ਸ਼ਿਵ ਕੁਮਾਰ ’ਤੇ ਤਸ਼ੱਦਦ ਦੀ ਜਾਂਚ ਦੇ ਹਾਈ ਕੋਰਟ ਵੱਲੋਂ ਹੁਕਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਜ਼ਦੂਰ ਹੱਕਾਂ ਦੇ ਕਾਰਕੁਨ ਸ਼ਿਵ ਕੁਮਾਰ ਨੂੰ ਸੋਨੀਪਤ ਪੁਲੀਸ ਵੱਲੋਂ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਹਿਰਾਸਤ ਦੌਰਾਨ ਤਸ਼ੱਦਦ ਢਾਹੁਣ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਫਰੀਦਾਬਾਦ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਨਿਰਦੇਸ਼ ਦਿੱਤੇ ਹਨ। ਸ਼ਿਵ ਕੁਮਾਰ ਦੇ ਪਿਤਾ ਵੱਲੋਂ ਪਾਈ ਪਟੀਸ਼ਨ ’ਤੇ ਜਸਟਿਸ ਅਵਨੀਸ਼ ਝਿੰਗਨ ਦੀ ਅਦਾਲਤ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਹਨ। ਪਟੀਸ਼ਨਰ ਨੇ ਸ਼ਿਵ ਕੁਮਾਰ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਵੱਖੋ-ਵੱਖਰੇ ਕੇਸਾਂ ਦੀ ਜਾਂਚ ਆਜ਼ਾਦ ਏਜੰਸੀ ਤੋਂ ਕਰਵਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ। ਉਸ ਦੇ ਪਿਤਾ ਵੱਲੋਂ ਸ਼ਿਵ ਕੁਮਾਰ ਨੂੰ ਹਿਰਾਸਤ ਵਿੱਚ ਰੱਖਣ ਅਤੇ ਤਸ਼ੱਦਦ ਢਾਹੁਣ ਦੀ ਆਜ਼ਾਦ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਗਈ ਸੀ। ਬੈਂਚ ਨੇ ਸ਼ਿਵ ਕੁਮਾਰ ਦੇ ਕੇਸ ਵਿੱਚ ਹਰਿਆਣਾ ਪੁਲੀਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਨੂੰ ਵੀ ਤਹਿਕੀਕਾਤ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਦਾ ਪੱਖ ਸੀਨੀਅਰ ਐਡਵੋਕੇਟ ਆਰਐੱਸ ਚੀਮਾ, ਐਡਵੋਕੇਟ ਅਰਸ਼ਦੀਪ ਸਿੰਘ ਚੀਮਾ ਅਤੇ ਹਰਿੰਦਰ ਦੀਪ ਸਿੰਘ ਬੈਂਸ ਨੇ ਪੇਸ਼ ਕੀਤਾ।
Comments (0)