ਅਮਰੀਕਾ ਦੇ ਵੈਲੀ ਦੀ ਨਜ਼ਰ 'ਚ ਭਾਰਤੀ ਮੀਡੀਆ

ਅਮਰੀਕਾ ਦੇ ਵੈਲੀ ਦੀ ਨਜ਼ਰ 'ਚ ਭਾਰਤੀ ਮੀਡੀਆ

ਮਨਜੀਤ ਸਿੰਘ ਟਿਵਾਣਾ, ਸਟਾਕਟਨ 
(209-905-8076) 

ਮੈਨੂੰ ਪੰਜਾਬ ਤੋਂ ਅਮਰੀਕਾ ਆਇਆਂ ਮਸਾਂ ਮਹੀਨਾ-ਕੁ ਹੀ ਹੋਇਆ ਸੀ ਕਿ ਮੈਨੂੰ ਵੈਲੀ ਦਾ ਨਾਮ ਦਿਨ ਵਿਚ ਕਈ-ਕਈ ਵਾਰ ਸੁਣਨ ਨੂੰ ਮਿਲਿਆ। ਜਿਹੜੇ ਲੋਕਾਂ ਕੋਲ ਮੈਂ ਆਇਆ ਉਥੇ ਅਕਸਰ ਹੀ ਵੈਲੀ ਦਾ ਜ਼ਿਕਰ ਛਿੜ ਪੈਂਦਾ। ਮਿਸਾਲ ਦੇ ਤੌਰ 'ਤੇ ਨਵੀਂ ਜਾਂ ਪੁਰਾਣੀ ਕਾਰ ਲੈਣੀ ਹੈ ਤਾਂ ਵੈਲੀ ਦੀ ਸਲਾਹ ਲੈ ਲਈ ਜਾਵੇ, ਕਾਰ ਵੇਚਣੀ ਹੈ ਤਾਂ ਵੈਲੀ ਨੂੰ ਮਿਲਿਆ ਜਾਵੇ ਤੇ ਕਿਸੇ ਦੀ ਗੱਡੀ ਖਰਾਬ ਹੈ ਤਾਂ ਵੀ ਵੈਲੀ ਨੂੰ ਹੀ ਦਿਖਾਉਣ ਦੀ ਸਲਾਹ ਦਿੱਤੀ ਜਾਂਦੀ। ਮੈਂ ਏਨਾ-ਕੁ ਤਾਂ ਸਮਝ ਗਿਆ ਕਿ ਇਹ ਵੈਲੀ ਨਾਂ ਦਾ ਬੰਦਾ ਕਾਰਾਂ ਦਾ ਮਿਸਤਰੀ ਹੈ ਪਰ ਉਸ ਦਾ ਵੈਲੀ ਨਾਂ ਅਜੀਬ ਜਿਹਾ ਲੱਗਿਆ। ਸੋਚਿਆ ਸ਼ਾਇਦ ਕੋਈ ਪੰਜਾਬੀ ਹੋਵੇਗਾ, ਜੋ ਅਮਰੀਕਾ ਆ ਕੇ ਕਾਰਾਂ ਠੀਕ ਕਰਨ ਲੱਗ ਗਿਆ ਹੋਵੇਗਾ। ਸਾਡੇ ਮੁੰਡੇ ਵੈਲੀ-ਵੈਲੀ ਕਹਿਣ ਲੱਗ ਗਏ ਹੋਣੇ ਆ। ਪੰਜਾਬੀ ਗਾਇਕਾਂ ਤੇ ਗੀਤਕਾਰਾਂ ਦੇ ਸਿਰਜੇ ਮਾਹੌਲ ਜਿਹੇ ਵਿਚ ਹੌਲੀ-ਹੌਲੀ ਮੇਰੇ ਮਨ ਨੇ ਅਚੇਤ ਹੀ ਉਸ ਦਾ ਨਾਮ ਵੈਲੀ ਤੋਂ ''ਵੈਲੀ ਜੱਟ” ਮੰਨ ਲਿਆ। ਉਸ ਨੂੰ ਮਿਲਣ ਦੀ ਇੱਛਾ ਵੀ ਮੇਰੇ ਮਨ ਵਿਚ ਪੈਦਾ ਹੋ ਗਈ। ਆਖਰ ਅਚਨਚੇਤ ਹੀ ਇਕ ਦਿਨ ਉਸ ਨੂੰ ਮਿਲਣ ਦਾ ਸਬੱਬ ਬਣ ਗਿਆ। ਮੇਰੇ ਰਿਸ਼ਤੇਦਾਰ ਨੇ ਕਾਰ ਦਾ 'ਸਮੋਗ-ਚੈਕ' ਕਰਵਾਉਣਾ ਸੀ, ਜਿਸ ਨੂੰ ਭਾਰਤ ਵਿਚ 'ਪਲਿਊਸ਼ਨ-ਚੈਕ' ਕਰਵਾਉਣਾ ਆਖਦੇ ਹਨ। ਜਦੋਂ ਅਸੀਂ ਵੈਲੀ ਦੀ ਵਰਕਸ਼ਾਪ ਪਹੁੰਚੇ ਤਾਂ ਉਹ ''ਕੈਸੇ ਹੋ... ਕੈਸੇ ਹੋ” ਕਰਦਾ ਤਪਾਕ ਨਾਲ ਮਿਲਿਆ। ਉਸ ਦਾ ਚਿਹਰਾ-ਮੋਹਰਾ ਦੇਖ ਕੇ ਤੇ ਉਸ ਦੀ ਹਿੰਦੀ ਬੋਲੀ ਸੁਣ ਕੇ ਮੈਂ ਥੋੜ੍ਹਾ ਹੈਰਾਨ ਹੋਇਆ ਤੇ ਮੇਰੇ ਮਨ ਅੰਦਰ ਬਣਿਆ ਉਸ ਦਾ ਪੰਜਾਬੀ ਦਿੱਖ ਵਾਲਾ ''ਵੈਲੀ ਜੱਟ” ਵਾਲਾ ਅਕਸ ਤਿੜਕ ਹੀ ਰਿਹਾ ਸੀ ਕਿ ਮੇਰੇ ਰਿਸ਼ਤੇਦਾਰ ਨੇ ਵੈਲੀ ਨਾਲ ਮੇਰਾ ਤੁਆਰਫ ਕਰਵਾਉਂਦਿਆਂ ਦੱਸਿਆ ਕਿ  ਮੈਂ ਹੁਣੇ-ਹੁਣੇ ਇੰਡੀਆਂ ਤੋਂ ਨਵਾਂ ਅਮਰੀਕਾ ਵਿਚ ਆਇਆ ਹਾਂ। ਇਹ ਸੁਣ ਕੇ ਵੈਲੀ ਮੇਰੇ ਵੱਲ ਖਾਸ ਤਵੱਜੋਂ ਦਿੰਦਿਆਂ ਬੋਲਿਆ, ''ਕੈਸਾ ਲਗਾ ਫਿਰ ਅਮੇਰਿਕਾ... ਸਰਦਾਰ ਜੀ?” ਮੇਰਾ ਜਵਾਬ ਸੁਣਨ ਤੋਂ ਪਹਿਲਾਂ ਹੀ ਉਸ ਨੇ ਸਵਾਲ ਦਾਗਿਆ, ''ਕਯਾ ਕਾਮ ਕਰਤੇ ਥੇ ਇੰਡੀਆ ਮੇਂ?”
ਮੈਂ ਮਾਣ ਨਾਲ ਦੱਸਿਆ ਕਿ ਉਥੇ ਮੈਂ ਪੱਤਰਕਾਰ ਸੀ। ਮੇਰਾ ਜਵਾਬ ਸੁਣਨ ਦੀ ਦੇਰ ਸੀ ਕਿ ਜਿਵੇਂ ਉਸ ਦੇ ਕਰੰਟ ਵੱਜਿਆ ਹੋਵੇ। ਉਹ ਇਕ ਦਮ ਮੇਰੇ ਵੱਲ ਮੁੜਿਆ ਤੇ ਮੱਥੇ ਉਤੇ ਹੱਥ ਮਾਰ ਕੇ ਬੋਲਿਆ, ''ਅਰੇ ਭਾਈ ਕਯਾ ਕਰ ਰਹੇ ਹੋ ਤੁਮ ਲੋਗ ਇੰਡੀਆ ਮੇਂ.. . ਦੇਸ਼ ਕੋ ਬਰਬਾਦ ਕਰ ਦੋਗੇ ਕਯਾ.. . ਕਯਾ ਹੋਤਾ ਹੈ ਮੋਦੀ-ਮੋਦੀ- ਮੋਦੀ .. . ਹਿੰਦੂ-ਹਿੰਦੂ, ਮੁਸਲਮਾਨ-ਮੁਸਲਮਾਨ ਕੇ ਬਗੈਰ ਕੋਈ ਔਰ ਖਬਰ ਨਹੀਂ ਹੈ ਆਪ ਕੇ ਪਾਸ.. .?” ਉਸ ਦੇ ਅਚਾਨਕ ਮੇਰੇ ਉਤੇ ਸਵਾਲਾਂ ਦੇ ਰੂਪ ਵਿਚ ਹੋਏ ਇਸ ਤਾਬੜਤੋੜ ਹਮਲੇ ਲਈ ਮੈਂ ਤਿਆਰ ਨਹੀਂ ਸੀ। ਮੈਂ ਇਕ ਦਮ ਬੁੱਤ ਬਣ ਗਿਆ ਤੇ ਮੈਨੂੰ ਉਸ ਦੇ ਸਵਾਲਾਂ ਦਾ ਤੁਰੰਤ ਕੋਈ ਜਵਾਬ ਨਾ ਅਹੁੜਿਆ। ਮੈਂ ਆਪਣੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਕਟਹਿਰੇ ਵਿਚ ਖੜ੍ਹਾ ਹੋਇਆ ਮਹਿਸੂਸ ਕਰ ਰਿਹਾ ਸੀ। ਉਹ ਮੇਰਾ ਕੋਈ ਜਵਾਬ ਉਡੀਕਣ ਤੋਂ ਬਿਨਾ ਹੀ ਮੁੜ ਬੁੜਬੜਾਇਆ, '' ਮੈਨੇ ਤੋ ਟੀਵੀ ਦੇਖਨਾ ਹੀ ਛੋਡ ਦੀਯਾ ਹੈ।” ਮੈਂ ਸਮਝ ਗਿਆ ਕਿ ਇਹ ਬੰਦਾ ਭਾਰਤ ਦੇ ਇਲੈਕਟ੍ਰੋਨਿਕ ਮੀਡੀਆ ਵੱਲੋਂ ਪੱਤਰਕਾਰੀ ਦੇ ਮਿਆਰਾਂ ਦਾ ''ਚੀਰ-ਹਰਣ” ਹੁੰਦਾ ਦੇਖ ਕੇ ਏਨਾ ਗੁੱਸੇ ਵਿਚ ਹੈ। 
ਇਹ ਵਾਕਿਆਤ ਭਾਰਤ ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਦੀ ਲੋਕਾਂ ਨੂੰ ਟੀਵੀ ਦੇਖਣਾ ਛੱਡ ਦੇਣ ਦੀ ਅਪੀਲ ਵਾਲੀ ਵੀਡਿਓ ਸੋਸ਼ਲ ਮੀਡੀਆ ਉਤੇ ਆਉਣ ਤੋਂ ਕੁਝ ਦਿਨ ਪਹਿਲਾਂ ਦਾ ਹੈ। ਥੋੜਾ ਕੁ ਰੁਕ ਕੇ ਮੈਂ ਹੌਸਲਾ ਜਿਹਾ ਕਰ ਕੇ ਵੈਲੀ ਨਾਲ ਗੱਲਬਾਤ ਸ਼ੁਰੂ ਕੀਤੀ। ਦਰਅਸਲ ਉਹ ਪਿੱਛੋਂ ਫਿਜ਼ੀ ਦੇਸ਼ ਦਾ ਰਹਿਣ ਵਾਲਾ ਸੀ ਤੇ ਉਸ ਦਾ ਨਾਮ ਵੈਲੀ ਨਹੀਂ ਸੀ ਸਗੋਂ 'ਬਿੱਲੀ' ਸੀ। ਪੰਜਾਬੀਆਂ ਨੇ ਹੀ ਬਿੱਲੀ ਨੂੰ ਵੈਲੀ ਬਣਾ ਧਰਿਆ ਸੀ। ਉਹ ਭਾਰਤ ਨੂੰ ਆਪਣੇ ਪੂਰਵਜ਼ਾਂ ਦਾ ਦੇਸ਼ ਹੋਣ ਦੇ ਨਾਤੇ ਪਿਆਰ ਕਰਦਾ ਸੀ ਤੇ ਹੋਰ ਭਾਰਤੀ ਤੇ ਫਿਜ਼ੀਅਨ ਲੋਕਾਂ ਵਾਂਗ ਹੀ ਇਥੋਂ ਦੀ ਰਾਜਨੀਤੀ ਵਿਚ ਵੀ ਖਾਸ ਦਿਲਚਸਪੀ ਲੈਂਦਾ ਸੀ। ਮੈਂ ਬਾਅਦ ਵਿਚ ਉਸ ਨਾਲ ਗੱਲਬਾਤ ਦੌਰਾਨ ਆਪਣੇ ਪੱਤਰਕਾਰ ਭਾਈਚਾਰੇ ਦਾ ਵਕੀਲ ਨਹੀਂ ਬਣ ਸਕਿਆ, ਨਾ ਹੀ ਅਜਿਹੀ ਮੇਰੀ ਕੋਈ ਇੱਛਾ ਹੀ ਰਹੀ ਪਰ ਮੈਂ ਉਸ ਕੋਲੋਂ ਮਨ ਵਿਚ ਇਕ ਸਕੂਨ ਜ਼ਰੂਰ ਲੈ ਕੇ ਮੁੜਿਆ ਕਿ 'ਗੋਬਲਜ਼ ਦਾ ਝੂਠ' ਸੌ ਵਾਰ ਬੋਲਣ ਤੋਂ ਬਾਅਦ ਵੀ ਹਰ ਥਾਂ ਸੱਚ ਵਰਗਾ ਨਹੀਂ ਹੋ ਸਕਦਾ।