ਉੜੀਸਾ ਪੁਲੀਸ ਦੇ I.G. P ਈਸਟਰਨ ਰੇਂਜ ਹੈੱਡਕੁਆਰਟਰ ਵਿਖੇ ਜਥੇਦਾਰ ਹਵਾਰਾ ਕਮੇਟੀ ਦੇ ਵਿਰੁੱਧ ਸ਼ਿਕਾਇਤ ਦਰਜ  

ਉੜੀਸਾ ਪੁਲੀਸ ਦੇ I.G. P ਈਸਟਰਨ ਰੇਂਜ ਹੈੱਡਕੁਆਰਟਰ ਵਿਖੇ ਜਥੇਦਾਰ ਹਵਾਰਾ ਕਮੇਟੀ ਦੇ ਵਿਰੁੱਧ ਸ਼ਿਕਾਇਤ ਦਰਜ  

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ 24 ਸਤੰਬਰ ਸਵੇਰੇ 11 ਵਜੇ ਗੁਰੂਦਵਾਰਾ ਸ੍ਰੀ ਸਾਰਾਗੜ੍ਹੀ ਸਾਹਿਬ ( ਅੰਮ੍ਰਿਤਸਰ ) ਵਿਖੇ ਰੋਸ ਇਕੱਠ ਦਾ ਜੋ ਸੂਚਨਾ ਪੱਤਰ ਜਾਰੀ ਕੀਤਾ ਗਿਆ ਹੈ, ਉਸ ਦੇ ਵਿਰੁੱਧ ਅਵਿਨਾਸ਼ ਮਹਾਪਾਤਰਾ ਵੱਲੋਂ ਉੜੀਸਾ ਪੁਲੀਸ ਦੇ ਇੰਸਪੈਕਟਰ ਜਨਰਲ ਆਫ ਪੁਲੀਸ ( I.G.P ) ਈਸਟਰਨ ਰੇਂਜ ਹੈੱਡਕੁਆਰਟਰ ਵਿਖੇ ਸ਼ਿਕਾਇਤ ਦਰਜ ਕੀਤੀ ਗਈ ਹੈ ।

ਅਵਿਨਾਸ਼ ਮਹਾਪਾਤਰਾ ਦਾ ਕਹਿਣਾ ਹੈ ਕਿ , ਪਰਮ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਧੂਪੀਆ (ਪੰਜ ਪਿਆਰੇ ਸਿੰਘ ਸਹਿਬਾਨ / ਤਖ਼ਤ ਸੱਚ ਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਨਾਂਦੇੜ ) ਦੇ ਲਈ ਜੋ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਉਹ ਬਹੁਤ ਹੀ ਨਿੰਦਣਯੋਗ ਅਤੇ ਨਾ ਸਹਿਣਯੋਗ ਹੈ । ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਜੀ ਨਾਂਦੇਡ਼ ਦੇ ਕਿਸੇ ਵੀ ਪੰਜ ਪਿਆਰੇ ਸਿੰਘ ਸਾਹਿਬਾਨ ਨੂੰ ਜਾਂ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਮੈਂਬਰਾਂ ਨੂੰ ਬਾਦਲ ਦਲ ਦੁਆਰਾ ਨਿਯੁਕਤ ਕੀਤਾ ਹੋਇਆ ਬੋਲਣਾ ਇੱਕ ਬਜਰ ਗੁਨਾਹ ਹੈ ਕਿਉਂਕਿ ਤਖ਼ਤ ਸਾਹਿਬ ਦਾ ਕੋਈ ਵੀ ਪ੍ਰਸ਼ਾਸਨਿਕ ਜਾਂ ਧਾਰਮਿਕ ਮਸਲਿਆਂ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਦਖ਼ਲ ਅੰਦਾਜ਼ੀ ਨਹੀਂ ਹੁੰਦੀ । ਪਰਮ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਨੂੰ ਪੰਥ ਦਾ ਗੱਦਾਰ ਬੋਲਣਾ ਉੱਚ ਸ਼੍ਰੇਣੀ ਦਾ ਗੁਨਾਹ ਹੈ ਕਿਉਂਕਿ ਉਹ ਇੱਕ ਮਹਾਂਪੁਰਖ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਤਖ਼ਤ ਸਾਹਿਬ ਦੀ ਸੇਵਾ ਵਿੱਚ ਬਤੀਤ ਕਰ ਚੁੱਕੇ ਹਨ। 

ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਦਾ ਜੋ ਇਲਜ਼ਾਮ ਉਨ੍ਹਾਂ ਉਪਰ ਵੀ ਲਾਇਆ ਜਾ ਰਿਹਾ ਹੈ ਉਹ ਬਹੁਤ ਹੀ ਗਲਤ ਹੈ ਕਿਉਂ ਕਿ ਸਿੰਘ ਸਾਹਿਬ ਜੀ ਨੇ ਬਾਕੀ ਚਾਰ ਤਖ਼ਤਾਂ ਦੇ ਜਥੇਦਾਰ ਸਹਿਬਾਨਾਂ ਦੇ ਫ਼ੈਸਲੇ ਵਿੱਚ ਹੀ ਹਾਂ ਮਿਲਾਈ ਸੀ । ਅਵਿਨਾਸ਼ ਮਹਾਪਾਤਰਾ ਨੇ ਇਸੇ ਗੱਲ ਦਾ ਵਿਰੋਧ ਕਰਦੇ ਹੋਏ ਜਥੇਦਾਰ ਹਵਾਰਾ ਕਮੇਟੀ ਅਤੇ ਗੁਰੂਦਵਾਰਾ ਸ੍ਰੀ ਸਾਰਾਗੜ੍ਹੀ ਸਾਹਿਬ ਦੀ ਕਮੇਟੀ (ਅੰਮ੍ਰਿਤਸਰ) ਦੇ ਉਪਰ ਇੰਡੀਅਨ ਪੈਨਲ ਕੋਡ (IPC) ਦੀ ਦਫ਼ਾ 295A, 499, 124A, sedition ਦੇ ਜ਼ਰੀਏ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਅਵਿਨਾਸ਼ ਮਹਾਪਾਤਰਾ ਸਿੱਖ ਹਿਸਟੋਰੀਅਨ ਹਨ ਜੋ 38 ਪੁਸਤਕਾਂ ਸਿੱਖ ਇਤਿਹਾਸ ਉੱਤੇ ਲਿਖ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਪੰਜਾਬੀ ਗਲੋਬਲ ਫਾਊਂਡੇਸ਼ਨ ਉੜੀਸਾ ਚੈਪਟਰ ਦੇ ਪ੍ਰਧਾਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਰੀਲੀਜ਼ਨ ਐਂਡ ਚੈਰੀਟੇਬਲ ਟਰੱਸਟ ਉੜੀਸਾ ਦੇ ਐਗਜ਼ੀਕਿਊਟਿਵ( Executive) ਮੈਂਬਰ ਹਨ । ਅਵਿਨਾਸ਼ ਮਹਾਪਾਤਰਾ ਦੀ ਸਿੱਖ ਕੌਮ ਲਈ ਸੇਵਾ ਅਤੇ ਖੋਜ ਨੂੰ ਪੰਥਕ ਅਤੇ ਸਰਕਾਰੀ ਅਦਾਰਿਆਂ ਵੱਲੋਂ ਸਮੇਂ ਸਮੇਂ ਉੱਤੇ ਸਰਾਹਿਆ ਵੀ ਗਿਆ ਹੈ ।