾਰ ਦਾ ਨਾਗਰਿਕ ਹੈ ।ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਅਤੇ ਗੁਰਜੋਤ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਪਰ ਉਹ ਹਰਿਆਣਾ ਦੇ ਫਰੀਦਾਬਾਦ ਵਿਚ ਉਕਤ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ । ਰਿਜ਼ਵਾਨ ਨੇ ਦੱਸਿਆ ਕਿ ਇਸ਼ਾ ਖਾਨ ਜੋ ਕਿ ਹਾਲ ਹੀ ਵਿਚ ਭਾਰਤ ਤੋਂ ਵਾਪਸ ਅਫ਼ਗਾਨਿਸਤਾਨ ਜਾ ਕੇ ਲੁਕ ਗਿਆ ਹੈ, ਨੇ ਹੀ ਉਸ ਨੂੰ ਗੁਰਪ੍ਰੀਤ ਅਤੇ ਗੁਰਜੋਤ ਨਾਲ ਸੰਪਰਕ ਕਰਨ ਲਈ ਕਿਹਾ ਸੀ । ਦੂਜੇ ਪਾਸੇ ਗੁਰਪ੍ਰੀਤ ਅਤੇ ਗੁਰਜੋਤ ਨੇ ਦੱਸਿਆ ਕਿ ਉਹ ਨਵਪ੍ਰੀਤ ਸਿੰਘ ਉਰਫ਼ ਨਵ, ਜੋ ਕਿ ਇਸ ਸਮੇਂ ਪੁਰਤਗਾਲ ਵਿਖੇ ਰਹਿ ਰਿਹਾ ਹੈ, ਦੇ ਕਹਿਣ 'ਤੇ ਨਸ਼ੇ ਦਾ ਧੰਦਾ ਕਰ ਰਹੇ ਸਨ । ਪੁਲਿਸ ਨੇ ਦੱਸਿਆ ਕਿ ਨਸ਼ੇ ਦੀ ਇਹ ਖੇਪ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਪਲਾਈ ਕੀਤੀ ਜਾਣੀ ਸੀ | ਡੀ.ਸੀ.ਪੀ. (ਵਿਸ਼ੇਸ਼ ਸੈਲ) ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਿਜ਼ਵਾਨ ਕਸ਼ਮੀਰੀ ਦਿੱਲੀ ਵਿਚ ਨਸ਼ੇ ਦੀ ਖੇਪ ਸਪਲਾਈ ਕਰਨ ਵਾਲਾ ਹੈ ਅਤੇ ਪੁਲਿਸ ਵਲੋਂ ਵਿਛਾਏ ਜਾਲ ਵਿਚ ਉਹ ਇਕ ਕਿੱਲੋ ਹੈਰੋਇਨ ਸਮੇਤ ਫਸ ਗਿਆ । ਕਸ਼ਮੀਰੀ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਹੀ ਗੁਰਪ੍ਰੀਤ ਅਤੇ ਗੁਰਜੋਤ ਦੀ ਗਿ੍ਫ਼ਤਾਰੀ ਹੋ ਸਕੀ ।ਪੁਲਿਸ ਨੇ ਪਾਰਕਿੰਗ ਵਿਚ ਖੜ੍ਹੀਆਂ ਵੱਖ-ਵੱਖ ਕਾਰਾਂ ਤੋਂ 166 ਕਿੱਲੋ ਅਤੇ 115 ਕਿੱਲੋ ਬਰਾਮਦ ਕੀਤੀ ।ਇਸ ਬਾਅਦ 70 ਕਿੱਲੋ ਹੈਰੋਇਨ ਗੁਰਪ੍ਰੀਤ ਅਤੇ ਗੁਰਜੋਤ ਦੀ ਰਿਹਾਇਸ਼ 'ਚੋਂ ਬਰਾਮਦ ਕੀਤੀ ਗਈ ।ਪੁਲਿਸ ਨੇ ਦੱਸਿਆ ਕਿ ਇਸ ਤੋਂ ਇਲਾਵਾ 100 ਕਿੱਲੋ ਦੇ ਕਰੀਬ ਕੈਮੀਕਲ ਵੀ ਬਰਾਮਦ ਕੀਤਾ ਗਿਆ ਹੈ ਜੋ ਕਿ ਹੈਰੋਇਨ ਬਣਾਉਣ ਲਈ ਵਰਤਿਆ ਜਾਂਦਾ ਸੀ । ਗੁਰਪ੍ਰੀਤ ਨੇ ਦੱਸਿਆ ਕਿ ਉਸ ਦੀ ਨਵਪ੍ਰੀਤ ਨਾਲ ਕਪੂਰਥਲਾ ਜੇਲ੍ਹ ਵਿਚ ਮੁਲਾਕਾਤ ਹੋਈ ਸੀ ।ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਫੜੀ ਹੈ । ਜਾਣਕਾਰੀ ਅਨੁਸਾਰ ਹੈਰੋਇਨ ਦੇ ਖੇਪ ਕੰਟੇਨਰਾਂ ਵਿਚ ਲੁਕਾ ਕੇ ਸਮੰਦਰ ਦੇ ਰਸਤੇ ਮੁੰਬਈ ਤੋਂ ਦਿੱਲੀ ਆਈ ਸੀ । ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਕੋਲ ਫੈਕਟਰੀ ਵਿਚ ਇਸ ਡਰੱਗ ਨੂੰ ਹੋਰ ਵਧੀਆ ਬਣਾਇਆ ਜਾਣਾ ਸੀ ।