ਸਾਬਕਾ ਆਈ ਜੀ ਸੱਚ ਕਹਿੰਦੈ, ਬੇਅਦਬੀਆਂ ਦੇ ਨਿਆਂ ਦੀ ਲੜਾਈ ਹੁਣ ਕੁਰਸੀ ਦੀ ਲੜਾਈ ਹੈ

ਸਾਬਕਾ ਆਈ ਜੀ ਸੱਚ ਕਹਿੰਦੈ, ਬੇਅਦਬੀਆਂ ਦੇ ਨਿਆਂ ਦੀ ਲੜਾਈ ਹੁਣ ਕੁਰਸੀ ਦੀ ਲੜਾਈ ਹੈ

ਭੱਖਦਾ ਮਸਲਾ                              

 ਪਿਛਲੇ ਦਿਨੀ ਪੰਜਾਬ ਪੁਲਿਸ ਦੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇੱਕ ਅਖਬਾਰੀ ਮੁਲਾਕਾਤ ਪੜ੍ਹਨ ਨੂੰ ਮਿਲੀ, ਜਿਸ ਵਿੱਚ ਉਹਨਾਂ ਨੇ ਬੇਅਦਬੀ ਦੇ ਮਾਮਲੇ ਵਿੱਚ ਖੁੱਲ ਕੇ ਅਪਣੇ ਵਿਚਾਰ ਪਰਗਟ ਕੀਤੇ ਹਨ।ਉਹਨਾਂ ਦੀ ਇਹ ਮੁਲਾਕਾਤ ਉਸ ਸਮੇ ਪਰਕਾਸ਼ਿਤ ਹੋਈ ਹੈ,ਜਦੋਂ ਉਹ ਨੌਕਰੀ ਛੱਡਣ ਤੋਂਂ ਬਾਅਦ ਸਰਗਰਮ ਰਾਜਨੀਤੀ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਕੁੱਦ ਪਏ ਹਨ। ਉਹਨਾਂ ਨੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕਿਉਂ ਲਿਆ,ਆਮ ਆਦਮੀ ਪਾਰਟੀ ਵਿੱਚ ਜਾਣ ਪਿੱਛੇ ਕੀ ਕਾਰਨ ਹੋ ਸਕਦੇ ਹਨ,ਇਹ ਬਹਿਸ ਦਾ ਮੁੱਦਾ ਨਹੀ,ਬਲਕਿ ਬਹਿਸ ਦਾ ਮੁੱਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਉਹ ਰਿਪੋਰਟ ਹੈ,ਜਿਸ ਨੂੰ ਭਾਰਤੀ ਤਾਕਤਾਂ ਵੱਲੋਂ ਬੜੇ ਸਾਜਿਸ਼ੀ ਢੰਗ ਨਾਲ ਦਰਕਿਨਾਰ ਕਰਕੇ ਦੋੋੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੀ ਮੁਲਾਕਾਤ ਦੇ ਆਧਾਰ ਤੇ ਹੀ ਹਥਲੀ ਲਿਖਤ ਵਿੱਚ ਕੁੱਝ ਜਰੂਰੀ ਨੁਕਤਿਆਂ ਖਾਸ ਕਰਕੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਦੇ ਇਨਸਾਫ ਦੇ ਨਾਮ ਤੇ ਖੇਡੀ ਜਾ ਰਹੀ ਸਿਆਸਤ ਤੇ ਗੱਲ ਕਰਨੀ ਬਣਦੀ ਹੈ। ਪੰਜਾਬ ਦੀ ਇਹ ਤਰਾਸਦੀ ਰਹੀ ਹੈ ਕਿ ਇੱਥੋਂ ਦੇ ਰਾਜਨੀਤਕ ਲੋਕਾਂ ਦੇ ਈਮਾਨ ਦਾ ਪਲੜਾ ਹੌਲਾ ਹੀ ਰਿਹਾ ਹੈ।ਪੰਜਾਬ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਕਦੇ ਵੀ ਈਮਾਨਦਾਰੀ ਨਾਲ ਪੰਜਾਬ ਦੇ ਸਿਆਸੀ ਲੋਕਾਂ ਦੀ ਪਹੁੰਚ ਹਾਂ ਪੱਖੀ ਨਹੀ ਰਹੀ।ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ,ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ,ਭਾਖੜਾ ਡੈਮ ਦੇ ਪਰਬੰਧ ਅਤੇ ਬਿਜਲੀ ਦਾ ਮਸਲਾ ਹੋਵੇ,ਪੰਜਾਬ ਦੀ ਰਾਜਧਾਨੀ ਚੰਡੀਗੜ ਦੀ ਲਟਕਦੀ ਮੰਗ ਦੀ ਗੱਲ ਹੋਵੇ,ਕਿਤੇ ਵੀ ਅਜਿਹੀ ਈਮਾਨਦਾਰੀ ਦੀ ਰਾਜਨੀਤੀ ਦਿਖਾਈ ਨਹੀ ਦਿੱਤੀ। ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਸਮੇਤ ਪੰਜਾਬ ਦੀਆਂ ਸਮੁੱਚੀਆਂ ਹੱਕੀ ਮੰਗਾਂ ਦੀ ਤਰਜਮਾਨੀ ਕਰਦਾ, ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਵੀ ਅਕਾਲੀਆਂ ਦੀ ਲੰਮੀ ਤੇ ਖਤਰਨਾਕ ਰਾਜਨੀਤਕ ਖੇਡ ਦੀ ਭੇਂਟ ਚੜ੍ਹ ਗਿਆ। ਇਸ ਮਤੇ ਨੂੰ ਲਾਗੂ ਕਰਵਾਉਣ ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਸੈਂਕੜੇ ਨਹੀ ਬਲਕਿ ਹਜਾਰਾਂ ਨੌਜਵਾਨ ਲੰਮੀ ਹਥਿਆਰਬੰਦ ਲੜਾਈ ਲੜਦੇ ਲੜਦੇ ਸ਼ਹੀਦੀਆਂ ਪਾ ਗਏ। ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੌਰਾਨ ਆਪਾ ਕੁਰਬਾਂਨ ਕਰ ਜਾਣ ਵਾਲੇ  ਸੂਰਮਿਆਂ ਦੀਆਂ ਲਾਸ਼ਾ ਉਪਰ ਪੈਰ ਰੱਖ ਕੇ ਸੱਤਾ ਦੀ ਪੌੜੀ ਜਾ ਚੜ੍ਹੇ ਅਕਾਲੀਆਂ ਨੇ ਲੰਮਾ ਸਮਾਂਂ ਉਪਰੋਕਤ ਮੰਗਾਂ ਅਤੇ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਨੂੰ ਮੁੱਦਾ ਬਣਾ ਕੇ ਸੱਤਾ ਦਾ ਅਨੰਦ ਮਾਣਿਆ ਹੈ।ਹੌਲੀ ਹੌਲੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਸਮੇਤ ਸਾਰੀਆਂ ਹੀ ਮੰਗਾਂ ਅਕਾਲੀ ਸਿਆਸਤ ਦੀ ਗਰਦਸ ਵਿੱਚ ਦੱਬ ਕੇ ਦਮ ਤੋੜ ਗਈਆਂ।

1992 ਤੋਂ ਲੈ ਕੇ 1997 ਤੱਕ ਕਾਂਗਰਸ ਦੇ ਠੱਪੇ ਵਾਲੀ ਕੇਂਦਰ ਦੀ ਕਠਪੁਤਲੀ ਸਰਕਾਰ ਨੇ ਪੰਜਾਬ ਨੂੰ ਰੱਜ ਕੇ ਕੁੱਟਿਆ ਲੁੱਟਿਆ ਤੇ ਜੁਆਨੀ ਦਾ ਘਾਣ ਕੀਤਾ।ਇਹਨਾਂ ਤੋ ਬਾਅਦ ਫਿਰ ਉਹ ਹੀ ਪ੍ਰਕਾਸ਼ ਸਿੰਘ ਬਾਦਲ ਆਇਆ ਜੀਹਨੇ 1997 ਤੋ 2002 ਤੱਕ  ਨਾਗਪੁਰ ਅਤੇ ਦਿੱਲੀ ਦੀ ਛਤਰਸਾਇਆ ਹੇਠ ਰਹਿ ਕੇ ਸਿੱਖ ਜੁਆਨੀ ਦੇ ਹੋਏ ਘਾਣ ਦਾ ਮੁੱਲ ਵੱਟ ਕੇ ਖੁਦ ਘਾਣ ਕੀਤਾ।ਫਿਰ ਵਾਰੀ ਆਈ ਕਾਂਗਰਸ ਦੀ,ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2002 ਤੋਂ 2007 ਤੱਕ ਪੰਜਾਬ ਦੀ ਵਾਗਡੋਰ ਅਪਣੇ ਹੱਥ ਲੈ ਕੇ ਕਾਂਗਰਸ ਦੇ ਅਕਸ ਨੂੰ ਸਾਫ ਕਰਨ ਦੀ ਰਾਜਨੀਤੀ ਖੇਡੀ, ਉਸ ਤੋਂਂ ਉਪਰੰਤ ਫਿਰ ਉਹ ਹੀ ਨਾਗਪੁਰ ਦੇ ਵਰੋਸਾਏ ਹੋਏ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਹੀ ਨਹੀ,ਬਲਕਿ 2007 ਤੋ ਲਗਾਤਾਰ 2012 ਵਿੱਚ ਦੂਜੀ ਵਾਰ ਮੁੜ ਸੱਤਾ ਤੇ ਕਾਬਜ ਹੋਣ ਤੋਂਂ ਬਾਅਦ ਤਾਂ ਉਹ ਕਾਰਨਾਮੇ ਕੀਤੇ, ਜਿਹੜੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਨ ਵਾਲੇ ਸਨ,ਜਿਸਤਰ੍ਹਾਂ ਮੁੜ ਸੱਤਾ ਸੰਭਾਲਦਿਆਂ ਹੀ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪੰਜਾਬ ਦਾ ਪੁਲਿਸ ਮੁਖੀ ਬਣਾਇਆ ਗਿਆ ਤੇ ਫਿਰ 2015 ਤੋਂਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ,ਜਿਸ ਦੌਰਾਨ ਰੋਸ ਪ੍ਰਦ੍ਰਸ਼ਨ ਕਰਦੇ ਦੋ ਸਿੱਖ ਪੁਲਿਸ ਦੀਆਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਨਾਲ ਸ਼ਹੀਦ ਹੋ ਗਏ ਤੇ ਸੈਕੜੇ ਸਿੱਖ ਪੁਲਿਸ ਦੀਆਂ ਗੋਲੀਆਂ,ਪਾਣੀ ਦੀਆਂ ਬੁਛਾੜਾਂ,ਲਾਠੀਚਾਰਜ ਅਤੇ ਰਾਡਾਂ ਦੇ ਹਮਲਿਆਂ ਨਾਲ ਜ਼ਖਮੀ ਹੋ ਗਏ। ਇਹਨਾਂ ਬੇਅਦਬੀਆਂ ਚੋਂਂ ਹੀ ਮੁੜ ਸਰਬਤ ਖਾਲਸੇ ਦਾ ਸੰਕਲਪ ਦੁਹਰਾਇਆ ਗਿਆ,ਪਰ ਜਿਵੇਂ ਉੱਪਰ ਕਿਹਾ ਜਾ ਚੁੱਕਾ ਹੈ ਕਿ ਸਿੱਖ ਮਸਲੇ ਹਮੇਸਾਂ ਹੀ ਰਾਜਨੀਤੀ ਦੀ ਭੇਂਟ ਚੜ੍ਹਦੇ ਆ ਰਹੇ ਹਨ,ਇੱਥੇ ਵੀ ਸਿੱਖਾਂ ਦੇ ਜਾਗਤ ਜੋਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਵੀ ਰਾਜਨੀਤੀ ਦੀ ਗੰਦੀ ਖੇਡ ਖੇਡੀ ਜਾ ਰਹੀ ਹੈ,ਜਿਹੜੀ ਸਿੱਖ ਕੌਮ ਦੇ ਭਵਿੱਖ ਲਈ ਬੇਹੱਦ ਘਾਤਕ ਸਿੱਧ ਹੋਵੇਗੀ।ਬੇਅਦਬੀਆਂ ਦਾ ਦੌਰ ਸਿੱਖ ਵਿਰੋਧੀ ਤਾਕਤਾਂ ਦੇ ਸ਼ਾਤਰ ਦਿਮਾਗ ਦੀ ਗੰਦੀ ਕਾਢ ਹੈ।ਉਹ ਚਾਹੁੰਦੇ ਹਨ ਕਿ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਕਿਸੇ ਵੀ ਰੂਪ ਵਿੱਚ,ਕਿਸੇ ਵੀ ਢੰਗ ਨਾਲ ਓਨਾ ਚਿਰ ਲਗਾਤਾਰ ਜਾਰੀ ਰੱਖਿਆ ਜਾਵੇ,ਜਿੰਨੀ ਦੇਰ ਸਿੱਖ ਮਨਾਂ ਵਿਚੋਂਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸ਼ਰਧਾ ਤੇ ਸਤਿਕਾਰ ਦੀ ਭਾਵਨਾ ਮਰ ਨਹੀ ਜਾਂਦੀ।ਉਹ ਤਾਕਤਾਂ ਭਾਵੇਂ ਅਪਣੇ ਇਸ ਬੇਹੱਦ ਮਾੜੇ ਮਨਸੂਬੇ ਵਿੱਚ ਸਫਲ ਨਹੀ ਹੋ ਸਕਣਗੀਆਂ,ਪਰ ਸਿੱਖ ਰਾਜਨੀਤੀ ਇਨਸਾਫ ਲੈਣ ਵਿੱਚ ਬੁਰੀ ਤਰ੍ਹਾਂਂ ਨਾਕਾਮ ਰਹਿਣ ਦਾ ਮੁੱਖ ਕਾਰਨ ਵੀ ਪੰਜਾਬ ਦੀ ਰਾਜਨੀਤੀ ਵਿੱਚ ਆਇਆ ਨਿਘਾਰ ਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਅਕਾਲੀ ਦਲ ਦੀ ਇਤਿਹਾਸਕ ਹਾਰ ਦਾ ਕਾਰਨ ਵੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੀ ਸਨ।ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ,ਜਿੰਹਨਾਂ ਵਿੱਚ ਨਸ਼ਿਆਂ ਤੋਂਂ ਇਲਾਵਾ ਬੇਅਦਬੀਆਂ ਦਾ ਇਨਸਾਫ,ਕਾਤਲ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਨੂੰ ਸਜਾਵਾਂ ਦੇਣ ਦੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀਤੇ ਵਾਅਦੇ ਮੁੱਖ ਤੌਰ ਤੇ ਜਿਕਰਯੋਗ ਹਨ। ਲੋਕ ਕੈਪਟਨ ਅਮਰਿੰਦਰ ਸਿੰਘ ਤੋ ਇਹ ਆਸ ਰੱਖਦੇ ਸਨ ਕਿ ਉਹ ਜੋ ਕਹਿੰਦੇ ਹਨ,ਜਰੂਰ ਕਰਨਗੇ।ਇਸ ਲਈ ਲੋਕਾਂ ਨੇ ਉਹਨਾਂ ਨੂੰ ਦਿਲ ਖੋਲ ਕੇ ਵੋਟਾਂ ਪਾਈਆਂ।ਇਹ ਸੱਚ ਹੈ ਕਿ ਜਿਸਤਰਾਂ ਦਾ ਹੁੰਗਾਰਾ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਦਿੱਤਾ ਗਿਆ,ਜਿਸਤਰ੍ਹਾਂ ਦਾ ਵਿਸ਼ਵਾਸ ਕੈਪਟਨ ਅਮਰਿੰਦਰ ਸਿੰਘ ਵਿੱਚ ਲੋਕਾਂ ਵੱਲੋਂ ਪਰਗਟ ਕੀਤਾ ਗਿਆ, ਅਜਿਹਾ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀ ਸੀ ਸੋਚਿਆ। ਇਹ ਵੀ ਸੱਚ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਸਤਰ੍ਹਾਂ ਲੋਕ ਭਾਵਨਾਵਾਂ ਨੂੰ ਦਰਕਿਨਾਰ ਕੀਤਾ,ਉਹ ਵੀ ਪੰਜਾਬ ਦੇ ਲੋਕਾਂ ਨੇ ਕਦੇ ਕਿਆਸਿਆ ਤੱਕ ਨਹੀ ਸੀ। ਜਦੋਂ ਕੈਪਟਨ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਣਾਇਆ ਗਿਆ ਅਤੇ ਫਿਰ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਤੇ ਵਿਧਾਨ ਸਭਾ ਵਿੱਚ ਬਹਿਸ ਕਰਵਾਈ ਗਈ ਤੇ ਬਹਿਸ ਨੂੰ ਜਨਤਕ ਕੀਤਾ ਗਿਆ,ਉਪਰੰਤ ਕੁੰਵਰ ਵਿਜੈ ਪਰਤਾਪ ਸਿੰਘ ਵਰਗੇ ਈਮਾਨਦਾਰ ਅਕਸ ਵਾਲੇ ਜਾਣੇ ਜਾਂਦੇ ਪੁਲਿਸ ਅਫਸਰਾਂ ਦੀ ਐਸ ਆਈ ਟੀ ਬਣਾ ਕੇ ਦੁੱਧ ਦਾ ਦੁਧ ਅਤੇ ਪਾਣੀ ਦਾ ਪਾਣੀ ਕਰਨ ਦੀ ਜ਼ਿੰਮੇਵਾਰੀ ਲਾਈ ਗਈ,ਤਾਂ ਉਸ ਵਰਤਾਰੇ ਤੋ ਜਾਪਦਾ ਸੀ ਕਿ ਹੁਣ ਉਹ ਦਿਨ ਦੂਰ ਨਹੀਂਂ ਜਦੋ ਬੇਅਦਬੀ ਅਤੇ ਨਿਹੱਥੀਆਂ ਸਿੱਖ ਸੰਗਤਾਂ ਤੇ ਗੋਲੀਆਂ ਚਲਾਉਣ ਵਾਲੇ ਸਿੱਖਾਂ ਦੇ ਦੋ ਕਤਲਾਂ ਦੇ ਦੋਸ਼ੀ ਪੁਲਿਸ ਅਫਸਰਾਂ ਅਤੇ ਸਿਆਸੀ ਆਗੂਆਂ ਨੂੰ  ਕਨੂੰਨ ਦੇ ਕਟਿਹਰੇ ਵਿੱਚ ਖੜਾ ਕੀਤਾ ਜਾਵੇਗਾ,ਪਰ ਅਫਸੋਸ ਕਿ ਅਜਿਹਾ ਨਾ ਹੋ ਸਕਿਆ। ਜਦੋ ਕੁੰਵਰ ਵਿਜੇ ਪਰਤਾਪ ਸਿੰਘ ਨੇ ਜਾਚ ਪੜਤਾਲ ਮੁਕੰਮਲ ਕਰਕੇ ਰਿਪੋਰਟ ਦੇ ਦੇਣ ਤੋਂਂ ਬਾਅਦ ਕੁੱਝ ਟੀ ਵੀ ਚੈਨਲਾਂ ਤੇ ਬੜੀ ਜੁੰਮੇਵਾਰੀ ਨਾਲ ਕਿਹਾ ਕਿ ਮੈ ਦੁੱਧ ਦਾ ਦੁੱਧ ਕਰ ਦਿੱਤਾ ਹੈ ਤੇ ਫੈਸਲਾ ਆਉਣ ਤੇ ਸਾਰਾ ਕੁੱਝ ਸਾਹਮਣੇ ਆ ਜਾਵੇਗਾ,ਉਹਨਾਂ ਦੀਆਂ ਟੀ ਵੀ ਚੈਨਲਾਂ ਤੇ ਮੁਲਾਕਾਤਾਂ ਵਿੱਚ ਸਿੱਧਾ ਇਸਾਰਾ ਬਾਦਲ ਪਰਿਵਾਰ,ਸੁਮੇਧ ਸੈਣੀ ਅਤੇ ਉਮਰਾਨੰਗਲ ਵੱਲ ਕੇਂਦਰਿਤ ਹੁੰਦਾ ਸੀ,ਜਿਸ ਤੋਂਂ ਇਹ ਖਦਸ਼ਾ ਹਰ ਸਿੱਖ ਦੇ ਮਨ ਵਿੱਚ ਰਹਿੰਦਾ ਸੀ, ਕਿ ਜਿਸਤਰਾਂ ਹਿੱਕ ਠੋਕ ਠੋਕ ਕੇ ਇਹ ਪੁਲਿਸ ਅਫਸਰ ਉਕਤ ਉੱਚੀ ਪਹੁੰਚ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ,ਕੀ ਉਹਨਾਂ ਤੇ ਕਾਰਵਾਈ ਹੋ ਵੀ ਸਕੇਗੀ? ਸੋ ਸਿੱਖ ਦੇ ਦਿਲਾਂ ਤੇ ਗਹਿਰੀ ਚੋਟ ਉਦੋਂ ਵੱਜੀ,ਜਦੋਂਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੁੰਵਰ ਵਿਜੇ ਪਰਤਾਪ ਸਿੰਘ ਵਾਲੀ ਰਿਪੋਰਟ ਨੂੰ ਦੇਖਿਆ ਬਗੈਰ ਹੀ ਫੈਸਲਾ ਦੋਸ਼ੀਆਂ ਦੇ ਹੱਕ ਵਿੱਚ ਦੇ ਦਿੱਤਾ।ਭਾਵੇਂਂ ਸਿੱਖ ਬਹੁਤ ਲੰਮੇ ਸਮੇ ਤੋਂਂ ਭਾਰਤੀ ਅਦਾਲਤਾਂ ਦੁਆਰਾ ਘੱਟ ਗਿਣਤੀਆਂ ਨਾਲ ਅਪਣਾਏ ਜਾ ਰਹੇ ਦੂਹਰੇ ਮਾਪਦੰਡਾਂ ਤੋ ਚੰਗੀ ਤਰਾਂ ਵਾਕਫ ਸਨ,ਤੇ ਇਹ ਵੀ ਚੰਗੀ ਤਰਾਂ ਜਾਣਦੇ ਸਨ, ਕਿ ਭਾਰਤੀ ਅਦਾਲਤਾਂ ਕਦੇ ਵੀ ਸਿੱਖਾਂ ਨੂੰ ਇਨਸਾਫ ਨਹੀ ਦੇ ਸਕਦੀਆਂ,ਇਸ ਦੇ ਬਾਵਜੂਦ ਵੀ ਸਿੱਖਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਬੇਹੱਦ ਗੰਭੀਰ ਮੁੱਦੇ ਤੇ ਦਿੱਤੇ ਇੱਕ ਤਰਫਾ ਫੈਸਲੇ ਦੀ ਉਮੀਦ ਨਹੀ ਸੀ। ਅਦਾਲਤ ਵੱਲੋਂ ਕੁੰਵਰ ਵਿਜੇ ਪਰਤਾਪ ਦੀ ਰਿਪੋਰਟ ਖਾਰਜ ਕਰਨ ਦੇ ਨਾਲ ਨਾਲ ਸਰਕਾਰ ਨੂੰ ਇਹ ਹੁਕਮ ਵੀ ਕੀਤੇ ਸਨ ਕਿ ਉੁਹਨਾਂ ਨੂੰ ਕਿਸੇ ਵੀ ਜਾਂਚ ਟੀਮ ਦਾ ਹਿੱਸਾ ਨਾ ਬਣਾਇਆ ਜਾਵੇ।ਕੁੰਵਰ ਵਿਜੇ ਪਰਤਾਪ ਲਈ ਅਦਾਲਤ ਵੱਲੋਂ ਕਾਫੀ ਸਖਤ ਭਾਸ਼ਾ ਵਰਤੇ ਜਾਣ ਦੀਆਂ ਖਬਰਾਂ ਵੀ ਕਾਫੀ ਚਰਚਾ ਵਿੱਚ ਰਹੀਆਂ ਹਨ,ਜਿਸ ਦੇ ਪ੍ਰਤੀਕਰਮ ਵਜੋਂ ਸਾਬਕਾ ਆਈ ਜੀ ਦਾ ਕਹਿਣਾ ਸੀ ਕਿ ਉਹਨਾਂ ਨੇ ਭਾਵੇਂ ਅਦਾਲਤ ਦੇ ਪੂਰੇ ਹੁਕਮ ਤਾਂ ਨਹੀ ਪੜੇ,ਪਰ ਇਸ ਫੈਸਲੇ ਨੇ ਮੈਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਸੀ।

 

ਉਹ ਅੱਗੇ ਕਹਿੰਦੇ ਹਨ ਕਿ ਜਦੋ ਮੈ ਇਸ ਬਾਰੇ ਅਖਬਾਰਾਂ ਵਿੱਚ ਪੜ੍ਹਿਆ ਮੇਰੇ ਅੰਦਰ ਬਗਾਵਤ ਦੀ ਭਾਵਨਾ ਪੈਦਾ ਹੋ ਗਈ ਸੀ।ਉਹ ਕਹਿੰਦੇ ਹਨ ਕਿ ਜਿਸਤਰ੍ਹਾਂਂ ਦੇ ਮੇਰੇ ਤੇ ਇਲਜ਼ਾਮ ਲਾਏ ਗਏ ਹਨ,ਮੈ ਉਹਨਾਂ ਨੂੰ  ਚਣੌਤੀ ਜਰੂਰ ਦੇਵਾਂਗਾ।ਉਹ ਇਹ ਵੀ ਕਹਿੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਨਿੱਜੀ ਤੌਰ ਤੇ ਵੀ ਕਿਹਾ ਸੀ, ਵਿਸਾਖੀ ਵਾਲੇ ਦਿਨ ਪ੍ਰੈਸ ਨੋਟ ਵੀ ਅਇਆ ਸੀ,ਅਤੇ ਚੈਨਲਾਂ ਤੇ ਵੀ ਮੁੱਖ ਮੰਤਰੀ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸਰਕਾਰ ਇਸ ਫੈਸਲੇ ਨੂੰ ਚਣੌਤੀ ਦੇਵੇਗੀ,ਪਰ ਸਰਕਾਰ ਨੇ ਅੱਜ ਤੱਕ ਕੋਈ ਚਣੌਤੀ ਨਹੀ ਦਿੱਤੀ। ਸਾਬਕਾ ਆਈ ਜੀ ਦਾ ਇਹ ਕਹਿਣਾ ਕਿ ਮੈ ਵੀ ਬਹੁਤ ਹੈਰਾਨ ਪਰੇਸ਼ਾਨ ਹਾਂ ਕਿ ਉਹ ਕਿਹੜੀ ਤਾਕਤ ਹੈ ਜੋ ਕੈਪਟਨ ਅਮਰਿੰਦਰ ਸਿੰਘ ਵਰਗੇ ਮੁੱਖ ਮੰਤਰੀ ਨੂੰ ਕੰਮ ਕਰਨ ਤੋਂਂ ਰੋਕਦੀ ਹੈ। ਇੱਥੇ ਸਾਬਕਾ ਆਈ ਜੀ ਦੇ ਇਸ ਖਦਸ਼ੇ ਨੇ ਸਮੇਂਂ ਸਮੇਂਂ ਸਿੱਖ ਚਿੰਤਕਾਂ ਦੇ ਸਿੱਖ ਵਿਰੋਧੀ ਬਾਹਰੀ ਤਾਕਤਾਂ ਵੱਲੋਂ ਸਿੱਖ ਸਿਆਸਤ ਅਤੇ ਸੂਬਾ ਸਰਕਾਰਾਂ ਤੇ ਸਿੱਖ ਹਿਤਾਂ ਦੀ ਪੈਰਵਾਈ ਨਾ ਕਰਨ ਸਬੰਧੀ ਪਾਏ ਜਾਂਦੇ ਦਬਾਅ ਅਤੇ ਦਾਖਲਅੰਦਾਜ਼ੀ ਸਬੰਧੀ ਖਦਸ਼ੇ ਸੱਚ ਕਰ ਦਿੱਤੇ ਹਨ,ਕਿਉਂਕਿ ਜਦੋ ਇੱਕ ਈਮਾਨਦਾਰ ਅਕਸ ਵਾਲਾ ਆਈ ਜੀ ਰੈਂਕ ਦਾ ਪੁਲਿਸ ਅਧਿਕਾਰੀ ਵੀ ਇਹ ਗੱਲ ਜਨਤਕ ਤੌਰ ਤੇ ਕਹਿਣ ਲਈ ਮਜਬੂਰ ਹੋ ਗਿਆ ਹੋਵੇ, ਤਾਂ ਸਮਝਣਾ ਪਵੇਗਾ ਕਿ ਸਿੱਖ ਵਿਰੋਧੀ ਤਾਕਤਾਂ ਕਿਵੇਂ ਸੂਬਾ ਸਰਕਾਰ ਨੂੰ ਅਪਣੇ ਖੁਦ ਦੇ ਧਰਮ ਦੀ ਰਾਖੀ ਕਰਨ ਤੋਂਂ ਰੋਕਦੀਆਂ ਹਨ। ਇਹ ਵੀ ਸਪੱਸ਼ਟ ਹੋ ਗਿਆ ਕਿ ਇੱਥੇ ਸਰਕਾਰ ਕਿਸੇ ਵੀ ਧਿਰ ਦੀ ਹੋਵੇ ਪਰ ਸਿੱਖ ਮਸਲਿਆਂ ਤੇ ਉਹ ਕਦੇ ਵੀ ਇਨਸਾਫ ਨਹੀ ਕਰ ਸਕੇਗੀ।ਜਦੋਂਂ ਇੱਕ ਜਿੰੰਮੇਵਾਰ ਪੁਲਿਸ ਅਫਸਰ ਹਾਈ ਕੋਰਟ ਦੇ ਫੈਸਲੇ ਤੋਂਂ ਨਿਰਾਸ਼ ਹੋਇਆ ਇੱਥੋਂਂ ਤੱਕ ਕਹਿ ਸਕਦਾ ਹੈ ਕਿ ਫੈਸਲੇ ਤੋਂਂ ਬਾਅਦ ਮੇਰੇ ਅੰਦਰ ਬਗਾਵਤ ਪੈਦਾ ਹੋ ਗਈ ਸੀ,ਤਾਂ ਫਿਰ ਉਹਨਾਂ ਤਾਕਤਾਂ ਨੂੰ ਵੀ ਇਹ ਸਮਝਣਾ ਹੋਵੇਗਾ ਕਿ ਜਦੋਂਂ ਇੱਕ ਗੈਰ ਸਿੱਖ,ਗੈਰ ਪੰਜਾਬੀ ਅਤੇ ਜਿੰਮੇਵਾਰ ਪੁਲਿਸ ਅਧਿਕਾਰੀ ਇਹ ਸੋਚ ਸਕਦਾ ਹੈ,ਫਿਰ ਉਹਨਾਂ ਸਿੱਖਾਂ ਅੰਦਰ ਪੈਦਾ ਹੋਈ ਬਗ਼ਾਵਤ ਨੂੰ ਗਲਤ ਕਿਵੇਂ ਠਹਿਰਾਇਆ ਜਾ ਸਕਦਾ ਹੈ,ਜਿਹਨਾਂ ਦੇ ਗੁਰੂ ਸਾਹਿਬ ਦੀਆਂ ਹੋਈ ਬੇਅਦਬੀਆਂ  ਇਨਸਾਫ ਦੇਣ ਤੋਂਂ ਅਦਾਲਤਾਂ ਵੀ ਪਾਸਾ ਵੱਟਦੀਆਂ ਹੋਣ।ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਪਣੀ ਅਖਬਾਰੀ ਮੁਲਾਾਕਾਤਾਂਂ ਵਿੱਚ ਇੱਕ ਹੋਰ ਬੇਹੱਦ ਮਹੱਤਵਪੂਰਨ ਅਤੇ ਵੱਡੀ ਗੱਲ ਵੀ ਕਹਿ ਦਿੱਤੀ ਹੈ।ਉਹਨਾਂ ਦਾ ਕਹਿਣਾ ਹੈ ਕਿ ਹੁਣ ਇਹ ਲੜਾਈ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ,ਫਾਇਰਿੰਗ ਜਾਂ ਇਨਸਾਫ ਦੀ ਲੜਾਈ ਨਹੀ ਰਹੀ,ਬਲਕਿ ਹੁਣ ਇਹ ਲੜਾਈ ਕੁਰਸੀ ਦੀ ਲੜਾਈ ਵਿੱਚ ਤਬਦੀਲ ਹੋ ਗਈ ਹੈ। ਕੁੰਵਰ ਵਿਜੇ ਪ੍ਰਤਾਪ ਦਾ ਇਹ ਨਿਹੋਰਾ ਸੌ ਫੀਸਦੀ ਜਾਇਜ ਅਤੇ ਸੱਚਾ ਹੈ।ਰਾਜਨੀਤਕ ਲੋਕਾਂ ਦੀ ਦੌੜ ਹੀ ਕੁਰਸੀ ਲਈ ਹੁੰਦੀ ਹੈ,ਉਹ ਦੌੜ ਜਿੱਤਣ ਲਈ ਮੁੱਦੇ ਜਿੰਨੇ ਸੰਵੇਦਨ ਸੀਲ ਹੋਣਗੇ,ਕੁਰਸੀ ਦੀ ਦੌੜ ਜਿੱਤਣ ਲਈ ਓਨੀ ਹੀ ਸੌਖ ਰਹੇਗੀ।ਬੇਅਦਬੀ ਮਾਮਲੇ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅੱਗੇ ਕਹਿਣਾ ਹੈ ਕਿ ਮੇਰੀ ਜਾਚ ਰਿਪੋਰਟ ਨੂੰ ਰੱਦ ਕਰਨ ਲਈ ਜਾਣ ਬੁੱਝ ਕੇ ਇਹ ਸਮਾਂਂ ਚੁਣਿਆ ਗਿਆ,ਕਿਉਂਕਿ ਕਿਸਾਨ ਦਿੱਲੀ ਅੰਦੋਲਨ ਵਿੱਚ  ਚਲੇ ਗਏ ਹਨ।ਉਹਨਾਂ ਦਾ ਸਾਰਾ ਧਿਆਨ ਵੀ ਖੇਤੀ ਬਿਲਾਂ ਨੂੰ ਰੱਦ ਕਰਵਾਉਣ ਵਾਲੇ ਅੰਦੋਲਨ ਵਿੱਚ ਤਬਦੀਲ ਹੋ ਗਿਆ ਅਤੇ ਇਹ ਕੇਸ ਅਣਗੌਲਿਆ ਹੋ ਗਿਆ।ਉਹਨਾਂ ਦਾ ਕਹਿਣਾ ਸੀ ਕਿ ਉਸ ਸਮੇ ਉਹ ਇੱਕੱਲੇ ਹੀ ਇਹ ਲੜਾਈ ਲੜਦੇ ਰਹੇ।ਦੋਸ਼ੀਆਂ ਅਤੇ ਸਰਕਾਰ ਵਿੱਚ ਬੈਠੇ ਉਹਨਾਂ ਦੇ ਹਮਾਇਤੀਆਂ ਨੇ ਵੀ ਇਸ ਮੌਕੇ ਦਾ ਫਾਇਦਾ ਉਠਾ ਕੇ ਇਹ ਫੈਸਲਾ ਕਰਵਾਇਆ।ਉਹਨਾਂ ਦਾ ਇਹ ਕਹਿਣਾ ਵੀ ਬਿਲਕੁਲ ਸਹੀ ਹੈ ਕਿ ਅੰਦੋਲਨ ਦੇ ਮੁੱਦੇ ਨੇ ਬੇਅਦਬੀਆਂ ਦੇ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਵਾ ਦਿੱਤਾ। ਉਹ ਇੱਥੋ ਤੱਕ ਕਹਿੰਦੇ ਹਨ ਕਿ ਇਸ ਕੇਸ ਵਿੱਚ ਮੈਂ ਨਹੀ ਬਲਕਿ ਇੱਕ ਮੁੱਖ ਮੰਤਰੀ ਹਾਰਿਆ ਹੈ। ਕੁੰਵਰ ਵਿਜੇ ਪ੍ਰਤਾਪ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ,ਪਰ ਸਭ ਤੋ ਮਹੱਤਵਪੂਰਨ ਉਹਨਾਂ ਵੱਲੋਂ ਸਿਸਟਮ ਤੇ ਕੀਤੀਆਂ ਉਹ ਟਿੱਪਣੀਆਂ ਹਨ,ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਦੀਆਂ ਪੰਜਾਬ ਨੂੰ ਸੱਭਿਆਚਾਰਕ,ਧਾਰਮਿਕ,ਆਰਥਿਕ ਅਤੇ ਸ਼ਰੀਰਕ ਤੌਰ ਤੇ ਬਰਬਾਦ ਕਰਨ ਦੀਆਂ ਸਾਜਿਸ਼ਾਂ ਨੂੰ ਨੰਗਿਆਂ ਕਰਦੀਆਂ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਅੰਦਰ ਚਾਰ ਹਫਤਿਆਂ ਚ ਨਸ਼ੇ ਬੰਦ ਕਰਨ ਦੇ ਵਾਅਦੇ ਨਾਲ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋ ਨਸ਼ੇ ਨਾ ਬੰਦ ਹੋਣ ਦੇ ਕਾਰਨ,ਪਿੱਛੇ ਖੜੀਆਂ ਉਹਨਾਂ ਤਾਕਤਾਂ ਬਾਰੇ ਬਹੁਤ ਬੇਬਾਕੀ ਨਾਲ ਬਿਆਨ ਕਰਦੇ ਹਨ,ਜਿਹੜੀਆਂ ਕਿਸੇ ਵੀ ਹਾਲਤ ਵਿੱਚ ਪੰਜਾਬ ਨੂੰ ਖੁਸ਼ਹਾਲ ਅਤੇ ਹੱਸਦਾ ਵਸਦਾ ਨਹੀਂਂ ਦੇਖਣਾ ਚਾਹੁੰਦੀਆਂ।ਉਹ ਦੱਸਦੇ ਹਨ ਕਿ ਜਦੋ ਉਹਨਾਂ ਨੂੰ ਸਰਕਾਰ ਬਨਣ ਤੋ ਬਾਅਦ 17 ਮਾਰਚ 2017 ਨੂੰ ਲੁਧਿਆਣਾ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਤੋ ਉਪਰੰਤ 20 ਮਾਰਚ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ,ਤਾਂ ਉਸ ਮੀਟਿੰਗ ਵਿੱਚ  ਨਸ਼ੇ ਖਤਮ ਕਰਨ ਸਬੰਧੀ ਬਹੁਤ ਉਸਾਰੂ ਵਿਚਾਰਾਂ ਹੋਈਆਂ ਸਨ।ਉਹ ਦੱਸਦੇ ਹਨ ਕਿ ਅਸੀ ਚਾਰ ਹਫਤਿਆਂ ਵਿੱਚ ਲੁਧਿਆਣੇ ਵਿੱਚੋਂ 90 ਫੀਸਦੀ ਨਸ਼ੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਿੱਚ ਸਫਲ ਵੀ ਹੋ ਗਏ ਸੀ, ਪਰ ਪੰਜਾਬ ਦੇ ਮਾੜੇ ਭਾਗਾਂ ਨੂੰ ਉਹ ਤਾਕਤਾਂ ਫਿਰ ਸਾਡੇ ਕੰਮ ਵਿਚ ਰੁਕਾਬਟ ਬਣ ਗਈਆਂ,ਜਿੰਨਾਂ ਨੂੰ ਸਾਡਾ ਇਹ ਕੰਮ ਬਿਲਕੁਲ ਪਸੰਦ ਨਹੀਂਂ ਸੀ। ਸਾਬਕਾ ਆਈ ਜੀ ਇੱਥੋ ਤੱਕ ਕਹਿੰਦੇ ਹਨ ਕਿ ਮੁੱਖ ਮੰਤਰੀ ਦਿੱਲੀ ਵਿੱਚ ਸਨ ਤੇ ਉਹਨਾਂ ਨੂੰ ਖੁਦ ਨੂੰ ਵੀ ਇਹ ਇਲਮ ਨਹੀ ਸੀ  ਕਿ ਉਹਨਾਂ ਨੂੰ ਅੱਜ ਲੁਧਿਆਣਾ ਦਾ ਕਮਿਸ਼ਨਰ ਬਦਲਣਾ ਪਵੇਗਾ। ਸੋ ਜਿੱਥੇ ਇਸ ਭਿਆਨਕ ਵਰਤਾਰੇ ਤੇ ਚਿੰਤਾ ਅਤੇ ਚਿੰਤਨ ਕਰਨਾ ਜਰੂਰੀ ਹੈ,ਓਥੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੇ ਉਹਨਾਂ ਬੇਹੱਦ ਗੰਭੀਰ ਖੁਲਾਸਿਆਂ ਦੇ ਸੰਦਰਭ ਵਿੱਚ ਇਹਨਾਂ ਸਾਜਿਸ਼ਾਂ ਦੀ ਤਹਿ ਤੱਕ ਜਾਣਾ ਹੋਵੇਗਾ। ਇਹ ਵੀ ਜਾਨਣਾ ਹੋਵੇਗਾ ਕਿ ਕਿਵੇਂ ਬੇਅਦਬੀਆਂ ਦੇ ਇਨਸਾਫ ਚ ਅੜਿੱਕੇ ਡਾਹੁਣ ਵਾਲੀਆਂ ਤਾਕਤਾਂ ਅਤੇ ਨਸ਼ਿਆਂ ਦਾ ਪਰਵਾਹ ਚਲਾਉਣ ਵਾਲੀਆਂ ਤਾਕਤਾਂ ਦੇ ਆਪਸੀ ਕੁਨੈਕਸਨ ਜੁੜੇ ਹੋਏ ਹਨ।ਸੋ ਉਪਰੋਕਤ ਸਮੁੱਚੇ ਵਰਤਾਰੇ ਦੇ ਮੱਦੇਨਜ਼ਰ ਪੰਜਾਬ ਅਤੇ ਪੰਥ ਹਿਤੈਸੀ ਲੋਕਾਂ ਨੂੰ ਪੰਜਾਬ ਨੂੰ ਬਚਾਉਣ ਵੱਲ ਤੇਜ ਕਦਮੀ ਤੁਰਨ ਦੀ ਲੋੜ ਹੈ।

ਬਘੇਲ ਸਿੰੰਘ ਧਾਲੀਵਾਲ 
> 99142-58142