ਜੇ ਭਾਰਤ ਹਿੰਦੂ ਰਾਸ਼ਟਰ ਹੈ ਤਾਂ ਸਿੱਖਾਂ ਦਾ ਦੇਸ਼ ਕਿਹੜਾ ਹੈ?

ਜੇ ਭਾਰਤ ਹਿੰਦੂ ਰਾਸ਼ਟਰ ਹੈ ਤਾਂ ਸਿੱਖਾਂ ਦਾ ਦੇਸ਼ ਕਿਹੜਾ ਹੈ?

- ਮਨਜੀਤ ਸਿੰਘ ਟਿਵਾਣਾ

ਭਾਰਤ ਵਿਚ ਹਿੰਦੂਤਵੀਆਂ ਦੀ ਬਹੁਚਰਚਿਤ ਜਮਾਤ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਕ ਵਾਰ ਮੁੜ ਸਮੂਹ ਭਾਰਤੀਆਂ ਅਤੇ ਵਿਸ਼ਵ ਨੂੰ ਚੇਤਾਇਆ ਹੈ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ। ਉਹ ਪਹਿਲਾਂ ਵੀ ਅਜਿਹਾ ਕਈ ਵਾਰ ਕਹਿ ਚੁੱਕੇ ਹਨ ਪਰ ਭਾਰਤ ਦੇ ਬਹੁਤ ਸਾਰੇ ਤਥਾਕਥਿਤ ਧਰਮ ਨਿਰਪੱਖ, ਖੱਬੇ ਪੱਖੀ ਤੇ ਕੱਚੇ-ਪਿੱਲੇ ਸਿੱਖ ਇਹ ਕੌੜਾ ਸੱਚ ਸਵੀਕਾਰ ਨਹੀਂ ਕਰ ਪਾ ਰਹੇ ਕਿ ਭਾਰਤ ਸੱਚਮੁੱਚ ਇਕ ਹਿੰਦੂ ਰਾਸ਼ਟਰ ਹੈ। ਭਾਰਤ ਦੇ ਇਕ ਕਥਿਤ ਧਰਮ ਨਿਰਪੱਖ ਰਾਜ ਹੋਣ ਦੀ ਡੌਂਡਕੀ ਕਈ ਸਿਆਸੀ ਧਿਰਾਂ ਵੀ ਦਹਾਕਿਆਂ ਤੋਂ ਪਿੱਟਦੀਆਂ ਆ ਰਹੀਆਂ ਹਨ, ਜਿਨ੍ਹਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਉਪਰੋਂ-ਉਪਰੋਂ ਧਰਮ ਨਿਰਪੱਖਤਾ ਦਾ ਨਕਾਬ ਪਹਿਨਿਆ ਹੋਇਆ ਹੈ ਤੇ ਅੰਦਰਖਾਤੇ ਉਹ ਹਮੇਸ਼ਾ ਹਿੰਦੂ-ਹਿੰਦੀ-ਹਿੰਦੂਸਤਾਨ ਲਈ ਹੀ ਸਮਰਪਿਤ ਰਹੀਆਂ ਹਨ।  ਸੰਘ ਪਰਿਵਾਰ ਵਲੋਂ ਹਰ ਸਾਲ ਦੁਸਹਿਰੇ ਵਾਲੇ ਦਿਨ ਆਪਣੇ ਹੈਡਕੁਆਰਟਰ ਨਾਗਪੁਰ ਵਿਖੇ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਵਾਰ ਵੀ ਅਜਿਹਾ ਕੀਤਾ ਗਿਆ। ਪੂਜਾ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਭਾਗਵਤ ਨੇ ਇਕ ਵਾਰ ਫਿਰ ਕਿਹਾ ਕਿ ਭਾਰਤ ਇਕ ਹਿੰਦੂ ਦੇਸ਼ ਹੈ ਤੇ ਇਸ ਦੇਸ਼ ਵਿਚ ਰਹਿਣ ਵਾਲੇ ਸਾਰੇ ਹਿੰਦੂ ਹਨ। ਮੋਹਨ ਭਾਗਵਤ ਦਾ ਭਾਰਤ ਹਿੰਦੂ ਦੇਸ਼ ਹੋ ਸਕਦਾ ਹੈ ਪਰ ਇਹ ਕਹਿਣਾ ਨਿਰਾ ਝੂਠ ਤੇ ਫਾਸ਼ੀਵਾਦੀ ਹੈ ਕਿ ਇਥੇ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ। ਦਰਅਸਲ ਬਿਪਰਵਾਦੀਆਂ ਦੀ ਫਾਸ਼ੀਵਾਦੀ ਸੋਚ ਦਾ ਇਹ ਦੰਭ ਹੀ ਹੈ, ਜਿਸ ਨੂੰ ਸਮਝਣ ਵਿਚ ਲੋਕ ਅਕਸਰ ਟਪਲਾ ਖਾ ਜਾਂਦੇ ਹਨ।  ਭਾਰਤ ਦੀ ਇਕ ਹਿੰਦੂ ਰਾਸ਼ਟਰ ਵੱਜੋਂ ਨੀਂਹ 15 ਅਗਸਤ 1947 ਨੂੰ ਹੀ ਰੱਖ ਦਿੱਤੀ ਗਈ ਸੀ, ਜਦੋਂ ਦੋ ਕੌਮਾਂ ਦਾ ਸਿਧਾਂਤ ਮੰਨ ਕੇ ਮੁਸਲਮਾਨਾਂ ਲਈ ਧਰਮ ਦੇ ਅਧਾਰ ਉਤੇ ਇਕ ਵੱਖਰੇ ਦੇਸ਼ ਪਾਕਿਸਤਾਨ ਦੀ ਸਥਾਪਨਾ ਕੀਤੀ ਗਈ ਸੀ। ਇਥੇ ਹੀ ਸਿੱਖ ਕੌਮ ਨਾਲ ਵੱਡੀ ਠੱਗੀ ਵੱਜੀ ਸੀ। ਜਦੋਂ ਮੁਸਲਮਾਨਾਂ ਲਈ ਇਕ ਵੱਖਰਾ ਦੇਸ਼ ਬਣ ਰਿਹਾ ਸੀ ਤਾਂ ਸਿੱਖ ਲੀਡਰਸ਼ਿਪ ਇਹ ਨਾ ਸਮਝ ਸਕੀ ਕਿ ਨਹਿਰੂ-ਗਾਂਧੀ ਤੇ ਪਟੇਲ ਦੇ ਕਥਿਤ ਧਰਮ-ਨਿਰਪੱਖਤਾ ਦੇ ਲਬਾਦੇ ਹੇਠ ਭਾਰਤ ਨਾਂ ਦਾ ਇਕ ਹਿੰਦੂ ਰਾਸ਼ਟਰ ਹੀ ਛੁਪਿਆ ਹੋਇਆ ਹੈ। ਇਹੋ ਸੱਚ ਜਦੋਂ ਅੱਜ ਮੋਹਨ ਭਾਗਵਤ ਰਾਹੀਂ ਸਾਡੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਤਾਂ ਬਹੁਤ ਸਾਰੇ ''ਅਕਲ ਦੇ ਅੰਨ੍ਹੇ” ਮੁੜ ਭਾਰਤੀ ਸੰਵਿਧਾਨ ਦੀ ਉਸ ਪ੍ਰਸਤਾਵਨਾ ਦਾ ਪਾਠ ਸੁਣਾਉਣ ਲੱਗ ਜਾਂਦੇ ਹਨ, ਜੋ ਕਈ ''ਅਕਲ ਦੇ ਅੰਨ੍ਹਿਆਂ” ਨੇ ਉਸ ਵਕਤ ਹਿੰਦੂਤਵ ਦੇ ਉਸ ਦੰਭ ਨੂੰ ਨਾ ਪਹਿਚਾਣਦਿਆਂ ਲਿਖੀ ਸੀ, ਜਿਸ ਨੂੰ ਮੁਸਲਮਾਨਾਂ ਦਾ ਆਗੂ ਮੁਹੰਮਦ ਅਲੀ ਜਿਨਾਹ ਭਲੀਭਾਂਤ ਬੁੱਝ ਗਿਆ ਸੀ। ਉਸ ਭਲੇ ਪੁਰਸ਼ ਨੇ ਤਾਂ ਸਿੱਖਾਂ ਨੂੰ ਵੀ ਸੁਚੇਤ ਕੀਤਾ ਸੀ ਪਰ ਸਿੱਖ ਆਗੂ ਉਸ ਵੇਲੇ ਹਿੰਦੂਤਵੀਆਂ ਦੀ ਚਾਣਕਿਆ ਨੀਤੀ ਨੂੰ ਨਹੀਂ ਸਮਝ ਸਕੇ। ਸੰਨ 1947 ਤੋਂ ਬਾਅਦ ਭਾਰਤੀ ਹਿੰਦੂ ਆਗੂਆਂ ਨੇ ਸਿੱਖਾਂ ਨਾਲ ਸ਼ਰੇਆਮ ਵਿਸਾਹਘਾਤ ਕੀਤਾ ਪਰ ਅਸੀਂ ਅੱਜ ਵੀ ਇਸ ਸੱਚ ਨੂੰ ਮੰਨ ਲੈਣ ਤੋਂ ਇਨਕਾਰੀ ਹੋ ਰਹੇ ਹਾਂ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ ਤੇ ਸਿੱਖ ਇਸ ਦੇਸ਼ ਵਿਚ ਜਾਂ ਤਾਂ ਗੁਲਾਮ ਹਨ ਜਾਂ ਫਿਰ ਮੋਹਨ ਭਾਗਵਤ ਦੇ ਆਖੇ ਮੁਤਾਬਕ ਹਿੰਦੂ ਹੀ ਹਨ। ਭਾਗਵਤ ਦੇ ਆਖੇ ਮੁਤਾਬਿਕ ਇਹ ਨਹੀਂ ਹੋ ਸਕਦਾ ਕਿ ਸਿੱਖ ਭਾਰਤ ਵਿਚ ਰਹਿ ਕੇ ਆਪਣੇ-ਆਪ ਨੂੰ ਇਕ ਵੱਖਰੀ ਅਜ਼ਾਦ ਕੌਮ ਮੰਨੀ ਜਾਣ।  ਇਸੇ ਕਰ ਕੇ ਸੰਵਿਧਾਨ ਦੀ ਧਾਰਾ-25 ਵਿਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦਰਸਾਇਆ ਗਿਆ ਹੈ।

ਗੌਰ ਕਰਨਯੋਗ ਹੈ ਕਿ ਮੋਹਨ ਭਾਗਵਤ ਮਹਿਜ਼ ਹਿੰਦੂਆਂ ਦੀ ਇਕ ਜਥੇਬੰਦੀ ਦਾ ਆਗੂ ਨਹੀਂ ਹੈ, ਸਗੋਂ ਉਹ ਦੇਸ਼ ਦੇ ਕੇਂਦਰ ਵਿਚ ਅਤੇ ਬਹੁਗਿਣਤੀ ਰਾਜਾਂ ਵਿਚ ਸੱਤਾ ਉਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦਾ ਵੀ 'ਸਾਰਾ ਕੁਝ' ਹੈ। ਮੋਹਨ ਭਾਗਵਤ ਨੇ ਸਾਡੇ ਲਈ ਲਕੀਰ ਖਿੱਚ ਦਿੱਤੀ ਹੈ ਕਿ ਤੁਸੀਂ ਜਾਂ ਤਾਂ ਖਾਲਿਸਤਾਨ ਪੱਖੀ ਹੋ ਸਕਦੇ ਹੋ ਜਾਂ ਹਿੰਦੋਸਤਾਨ ਪੱਖੀ, ਵਿਚ ਵਿਚਾਲੇ ਦਾ ਕੋਈ ਤੀਜਾ ਰਾਹ ਨਹੀਂ ਹੈ। ਸ਼ਾਇਦ ਭਾਰਤ ਨੂੰ ਵੱਖ-ਵੱਖ ਧਰਮਾਂ, ਬੋਲੀਆਂ ਤੇ ਸੱਭਿਆਚਾਰਾਂ ਦੇ ਰੂਪ ਵਿਚ ਇਕ ਸੱਚਮੁੱਚ ਦੇ ਸੰਘੀ ਢਾਂਚੇ ਦੇ ਹਮਾਇਤੀ, ਹੁਣ ਵੀ ਮੋਹਨ ਭਾਗਵਤ ਵੱਲੋਂ ਦਿਖਾਏ ਗਏ ਸ਼ੀਸ਼ੇ ਵਿਚੋਂ ਅਸਲੀ ਹਿੰਦੂਤਵੀ ਭਾਰਤ ਦੀ ਤਸਵੀਰ ਨਹੀਂ ਦੇਖ ਸਕਣਗੇ। ਉਨ੍ਹਾਂ ਕੋਲ ਕਿੰਨੇ ਹੀ ਹੋਰ ਤਰਕ-ਵਿਤਰਕ ਹੋ ਸਕਦੇ ਹਨ ਪਰ ਹਕੀਕਤ ਵਿਚ ਭਾਰਤ ਇਕ ਹਿੰਦੂ ਰਾਸ਼ਟਰ ਸੀ ਤੇ ਹੈ ਅਤੇ ਸਿੱਖਾਂ, ਮੁਸਲਮਾਨਾਂ, ਇਸਾਈਆਂ, ਬੋਧੀਆਂ, ਕਸ਼ਮੀਰੀਆਂ ਜਾਂ ਹੋਰ ਵੱਖਰੀ ਕੌਮ ਦਾ ਦਮ ਭਰਦੇ ਲੋਕਾਂ ਕੋਲ ਦੋ ਹੀ ਰਾਹ ਹਨ। ਉਨ੍ਹਾਂ ਰਾਹਵਾਂ ਦੀ ਨਿਸ਼ਾਨਦੇਹੀ ਮੋਹਨ ਭਾਗਵਤ ਨੇ ਬੋਲ ਕੇ ਕੀਤੀ ਹੈ ਪਰ ਇਸ ਦੇਸ਼ ਦਾ ਰਾਜਸੀ ਤੇ ਪ੍ਰਸ਼ਾਸਕੀ ਤੰਤਰ ਹੁਣ ਤਕ ਕਿੰਨੀ ਹੀ ਵਾਰ ਇਨ੍ਹਾਂ ਰਾਹਵਾਂ ਦੀ ਅਮਲੀ ਤੌਰ 'ਤੇ ਤਸਦੀਕ ਕਰ ਚੁੱਕਾ ਹੈ। ਸਿੱਖਾਂ ਨੂੰ ਜੂਨ-1984 ਤੇ ਨਵੰਬਰ-1984 ਦੇ ਘੱਲੂਘਾਰਿਆਂ ਰਹੀਂ ਇਹੋ ਸੁਨੇਹਾ ਦਿੱਤਾ ਗਿਆ ਸੀ ਤੇ ਮੁਸਲਮਾਨਾਂ ਨੂੰ ਗੋਧਰਾ ਤੇ ਮੁਜ਼ੱਫਰਨਗਰ ਵਿਚ ਦੱਸਿਆ ਜਾ ਚੁੱਕਾ ਹੈ। ਬਹੁਤ ਸਾਰੇ ਸਿੱਖ ਹਾਲਾਂ ਵੀ ਕਥਿਤ ਧਰਮ ਨਿਰਪੱਖ ਭਾਰਤੀ ਸੰਵਿਧਾਨ ਦੀ ਗੱਲ ਕਰਦੇ ਹਨ, ਜਿਸ ਦੀਆਂ ਹਮੇਸ਼ਾ ਤੋਂ ਧੱਜੀਆਂ ਉਡਦੀਆਂ ਆ ਰਹੀਆਂ ਹਨ, ਜਿਹੜਾ ਸਿੱਖਾਂ ਦੀ ਵੱਖਰੀ ਹੋਂਦ-ਹਸਤੀ ਨੂੰ ਹੀ ਮੰਨਣ ਤੋਂ ਇਨਕਾਰੀ ਹੈ। ਇਨ੍ਹਾਂ ਲੋਕਾਂ ਨੂੰ ਇਹ ਗੱਲ ਵੀ ਭੋਰਾ ਨਹੀਂ ਪੋਂਹਦੀ ਕਿ ਇਸ ਸੰਵਿਧਾਨ ਦੇ ਸਿੱਖ-ਵਿਰੋਧੀ ਸਰੂਪ ਕਰਕੇ ਹੀ ਸਿੱਖ ਨੁਮਾਇੰਦਿਆਂ ਨੇ ਇਸ 'ਤੇ ਦਸਤਖਤ ਤਕ ਨਹੀਂ ਸੀ ਕੀਤੇ। 

ਮੋਹਨ ਭਾਗਵਤ ਦੇ ਸੱਜਰੇ ਬਿਆਨ ਸਾਹਮਣੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਉਹ ਬਿਆਨ ਰੱਖ ਕੇ ਦੇਖੋ ਤੇ ਪਰਖੋ ਕਿ ਕੀ ਅਰਥ ਨਿਕਲਦੇ ਹਨ, ਜਿਸ ਵਿਚ ਸੰਤ ਜੀ ਭਾਰਤ ਨਾਲ ਰਹਿਣ ਦੀ ਸ਼ਰਤ ਵੱਜੋਂ ਆਖਦੇ ਹਨ ਕਿ ''ਹਾਂ ਅਸੀਂ ਸਿੱਖ ਭਾਰਤ ਨਾਲ ਰਹਿਣਾ ਚਾਹੁੰਦੇ ਹਾਂ ਪਰ ਦੋ ਨੰਬਰ ਦੇ ਸ਼ਹਿਰੀ ਬਣ ਕੇ ਨਹੀਂ, ਬਰਾਬਰ ਦੇ ਹੱਕਦਾਰ ਬਣ ਕੇ ਰਹਿਣਾ ਚਾਹੁੰਦੇ ਹਾਂ। ਇਹ ਹੁਣ ਹਿੰਦੂਆਂ ਨੇ ਸੋਚਣਾ ਹੈ ਕਿ ਸਿੱਖਾਂ ਨੂੰ ਨਾਲ ਰੱਖਣਾ ਹੈ ਕਿ ਨਹੀਂ?” ਸੰਘ ਮੁਖੀ ਦੇ ਹੁਣ ਦੇ ਬਿਆਨ ਅਤੇ ਸੰਘੀ ਵਿਚਾਰਧਾਰਾ ਮੁਤਾਬਿਕ ਹਿੰਦੂਆਂ ਨੇ ਇਹ ਸੋਚ ਲਿਆ ਹੈ ਕਿ ਉਹ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਚੁੱਕੇ ਹਨ ਤੇ ਬਾਕੀ ਬਚਦਾ ਸਾਰਾ ਦੇਸ਼ ਇਕ ਹਿੰਦੂ ਰਾਸ਼ਟਰ ਹੈ। ਹਿੰਦੂਤਵੀਆਂ ਦੀ ਇਸ ਮਨਸ਼ਾ ਨੂੰ ਸਿੱਖ ਕੌਮ ਨੂੰ ਦੂਰ-ਦ੍ਰਿਸ਼ਟੀ ਨਾਲ ਵੇਖਣਾ ਤੇ ਸਮਝਣਾ ਪਵੇਗਾ। ਹਿੰਦੂ ਰਾਸ਼ਟਰ ਵਿਚ ਰਹਿਣ ਦੀ ਸ਼ਰਤ ਹਿੰਦੂ ਹੋਣਾ ਹੈ। ਹੁਣ ਸਿੱਖਾਂ ਨੇ ਸੋਚਣਾ ਹੈ ਕਿ ਜੇ ਉਹ ਹਿੰਦੂ ਨਹੀਂ ਹਨ, ਤਾਂ ਉਨ੍ਹਾਂ ਦਾ ਦੇਸ਼ ਕਿਹੜਾ ਹੈ?  

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।